ਰਾਜਕੋਟ (ਏਜੰਸੀ) : ਮੁੰਬਈ ਵਿਚ ਖੇਡੇ ਗਏ ਪਹਿਲਾਂ ਇਕ ਰੋਜ਼ਾ ਮੈਚ ਵਿਚ 10 ਵਿਕਟਾਂ ਨਾਲ ਮਿਲੀ ਸ਼ਰਮਸ਼ਾਰ ਕਰਨ ਵਾਲੀ ਹਾਰ ਮਗਰੋਂ ਟੀਮ ਲਈ ਚੁਣੌਤੀਆਂ ਵਧ ਗਈਆਂ ਹਨ। ਆਸਟ੍ਰੇਲੀਆ ਨੇ ਵਾਨਖੇੜੇ ਸਟੇਡੀਅਮ ਵਿਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਸੀ, ਉਸ ਨੇ ਇਕ ਤਰ੍ਹਾਂ ਨਾਲ ਮੇਜ਼ਬਾਨ ਟੀਮ ਦੀਆਂ ਕਈ ਕਮੀਆਂ ਨੂੰ ਉਜਾਗਰ ਕੀਤਾ ਸੀ ਤੇ ਹੁਣ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਇਕ ਰੋਜ਼ਾ ਮੈਚ ਵਿਚ ਚੁਣੌਤੀਪੂਰਨ ਵਾਪਸੀ ਕਰਨ ਦੀ ਕੋਸ਼ਿਸ਼ ਵਿਚ ਹੋਵੇਗੀ। ਪਹਿਲੇ ਮੈਚ ਤੋਂ ਬਾਅਦ ਕੋਹਲੀ ਨੇ ਵੀ ਮੰਨਿਆ ਸੀ ਕਿ ਇਹ ਆਸਟ੍ਰੇਲੀਆਈ ਟੀਮ ਬੇਹੱਦ ਮਜ਼ਬੂਤ ਹੈ ਅਤੇ ਇਸ ਖ਼ਿਲਾਫ਼ ਵਾਪਸੀ ਕਰਨਾ ਕਾਫੀ ਚੁਣੌਤੀ ਵਾਲਾ ਹੋਵੇਗਾ। ਸੌਰਾਸ਼ਟਰ ਕ੍ਰਿਕਟ ਕੌਂਸਲ ਸਟੇਡੀਅਮ ਵਿਚ ਭਾਰਤੀ ਟੀਮ ਇਸ ਚੁਣੌਤੀ ਨੂੰ ਕਿਸ ਤਰ੍ਹਾਂ ਪਾਰ ਕਰਦੀ ਹੈ, ਇਹ ਦੇਖਣਾ ਬੇਹੱਦ ਦਿਲਚਸਪ ਹੋਣ ਵਾਲਾ ਹੈ।


ਮੁਸ਼ਕਲ ਹੋਈਆਂ ਚੁਣੌਤੀਆਂ


ਵਾਨਖੇੜੇ ਸਟੇਡੀਅਮ ਵਿਚ ਹੋਏ ਪਹਿਲੇ ਇਕ ਰੋਜ਼ਾ ਮੈਚ ਵਿਚ ਆਸਟ੍ਰੇਲੀਆ ਨੇ ਨਾ ਤਾਂ ਭਾਰਤ ਨੂੰ ਵੱਡਾ ਸਕੋਰ ਖੜ੍ਹਾ ਕਰਨ ਦਿੱਤਾ ਅਤੇ ਨਾ ਹੀ ਇਕ ਵੀ ਵਿਕਟ ਲੈਣ ਦਿੱਤੀ। ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਵਰਗੇ ਗੇਂਦਬਾਜ਼ਾਂ ਦੇ ਰਹਿੰਦੇ ਡੇਵਿਡ ਵਾਰਨਰ ਤੇ ਆਰੋਨ ਫਿੰਚ ਦੀ ਸਲਾਮੀ ਜੋੜੀ ਆਸਾਨੀ ਨਾਲ ਦੌੜਾਂ ਬਣਾਉਂਦੀ ਰਹੀ ਤੇ ਭਾਰਤੀ ਗੇਂਦਬਾਜ਼ਾਂ ਨੂੰ ਵਿਕਟ ਲੈਣ ਲਈ ਤਰਸਾਉਂਦੀ ਰਹੀ।


ਨੰਬਰ ਤਿੰਨ 'ਤੇ ਖੇਡਣਗੇ ਕੋਹਲੀ


ਰਾਜਕੋਟ ਵਿਚ ਕੋਹਲੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬੱਲੇਬਾਜ਼ੀ ਕ੍ਰਮ ਹੈ। ਸਹੀ ਮਾਅਨਿਆਂ ਵਿਚ ਦੇਖਿਆ ਜਾਵੇ ਤਾਂ ਇਹ ਨਵੀਂ ਪਰੇਸ਼ਾਨੀ ਨਹੀਂ ਹੈ ਵਿਸ਼ਵ ਕੱਪ ਦੇ ਪਹਿਲਾਂ ਹੀ ਭਾਰਤ ਦੇ ਮੱਧਕ੍ਰਮ ਤੇ ਹੇਠਲੇ ਕ੍ਰਮ ਦੀ ਪੋਲ ਕਈ ਵਾਰ ਖੁੱਲ੍ਹਦੀ ਰਹੀ ਹੈ। ਮੁੰਬਈ ਇਕ ਰੋਜ਼ਾ ਵਿਚ ਉਸ ਗਿਣਤੀ ਵਿਚ ਵਾਧਾ ਸੀ, ਜਿਸ ਨੇ ਦੱਸ ਦਿੱਤਾ ਸੀ ਕਿ ਭਾਰਤੀ ਮੱਧ ਕ੍ਰਮ ਤੇ ਹੇਠਲੇ ਕ੍ਰਮ ਵਿਚ ਟਾਪ ਗੇਂਦਬਾਜ਼ਾਂ ਨਾਲ ਨਜਿੱਠਣ ਦਾ ਦਮ ਅਜੇ ਤਕ ਨਹੀਂ ਆਇਆ ਹੈ। ਇਸ ਤੋਂ ਇਲਾਵਾ ਟਾਪ ਕ੍ਰਮ ਵਿਚ ਬੱਲੇਬਾਜ਼ਾਂ ਦੇ ਸਥਾਨ ਨੂੰ ਲੈ ਕੇ ਵੀ ਸਰਦਰਦੀ ਹੋਣੀ ਹੈ। ਰੋਹਿਤ ਸ਼ਰਮਾ, ਸ਼ਿਖਰ ਧਵਨ ਤੇ ਲੋਕੇਸ਼ ਰਾਹੁਲ ਦੇ ਰੂਪ ਵਿਚ ਤਿੰਨ ਸਲਾਮੀ ਬੱਲੇਬਾਜ਼ਾਂ ਦੇ ਰਹਿੰਦੇ ਹੋਏ ਕੌਣ ਕਿਥੇ ਖੇਡੇਗਾ ਇਹ ਸਿਰਦਰਦ ਬਣਿਆ ਹੈ। ਮੁੰਬਈ ਵਿਚ ਰੋਹਿਤ ਤੇ ਧਵਨ ਨੇ ਓਪਨਿੰਗ ਕੀਤੀ ਸੀ ਤਾਂ ਰਾਹੁਲ ਨੰਬਰ-3 ਖੇਡੇ ਸਨ। ਕੋਹਲੀ ਨੂੰ ਇਸ ਕਾਰਨ ਚੌਥੇ ਨੰਬਰ 'ਤੇ ਆਉਣਾ ਸੀ। ਕੋਹਲੀ ਦੇ ਇਸ ਨੰਬਰ 'ਤੇ ਆਉਣ ਦੀਆਂ ਕਈ ਸਾਬਕਾ ਖਿਡਾਰੀਆਂ ਨੇ ਅਲੋਚਨਾ ਕੀਤੀ ਸੀ ਅਤੇ ਇਹ ਤਕ ਕਿਹਾ ਸੀ ਕਿ ਕੋਹਲੀ ਨੰਬਰ-3 'ਤੇ ਹੀ ਖੇਡਣਾ ਚਾਹੀਦਾ। ਰਾਜਕੋਟ ਵਿਚ ਬਹੁਤ ਮੁਮਕਿਨ ਹੈ ਕਿ ਕੋਹਲੀ ਆਪਣੇ ਪੁਰਾਣੇ ਸਥਾਨ 'ਤੇ ਖੇਡਣ। ਹੁਣ ਦੇਖਣਾ ਇਹ ਹੈ ਕਿ ਸਲਾਮੀ ਬੱਲੇਬਾਜ਼ੀ ਕੌਣ ਕਰਦਾ ਹੈ।


ਰਾਹੁਲ ਖੇਡਣਗੇ ਨੰਬਰ 4 'ਤੇ


ਸੰਭਾਵਨਾ ਹੈ ਕਿ ਰੋਹਿਤ ਤੇ ਧਵਨ ਸਲਾਮੀ ਜੋੜੀ ਦੇ ਰੂਪ ਵਿਚ ਰਹਿਣਗੇ ਤੇ ਰਾਹੁਲ ਨੰਬਰ 4 'ਤੇ ਖੇਡਣ। ਰਾਹੁਲ ਦਾ ਖੇਡਣਾ ਤੈਅ ਇਸ ਦਾ ਇਕ ਕਾਰਨ ਇਹ ਹੈ ਕਿ ਉਨ੍ਹਾਂ ਨੇ ਦੂਜੇ ਮੈਚ ਵਿਚ ਬਤੌਰ ਵਿਕਟਕੀਪਰ ਦੇ ਤੌਰ 'ਤੇ ਖਿਡਾਇਆ ਜਾਵੇਗਾ ਕਿਉਂਕਿ ਰਿਸ਼ਭ ਪੰਤ ਸੱਟ ਕਾਰਨ ਦੂਜੇ ਮੈਚ ਵਿਚ ਨਹੀਂ ਖੇਡਣਗੇ। ਪਹਿਲੇ ਮੈਚ ਵਿਚ ਉਨ੍ਹਾਂ ਨੂੰ ਸਿਰ 'ਚ ਸੱਟ ਲੱਗੀ ਸੀ ਤੇ ਇਸੇ ਕਾਰਨ ਉਹ ਪਹਿਲੇ ਮੈਚ ਵਿਚ ਫੀਲਡਿੰਗ ਕਰਨ ਨਹੀਂ ਉਤਰੇ ਸਨ। ਵਾਨਖੇੜੇ ਵਿਚ ਵੀ ਰਾਹੁਲ ਨੇ ਵਿਕਟਕੀਪਿੰਗ ਕੀਤੀ ਸੀ।


ਪੰਤ ਦੀ ਥਾਂ ਕੌਣ


ਹੁਣ ਦੇਖਣਾ ਹੋਵੇਗਾ ਕਿ ਪੰਤ ਦੇ ਸਥਾਨ 'ਤੇ ਟੀਮ ਵਿਚ ਕੌਣ ਆਉਂਦਾ ਹੈ। ਕੋਹਲੀ ਕਿਸ ਬੱਲੇਬਾਜ਼ ਨੂੰ ਆਖਰੀ-11 ਵਿਚ ਲਿਆਂਦੇ ਹਨ ਜਾਂ ਹਰਫਨਮੌਲਾ ਸ਼ਿਵਮ ਦੂਬੇ ਨੂੰ ਮੌਕਾ ਦਿੰਦੇ ਹਨ। ਕੋਹਲੀ ਜੇ ਦੂਬੇ ਨੂੰ ਮੌਕਾ ਦੇਣ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਗੇਂਦਬਾਜ਼ੀ ਵਿਚ ਵੀ ਬਦਲ ਮਿਲੇਗਾ। ਕੁਲ ਮਿਲਾ ਕੇ ਦੂਜੇ ਮੈਚ ਤੋਂ ਪਹਿਲਾਂ ਟੀਮ ਪ੍ਰਬੰਧਨ ਦੇ ਸਾਹਮਣੇ ਬੱਲੇਬਾਜ਼ੀ ਕ੍ਰਮ ਨੂੰ ਠੀਕ ਕਰਨਾ ਵੀ ਚੁਣੌਤੀ ਹੈ।


ਗੇਂਦਬਾਜ਼ੀ ਖੇਮੇ 'ਚ ਵੀ ਹੋ ਸਕਦੇ ਹਨ ਬਦਲਾਅ


ਇਹੀ ਹਾਲ ਗੇਂਦਬਾਜ਼ੀ ਦਾ ਵੀ ਹੈ। ਬੁਮਰਾਹ ਤੇ ਸ਼ੰਮੀ ਪਹਿਲੇ ਇਕ ਰੋਜ਼ਾ ਮੈਚ ਵਿਚ ਬੇਅਸਰ ਰਹੇ ਸਨ ਪਰ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਇਹ ਦੋਵੇਂ ਪ੍ਰਭਾਵ ਨਾ ਛੱਡ ਸਕਣ। ਹਾਂ ਸਪਿਨ ਵਿਭਾਗ ਵਿਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਯੁਜਵਿੰਦਰਾ ਸਿੰਘ ਚਾਹਲ ਦੇ ਆਖਰੀ 11 ਵਿਚ ਆਉਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।


ਆਸਟ੍ਰੇਲੀਆ ਤੋਂ ਬਚ ਕੇ ਰਹਿਣਾ


ਆਸਟ੍ਰੇਲੀਆ ਪਹਿਲੇ ਮੈਚ ਵਿਚ ਮਿਲੀ ਜਿੱਤ ਮਗਰੋਂ ਆਤਮਵਿਸ਼ਵਾਸ ਨਾਲ ਭਰਿਆ ਹੋਵੇਗਾ ਪਰ ਉਹ ਜਾਣਦੀ ਹੈ ਕਿ ਭਾਰਤ ਜ਼ਖ਼ਮੀ ਸ਼ੇਰ ਹੈ ਜੋ ਵਾਪਸੀ ਨੂੰ ਬੇਤਾਬ ਹੈ। ਆਸਟ੍ਰੇਲੀਆਈ ਲਿਹਾਜ ਤੋਂ ਉਸ ਦੀ ਗੇਂਦਬਾਜ਼ੀ ਸਹੀ ਜਾ ਰਹੀ ਹੈ। ਪਹਿਲੇ ਮੈਚ ਵਿਚ ਵਾਰਨਰ ਤੇ ਫਿੰਚ ਦੇ ਕਾਰਨ ਬਾਕੀ ਬੱਲੇਬਾਜ਼ਾਂ ਨੂੰ ਮੌਕਾ ਨਹੀਂ ਮਿਲਿਆ ਸੀ। ਸਟੀਵ ਸਮਿਥ ਕਿੰਨੇ ਖ਼ਤਰਨਾਕ ਹਨ ਇਹ ਕੋਹਲੀ ਤੇ ਕੰਪਨੀ ਜਾਣਦੀ ਹੈ। ਮਾਨਰਸ ਲਾਬੂਸ਼ਾਨੇ ਨੂੰ ਆਪਣੇ ਪਹਿਲੇ ਇਕ ਰੋਜ਼ਾ ਮੈਚ ਵਿਚ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਸੀ।


ਟੀਮਾਂ ਸੰਭਾਵਿਤ


ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਜਸਪ੍ਰਰੀਤ ਬੁਮਰਾਹ, ਯੁਜਵਿੰਦਰਾ ਸਿੰਘ ਚਾਹਲ, ਸ਼ਿਖਰ ਧਵਨ, ਸ਼ਿਵਮ ਦੂਬੇ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਕੇਦਾਰ ਜਾਧਵ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਮਨੀਸ਼ ਪਾਂਡੇ, ਲੋਕੇਸ਼ ਰਾਹੁਲ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ।


ਆਸਟ੍ਰੇਲੀਆ : ਆਰੋਨ ਫਿੰਚ (ਕਪਤਾਨ), ਐਲੇਕਸ ਕੈਰੀ, ਪੈਟ ਕਮਿੰਸ, ਐਸ਼ਟਨ ਏਗਰ, ਪੀਟਰ ਹੈਂਡਸਕੋਂਬ, ਜੋਸ਼ ਹੇਜਲਵੁੱਡ, ਮਾਰਨਸ ਲਾਬੂਸ਼ਾਨੇ, ਕੇਨ ਰਿਚਡਰਸਨ, ਡੀ ਆਰਚੀ ਸ਼ਾਰਟ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ, ਐਡਮ ਜਾਂਪਾ।


ਭਾਰਤ ਲਈ ਖ਼ੁਸ਼ਕਿਸਮਤ ਨਹੀਂ ਰਿਹੈ ਹੈ ਐੱਸੀਏ ਸਟੇਡੀਅਮ


ਰਾਜਕੋਟ : ਮੇਜ਼ਬਾਨ ਭਾਰਤ ਦਾ ਸੌਰਾਸ਼ਟਰ ਕ੍ਰਿਕਟ ਕੌਂਸਲ ਸਟੇਡੀਅਮ 'ਤੇ ਇਕ ਰੋਜ਼ਾ ਵਿਚ ਰਿਕਾਰਡ ਬੇਹੱਦ ਖ਼ਰਾਬ ਹੈ ਕਿਉਂਕਿ ਇਸ ਮੈਦਾਨ 'ਤੇ ਉਸ ਨੂੰ ਦੋਵੇਂ ਮੌਕਿਆਂ 'ਤੇ ਹਾਰ ਝੱਲਣੀ ਪਈ। ਭਾਰਤ ਨੇ 11 ਜਨਵਰੀ 2013 ਨੂੰ ਐੱਸਸੀਏ ਸਟੇਡੀਅਮ 'ਤੇ ਇੰਗਲੈਂਡ ਖਿਲਾਫ਼ ਪਹਿਲਾਂ ਇਕ ਰੋਜ਼ਾ ਮੈਚ ਖੇਡਿਆ ਸੀ, ਜਿਸ ਵਿਚ ਉਸ ਨੂੰ 9 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ 18 ਅਕਤੂਬਰ 2015 ਨੂੰ ਦੱਖਣ ਅਫਰੀਕਾ ਖਿਲਾਫ਼ ਇਸੇ ਮੈਦਾਨ 'ਤੇ ਟੀਮ ਇੰਡੀਆ 18 ਦੌੜਾਂ ਨਾਲ ਹਾਰੀ ਸੀ। ਆਸਟ੍ਰੇਲੀਆਈ ਟੀਮ ਨੇ ਇਥੇ ਭਾਰਤ ਖਿਲਾਫ਼ 10 ਅਕਤੂਬਰ 2013 ਨੂੰ ਇਕ ਟੀ-20 ਮੈਚ ਖੇਡਿਆ, ਜਿਸ ਵਿਚ ਉਸ ਨੂੰ ਹਾਰ ਮਿਲੀ। ਰਾਜਕੋਟ ਵਿਚ ਪਹਿਲੇ ਮੈਚ ਐੱਸਸੀਏ ਦੀ ਥਾਂ ਪੁਰਾਣੇ ਸਟੇਡੀਅਮ ਵਿਚ ਹੁੰਦੇ ਸਨ। ਉਸ ਸਟੇਡੀਅਮ ਵਿਚ ਆਸਟ੍ਰੇਲੀਆ ਨੇ ਪਹਿਲਾਂ ਇਕ ਰੋਜ਼ਾ ਮੈਚ ਅਕਤੂਬਰ 1986 ਨੂੰ ਖੇਡਿਆ ਸੀ, ਜਿਸ ਵਿਚ ਉਸ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

Posted By: Rajnish Kaur