ਪੁਣੇ (ਏਝੰਸੀ) : ਜਦ ਸ੍ਰੀਲੰਕਾ ਖ਼ਿਲਾਫ਼ ਤੀਜਾ ਤੇ ਆਖ਼ਰੀ ਟੀ-20 ਮੁਕਾਬਲਾ ਖੇਡਣ ਭਾਰਤੀ ਟੀਮ ਇਥੇ ਸ਼ੁੱਕਰਵਾਰ ਨੂੰ ਉਤਰੇਗੀ ਤਾਂ ਉਨ੍ਹਾਂ ਦੇ ਸਾਹਮਣੇ ਆਖਰੀ ਟੀਮ ਦੀ ਚੋਣ ਕਰਨਾ ਵੱਡੀ ਸਮੱਸਿਆ ਹੋਵੇਗੀ। ਟੀਮ ਦੇ ਸਾਹਮਣੇ ਇਹ ਪਰੇਸ਼ਾਨੀ ਹੋਵੇਗੀ ਕਿ ਉਹ ਜਿੱਤ ਹਾਸਲ ਕਰਨ ਵਾਲੇ ਖਿਡਾਰੀਆਂ ਦੇ ਨਾਲ ਬਰਕਰਾਰ ਰਹੇ ਜਾਂ ਫਿਰ ਸੰਜੂ ਸੈਮਸਨ ਤੇ ਮਨੀਸ਼ ਪਾਂਡੇ ਨੂੰ ਕ੍ਰੀਜ਼ 'ਤੇ ਜ਼ਰੂਰੀ ਸਮਾਂ ਮੁਹੱਈਆ ਕਰਵਾਏ। ਇੰਦੌਰ ਵਿਚ ਤਜਰਬਾ ਰਹਿਤ ਸ੍ਰੀਲੰਕਾ ਟੀਮ ਕਿਤੇ ਵੀ ਭਾਰਤ ਨੂੰ ਟੱਕਰ ਦਿੰਦੀ ਨਹੀਂ ਦਿਸੀ ਅਤੇ ਇਸ ਨੂੰ ਦੇਖਦੇ ਹੋਏ ਲੜੀ ਦੇ ਆਖਰੀ ਮੈਚ ਵਿਚ ਪਾਂਡੇ ਤੇ ਸੈਮਸਨ ਨੂੰ ਟੀਮ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।

ਬੈਂਚ 'ਤੇ ਬੈਠੇ ਹਨ ਕਈ ਖਿਡਾਰੀ

ਪਾਂਡੇ ਨੇ ਮੌਜੂਦਾ ਲੜੀ ਸਣੇ ਪਿਛਲੀਆਂ ਤਿੰਨ ਲੜੀਆਂ ਵਿਚ ਸਿਰਫ਼ ਇਕ ਮੈਚ ਖੇਡਿਆ ਹੈ। ਉਥੇ ਨਵੰਬਰ ਵਿਚ ਬੰਗਲਾਦੇਸ਼ ਲੜੀ ਵਿਚ ਵਾਪਸੀ ਕਰਨ ਵਾਲੇ ਸੈਮਸਨ ਨੂੰ ਅਜੇ ਤਕ ਇਕ ਵੀ ਮੈਚ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਭਾਰਤ ਪ੍ਰਯੋਗ ਕਰਦਾ ਆ ਰਿਹਾ ਹੈ ਪਰ ਇਨ੍ਹਾਂ ਖਿਡਾਰੀਆਂ ਦੀ ਪ੍ਰਰੀਖਿਆ ਲੈਣਾ ਬਾਕੀ ਹੈ। ਉਥੇ ਦੂਜੇ ਪਾਸੇ ਸੀਨੀਅਰ ਖਿਡਾਰੀਆਂ ਦੀ ਗ਼ੈਰ ਮੌਜੂਦਗੀ ਵਿਚ ਸ਼ਾਰਦੁਲ ਠਾਕੁਰ ਤੇ ਨਵਦੀਪ ਸੈਣੀ ਲਈ ਪ੍ਰਭਾਵ ਛੱਡਣ ਦਾ ਮੌਕਾ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੇ ਪਿਛਲੇ ਮੈਚ ਵਿਚ ਮਿਲ ਕੇ ਪੰਜ ਵਿਕਟਾਂ ਝਟਕ ਕੇ ਪ੍ਰਭਾਵਿਤ ਵੀ ਕੀਤਾ ਸੀ।

ਅਜੇ ਤਕ ਤੈਅ ਨਹੀਂ ਆਖਰੀ ਟੀਮ

ਵਾਸ਼ਿੰਗਟਨ ਸੁੰਦਰ ਤੇ ਜ਼ਖਮੀ ਹਾਰਦਿਕ ਪਾਂਡੇ ਦੀ ਥਾਂ ਉਤਾਰੇ ਗਏ ਸ਼ਿਵਮ ਦੂਬੇ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਕਾਫੀ ਮੌਕੇ ਮਿਲੇ। ਇੰਦੌਰ ਵਿਚ ਜਿੱਤ ਹਾਸਲ ਕਰਨ ਮਗਰੋਂ ਕਪਤਾਨ ਵਿਰਾਟ ਕੋਹਲੀ ਨੇ ਦੱਸਿਆ ਕਿ ਟੀਮ ਹਰ ਮੈਚ ਦੇ ਨਾਲ ਬਿਹਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਅਜਿਹਾ ਵੀ ਸੰਕੇਤ ਦਿੱਤਾ ਕਿ ਪ੍ਰਸਿੱਧ ਕ੍ਰਿਸ਼ਨਾ ਆਸਟ੍ਰੇਲੀਆ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ 'ਸਰਪ੍ਰਰਾਈਜ਼ ਪੈਕੇਜ' ਹੋ ਸਕਦਾ ਹੈ। ਸੈਮਸਨ ਤੇ ਪਾਂਡੇ ਬੈਂਚ 'ਤੇ ਰਹਿਣ ਨਾਲ ਥੋੜ੍ਹੇ ਨਿਰਾਸ਼ ਹੋਣਗੇ ਪਰ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ।

ਰਾਹੁਲ ਫਿਰ ਕਰਨ ਦੌੜਾਂ ਦੀ ਬਰਸਾਤ

ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਟੀਮ ਪ੍ਰਬੰਧਨ ਲੜੀ ਜਿੱਤਣ ਦੇ ਇਰਾਦੇ ਨਾਲ ਹੀ ਆਖਰੀ ਟੀਮ ਦੀ ਚੋਣ ਕਰੇਗਾ। ਧਿਆਨ ਸ਼ਿਖਰ ਧਵਨ 'ਤੇ ਵੀ ਲੱਗਿਆ ਹੋਵੇਗਾ ਜੋ ਲੋਕੇਸ਼ ਰਾਹੁਲ ਦੇ ਨਾਲ ਦੂਜੇ ਸਲਾਮੀ ਬੱਲੇਬਾਜ਼ੀ ਦੇ ਸਥਾਨ ਦੀ ਦੌੜ ਵਿਚ ਹਨ। ਹਾਲਾਂਕਿ ਇਸ ਸਮੇਂ ਰਾਹੁਲ ਆਸਟ੍ਰੇਲੀਆ ਤੇ ਰੋਹਿਤ ਸ਼ਰਮਾ ਦੇ ਜੋੜੀਦਾਰ ਦੀ ਦੌੜ ਵਿਚ ਉਨ੍ਹਾਂ ਤੋਂ ਅੱਗੇ ਦਿਸਦੇ ਹਨ। ਜਸਪ੍ਰਰੀਤ ਬੁਮਰਾਹ ਮੰਗਲਵਾਰ ਨੂੰ ਵਾਪਸੀ ਮੈਚ ਵਿਚ ਚੰਗਾ ਨਹੀਂ ਕਰ ਸਕੇ ਪਰ ਉਹ ਆਖਰੀ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁਣਗੇ।

ਚਾਹਲ ਅਤੇ ਜਡੇਜਾ 'ਤੇ ਵੀ ਭੰਬਲਭੂਸਾ

ਪਾਂਡਿਆ ਦਾ ਐਕਸ਼ਨ ਵਿਚ ਵਾਪਸੀ ਮਗਰੋਂ ਜੇ ਦੂਬੇ ਨੂੰ ਟੀਮ ਵਿਚ ਆਪਣਾ ਸਥਾਨ ਕਾਇਮ ਰੱਖਣਾ ਹੈ ਤਾਂ ਬੱਲੇਬਾਜ਼ੀ ਦਾ ਮੌਕਾ ਮਿਲਣ 'ਤੇ ਉਨ੍ਹਾਂ ਨੂੰ ਬਿਹਤਰੀਨ ਪ੍ਰਦਰਸ਼ਨ ਕਰਨਾ ਹੋਵੇਗਾ। ਇੰਦੌਰ ਵਿਚ ਠਾਕੁਰ ਤੇ ਸੈਣੀ ਨੇ ਪ੍ਰਭਾਵਿਤ ਕੀਤਾ। ਠਾਕੁਰ ਡੈਥ ਓਵਰਾਂ ਵਿਚ ਚੰਗੇ ਸਨ ਤਾਂ ਸੈਣੀ ਨੇ ਆਪਣੀ ਰਫਤਾਰ ਤੇ ਉਛਾਲ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ। ਸ੍ਰੀਲੰਕਾਈ ਟੀਮ ਵਿਚ ਕਾਫੀ ਖੱਬੇ ਹੱਥ ਦੇ ਬੱਲੇਬਾਜ਼ ਹਨ ਤਾਂ ਸਪਿਨਰ ਕੁਲਦੀਪ ਯਾਦਵ ਤੇ ਵਾਸ਼ਿੰਗਟਨ ਦੇ ਟੀਮ ਵਿਚ ਆਪਣਾ ਸਥਾਨ ਬਰਕਰਾਰ ਰੱਖਣ ਦੀ ਉਮੀਦ ਹੈ, ਜਿਸ ਦਾ ਮਤਲਬ ਹੈ ਕਿ ਰਵਿੰਦਰ ਜਡੇਜਾ ਤੇ ਯੁਜਵਿੰਦਰਾ ਸਿੰਘ ਚਾਹਲ ਨੂੰ ਬਾਹਰ ਬੈਠਣਾ ਹੋਵੇਗਾ।

ਸ੍ਰੀਲੰਕਾ ਨੂੰ ਸੁਧਾਰ ਦੀ ਲੋੜ

ਸ੍ਰੀਲੰਕਾਈ ਟੀਮ ਨੂੰ ਜੇ ਘਰੇਲੂ ਟੀਮ ਨੂੰ ਪਰੇਸ਼ਾਨੀ ਵਿਚ ਪਾਉਣਾ ਹੈ ਤਾਂ ਉਨ੍ਹਾਂ ਨੂੰ ਕਾਫੀ ਕੰਮ ਕਰਨਾ ਹੋਵੇਗਾ। ਬੱਲੇਬਾਜ਼ਾਂ ਨੂੰ ਚੰਗੀ ਸ਼ੁਰੂਆਤ ਹਾਸਲ ਕਰਨ ਮਗਰੋਂ ਲੰਬੀ ਪਾਰੀ ਖੇਡਣੀ ਹੋਵੇਗੀ ਜੋ ਦੂਜੇ ਟੀ-20 ਵਿਚ ਅਜਿਹਾ ਨਹੀਂ ਕਰ ਸਕੇ। ਆਲਰਾਊਂਡਰ ਇਸਰੂ ਉਦਾਨਾ ਦਾ ਜ਼ਖ਼ਮੀ ਹੋਣਾ ਵੀ ਟੀਮ ਲਈ ਕਰਾਰ ਝਟਕਾ ਹੈ ਜੋ ਇੰਦੌਰ ਵਿਚ ਅਭਿਆਸ ਦੌਰਾਨ ਜ਼ਖ਼ਮੀ ਹੋ ਗਏ ਸਨ। ਇਸ ਨਾਲ ਉਨ੍ਹਾਂ ਦੇ ਮੁੱਖ ਗੇਂਦਬਾਜ਼ ਨੇ ਇੰਦੌਰ ਵਿਚ ਗੇਂਦਬਾਜ਼ੀ ਨਹੀਂ ਕੀਤੀ। ਸ੍ਰੀਲੰਕਾਈ ਟੀਮ ਬੱਲੇਬਾਜ਼ੀ ਵਿਭਾਗ ਵਿਚ ਤਜਰਬੇ ਦਾ ਫ਼ਾਇਦਾ ਚੁੱਕ ਸਕਦੀ ਹੈ। 16 ਮਹੀਨੇ ਬਾਅਦ ਟੀ-20 ਵਿਚ ਵਾਪਸੀ ਕਰਨ ਵਾਲੇ ਐਂਜਲੋ ਮੈਥਿਊਜ਼ ਨੂੰ ਲਗਾਤਾਰ ਦੋ ਮੈਚਾਂ ਵਿਚ ਨਹੀਂ ਚੁਣਿਆ ਗਿਆ ਪਰ ਉਹ ਸ਼ੁੱਕਰਵਾਰ ਨੂੰ ਆਖਰੀ ਟੀਮ ਵਿਚ ਸ਼ਾਮਲ ਹੋ ਸਕਦੇ ਹਨ। ਉਥੇ ਟੀਮ ਲਈ ਅਵਿਸ਼ਕਾ ਫਰਨਾਡੋ ਤੇ ਕੁਸ਼ਲ ਪਰੇਰਾ ਵੀ ਚੰਗਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਵੱਡੀ ਪਾਰੀ ਖੇਡਣੀ ਹੋਵੇਗੀ।

ਦੋਵੇਂ ਟੀਮਾਂ

ਭਾਰਤ : ਵਿਰਾਟ ਕੋਹਲੀ (ਕਪਤਾਨ), ਜਸਪ੍ਰੀਤ ਬੁਮਰਾਹ, ਯੁਜਵਿੰਦਰਾ ਸਿੰਘ ਚਾਹਲ, ਸ਼ਿਖਰ ਧਵਨ, ਸ਼ਿਵਮ ਦੂਬੇ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ।

ਸ੍ਰੀਲੰਕਾ : ਲਸਿਤ ਮਲਿੰਗਾ (ਕਪਤਾਨ), ਧਨੰਜੇ ਡਿਸਿਲਵਾ, ਵਨਿਦੂ ਹਸਰੰਗਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਓਸ਼ਾਦਾ ਫਰਨਾਡੋ, ਅਵਿਸ਼ਕਾ ਫਰਨਾਡੋ, ਦਨੁਸ਼ਕਾ ਗੁਣਾਤਿਲਕਾ, ਲਾਹਿਰੂ ਕੁਮਾਰਾ, ਐਂਜਲੋ ਮੈਥਿਊਜ਼, ਕੁਸ਼ਲ ਮੈਂਡਿਸ, ਕੁਸ਼ਲ ਪਰੇਰਾ, ਭਾਨੁਕਾ ਰਾਜਪਕਸ਼ੇ, ਕਾਸੁਨ ਰਜਿਤਾ, ਲਛਮਣ ਸੰਦਾਕਨ, ਦਾਸੁਨ ਸ਼ਨਾਕਾ, ਇਸਰੂ ਉਦਾਨਾ।

Posted By: Rajnish Kaur