ਮੈਸੂਰ (ਪੀਟੀਆਈ) : ਸਲਾਮੀ ਬੱਲੇਬਾਜ਼ ਪਿ੍ਆਂਕ ਪਾਂਚਾਲ ਨੇ ਦੱਖਣੀ ਅਫਰੀਕਾ-ਏ ਖ਼ਿਲਾਫ਼ ਦੂਜੇ ਗ਼ੈਰ ਰਸਮੀ ਟੈਸਟ ਮੈਚ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਸੈਂਕੜੇ ਵਾਲੀ ਪਾਰੀ ਖੇਡੀ ਜਿਸ ਨਾਲ ਭਾਰਤ-ਏ ਨੇ ਮੁਕਾਬਲੇ ਨੂੰ ਡਰਾਅ 'ਤੇ ਸਮਾਪਤ ਕੀਤਾ। ਦੋ ਮੈਚਾਂ ਦੀ ਇਸ ਸੀਰੀਜ਼ ਦੇ ਪਹਿਲੇ ਮੈਚ ਨੂੰ ਭਾਰਤ-ਏ ਨੇ ਜਿੱਤਿਆ ਸੀ ਜਿਸ ਨਾਲ ਸੀਰੀਜ਼1-0 ਨਾਲ ਭਾਰਤ ਦੇ ਪੱਖ ਵਿਚ ਰਹੀ।

ਗੁਜਰਾਤ ਦੇ ਬੱਲੇਬਾਜ਼ ਪਾਂਚਾਲ ਨੇ 192 ਗੇਂਦਾਂ ਦੀ ਪਾਰੀ ਵਿਚ ਨੌਂ ਚੌਕੇ ਤੇ ਚਾਰ ਛੱਕਿਆਂ ਦੀ ਮਦਦ ਨਾਲ 109 ਦੌੜਾਂ ਬਣਾਈਆਂ ਜਿਸ ਨਾਲ ਭਾਰਤੀ ਟੀਮ ਨੇ 70 ਓਵਰਾਂ ਵਿਚ ਤਿੰਨ ਵਿਕਟਾਂ 'ਤੇ 202 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਪਾਂਚਾਲ ਨੇ ਇਸ ਦੌਰਾਨ ਦੋ ਵੱਡੀਆਂ ਭਾਈਵਾਲੀਆਂ ਕੀਤੀਆਂ। ਉਨ੍ਹਾਂ ਨੇ ਸਲਾਮੀ ਬੱਲੇਬਾਜ਼ ਅਭਿਮਨਿਊ ਈਸ਼ਵਰਨ (37) ਦੇ ਨਾਲ 94 ਦੌੜਾਂ ਦੀ ਭਾਈਵਾਲੀ ਕੀਤੀ ਤੇ ਫਿਰ ਤੀਜੀ ਵਿਕਟ ਲਈ ਕਰੁਣ ਨਾਇਰ (ਅਜੇਤੂ 51) ਦੇ ਨਾਲ 92 ਦੌੜਾਂ ਜੋੜੀਆਂ। ਖੱਬੇ ਹੱਥ ਦੇ ਗੇਂਦਬਾਜ਼ ਸੇਨੁਰਾਨ ਮੁਥੁਸਵਾਮੀ ਨੇ ਆਪਣੀ ਗੇਂਦ 'ਤੇ ਕੈਚ ਲੈ ਕੇ ਪਾਂਚਾਲ ਦੀ ਪਾਰੀ ਦਾ ਅੰਤ ਕੀਤਾ। ਮੁਥੁਸਵਾਮੀ ਦੋ ਅਕਤੂਬਰ ਤੋਂ ਭਾਰਤ ਖ਼ਿਲਾਫ਼ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਰਾਸ਼ਟਰੀ ਟੀਮ ਦਾ ਹਿੱਸਾ ਹਨ। ਇਸ ਤੋਂ ਬਾਅਦ ਮੈਚ ਦਾ ਨਤੀਜਾ ਨਿਕਲਣ ਦੀ ਸੰਭਾਵਨਾ ਨਹੀਂ ਦਿਖ ਰਹੀ ਸੀ ਤੇ ਮੁਕਾਬਲੇ ਨੂੰ ਡਰਾਅ ਕਰ ਦਿੱਤਾ ਗਿਆ। ਘਰੇਲੂ ਕ੍ਰਿਕਟ ਵਿਚ ਪਿਛਲੇ ਕੁਝ ਸੈਸ਼ਨਾਂ ਵਿਚ ਦੌੜਾਂ ਦਾ ਅੰਬਾਰ ਲਾਉਣ ਵਾਲੇ ਪਾਂਚਾਲ ਨੇ ਕੁਝ ਸ਼ਾਨਦਾਰ ਸ਼ਾਟ ਲਾਉਣ ਨਾਲ ਚਾਰ ਛੱਕੇ ਵੀ ਲਾਏ। ਪਹਿਲੀ ਪਾਰੀ ਵਿਚ 78 ਦੌੜਾਂ ਬਣਾਉਣ ਵਾਲੇ ਨਾਇਰ ਵੀ ਪੂਰੀ ਲੈਅ ਵਿਚ ਦਿਖੇ। ਪਹਿਲੀ ਪਾਰੀ ਵਿਚ 92 ਦੌੜਾਂ ਬਣਾਉਣ ਵਾਲੇ ਗਿੱਲ ਨੇ ਦੂਜੀ ਪਾਰੀ ਵਿਚ ਸਕੋਰਰ ਨੂੰ ਜ਼ਿਆਦਾ ਪਰੇਸ਼ਾਨ ਨਹੀਂ ਕੀਤਾ। ਉਹ ਸਿਰਫ਼ ਤਿੰਨ ਗੇਂਦਾਂ ਹੀ ਖੇਡ ਸਕੇ ਤੇ ਡੇਨ ਪੀਟ ਦੀ ਗੇਂਦ 'ਤੇ ਮੁਥੁਸਵਾਮੀ ਨੇ ਉਨ੍ਹਾਂ ਦੀ ਕੈਚ ਲੈ ਲਈ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿਚ 417 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਦੱਖਣੀ ਅਫਰੀਕੀ ਟੀਮ ਨੇ 400 ਦੌੜਾਂ ਬਣਾਈਆਂ। ਦੱਖਣੀ ਅਫਰੀਕੀ ਪਾਰੀ ਵਿਚ 161 ਦੌੜਾਂ ਬਣਾਉਣ ਵਾਲੇ ਏਡੇਨ ਮਾਰਕਰੈਮ ਮੈਨ ਆਫ ਦ ਮੈਚ ਚੁਣੇ ਗਏ।