ਸਿਲਹਟ (ਪੀਟੀਆਈ) : ਪਿਛਲੇ ਮੈਚਾਂ ’ਚ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਦੇ ਬਾਵਜੂਦ ਆਸਾਨ ਜਿੱਤ ਦਰਜ ਕਰਨ ਵਾਲਾ ਭਾਰਤ ਮਹਿਲਾ ਏਸ਼ੀਆ ਕੱਪ ਟੀ-20 ਟੂਰਨਾਮੈਂਟ ਵਿਚ ਸ਼ੁੱਕਰਵਾਰ ਨੂੰ ਇੱਥੇ ਪਾਕਿਸਤਾਨ ਖ਼ਿਲਾਫ਼ ਮੈਚ ਵਿਚ ਜੇਤੂ ਮੁਹਿੰਮ ਜਾਰੀ ਰੱਖਣ ਲਈ ਮਜ਼ਬੂਤ ਟੀਮ ਦੇ ਨਾਲ ਉਤਰੇਗਾ।

ਭਾਰਤੀ ਟੀਮ ਨੇ ਪਿਛਲੇ ਦੋ ਮੈਚਾਂ ਵਿਚ ਕੁੱਲ ਮਿਲਾ ਕੇ ਅੱਠ ਤਬਦੀਲੀਆਂ ਕੀਤੀਆਂ ਤੇ ਆਪਣੇ ਦੂਜੀ ਕਤਾਰ ਦੇ ਖਿਡਾਰੀਆਂ ਨੂੰ ਮੌਕੇ ਦਿੱਤੇ ਪਰ ਖ਼ਿਤਾਬ ਦਾ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਪਾਕਿਸਤਾਨ ਖ਼ਿਲਾਫ਼ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਸੰਭਵ ਤੌਰ ’ਤੇ ਆਪਣੇ ਮੁੱਖ ਖਿਡਾਰੀਆਂ ਨਾਲ ਉਤਰੇਗੀ। ਸ੍ਰੀਲੰਕਾ ਖ਼ਿਲਾਫ਼ ਮੈਚ ਤੋਂ ਬਾਅਦ ਭਾਰਤ ਨੇ ਸ਼ੇਫਾਲੀ ਵਰਮਾ ਤੇ ਸਮਿ੍ਰਤੀ ਮੰਧਾਨਾ ਦੀ ਸਲਾਮੀ ਜੋੜੀ ਨੂੰ ਪਿਛਲੇ ਇਕ-ਇਕ ਮੈਚ ਵਿਚ ਆਰਾਮ ਦਿੱਤਾ ਸੀ ਪਾਕਿਸਤਾਨ ਖ਼ਿਲਾਫ਼ ਮਜ਼ਬੂਤ ਸ਼ੁਰੂਆਤ ਲਈ ਇਨ੍ਹਾਂ ਦੋਵਾਂ ਦਾ ਮੁੜ ਤੋਂ ਇਕੱਠੇ ਉਤਰਨਾ ਤੈਅ ਮੰਨਿਆ ਜਾ ਰਿਹਾ ਹੈ। ਲੰਬੇ ਸ਼ਾਟ ਖੇਡਣ ਵਾਲੀ ਸ਼ੇਫਾਲੀ ’ਤੇ ਦਬਾਅ ਹੋਵੇਗਾ ਕਿਉਂਕਿ ਉਨ੍ਹਾਂ ਦਾ ਆਤਮਵਿਸ਼ਵਾਸ ਡਿੱਗਿਆ ਹੋਇਆ ਲਗਦਾ ਹੈ। ਉਨ੍ਹਾਂ ਨੇ ਮਲੇਸ਼ੀਆ ਖ਼ਿਲਾਫ਼ ਕ੍ਰੀਜ਼ ’ਤੇ ਕੁਝ ਸਮਾਂ ਬਿਤਾਇਆ ਪਰ ਉਹ ਕਿਸੇ ਵੀ ਸਮੇਂ ਆਪਣੇ ਕੁਦਰਤੀ ਅੰਦਾਜ਼ ਵਿਚ ਖੇਡਦੇ ਹੋਏ ਨਹੀਂ ਨਜ਼ਰ ਆਈ। ਹੁਣ ਜਦ ਮਹਿਲਾ ਟੀ-20 ਵਿਸ਼ਵ ਕੱਪ ਵਿਚ ਜ਼ਿਆਦਾ ਦਿਨ ਨਹੀਂ ਬਚੇ ਹਨ ਤਦ ਇਹ ਨੌਜਵਾਨ ਬੱਲੇਬਾਜ਼ ਆਪਣੀ ਕੁਦਰਤੀ ਖੇਡ ਖੇਡਣਾ ਚਾਹੇਗੀ। ਮੰਧਾਨਾ ਤੇ ਕਪਤਾਨ ਹਰਮਨਪ੍ਰੀਤ ਇੰਗਲੈਂਡ ਖ਼ਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇੱਥੇ ਪੁੱਜੀਆਂ ਹਨ।

Posted By: Gurinder Singh