ਕ੍ਰਾਈਸਟਚਰਚ (ਪੀਟੀਆਈ) : ਭਾਰਤ-ਏ ਦੇ ਚੋਟੀ ਦੇ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਨਹੀਂ ਬਦਲ ਸਕੇ ਤੇ ਨਿਊਜ਼ੀਲੈਂਡ-ਏ ਨੇ ਉਸ ਨੂੰ ਦੂਜੇ ਅਣਅਧਿਕਾਰਤ ਵਨ ਡੇ ਵਿਚ 29 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਬਰਾਬਰੀ ਕਰ ਲਈ। ਨਿਊਜ਼ੀਲੈਂਡ-ਏ ਲਈ ਸਲਾਮੀ ਬੱਲੇਬਾਜ਼ ਜਾਰਜ ਵਰਕਰ ਨੇ 135 ਦੌੜਾਂ ਬਣਾਈਆਂ ਜਦਕਿ ਕੋਲ ਮੈਕੋਂਚੀ ਨੇ 56 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ-ਏ ਨੇ 50 ਓਵਰਾਂ ਵਿਚ ਸੱਤ ਵਿਕਟਾਂ 'ਤੇ 295 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤ-ਏ ਦੀ ਟੀਮ ਨੌਂ ਵਿਕਟਾਂ 'ਤੇ 266 ਦੌੜਾਂ ਹੀ ਬਣਾ ਸਕੀ। ਕਰੁਣਾਲ ਪਾਂਡਿਆ ਨੇ 48 ਗੇਂਦਾਂ 'ਚ 51 ਦੌੜਾਂ ਬਣਾਈਆਂ।

ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਦੇ ਹੋਏ ਭਾਰਤ-ਏ ਨੂੰ ਜਲਦੀ ਹੀ ਕਾਮਯਾਬੀ ਮਿਲੀ ਜਦ ਮੁਹੰਮਦ ਸਿਰਾਜ ਨੇ ਰਚਿਨ ਰਵਿੰਦਰ (00) ਨੂੰ ਪਵੇਲੀਅਨ ਭੇਜਿਆ। ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਨੇ ਗਲੇਨ ਫਿਲਿਪਸ ਨੂੰ ਆਊਟ ਕੀਤਾ। ਸ਼ਾਨ ਪੋਰੇਲ ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਨਿਊਜ਼ੀਲੈਂਡ ਦਾ ਸਕੋਰ 22ਵੇਂ ਓਵਰ ਵਿਚ ਚਾਰ ਵਿਕਟਾਂ 'ਤੇ 96 ਦੌੜਾਂ ਹੋ ਗਿਆ। ਕਰੁਣਾਲ ਪਾਂਡਿਆ ਨੇ ਮਾਰਕ ਚੈਪਮਨ ਨੂੰ ਆਊਟ ਕਰ ਕੇ ਮੇਜ਼ਬਾਨਾਂ ਦੀ ਸਥਿਤੀ ਹੋਰ ਖ਼ਰਾਬ ਕਰ ਦਿੱਤੀ। ਨਿਊਜ਼ੀਲੈਂਡ ਦੀਆਂ ਪੰਜ ਵਿਕਟਾਂ 25ਵੇਂ ਓਵਰ ਵਿਚ 109 ਦੌੜਾਂ 'ਤੇ ਡਿੱਗ ਗਈਆਂ ਸਨ। ਵਰਕਰ ਨੇ 144 ਗੇਂਦਾਂ ਦੀ ਪਾਰੀ ਵਿਚ ਛੇ ਛੱਕੇ ਤੇ 12 ਚੌਕੇ ਲਾਏ। ਮੈਕੋਂਚੀ ਨੇ 54 ਗੇਂਦਾਂ ਦੀ ਪਾਰੀ ਵਿਚ ਅੱਠ ਚੌਕੇ ਲਾਏ।

ਪਹਿਲੇ ਓਵਰ 'ਚ ਹੀ ਪ੍ਰਿਥਵੀ ਸ਼ਾਅ ਆਊਟ :

ਭਾਰਤ-ਏ ਨੇ ਪਹਿਲੇ ਹੀ ਓਵਰ ਵਿਚ ਪ੍ਰਿਥਵੀ ਸ਼ਾਅ (ਦੋ) ਦੀ ਵਿਕਟ ਗੁਆ ਦਿੱਤੀ। ਸ਼ੁਭਮਨ ਗਿੱਲ ਦੀ ਗ਼ੈਰ ਮੌਜੂਦਗੀ 'ਚ ਕਪਤਾਨੀ ਕਰ ਰਹੇ ਮਯੰਕ ਅਗਰਵਾਲ ਨੇ 42 ਗੇਂਦਾਂ 'ਚ 37 ਦੌੜਾਂ ਬਣਾਈਆਂ ਜਦਕਿ ਇਸ਼ਾਨ ਕਿਸ਼ਨ ਨੇ 55 ਗੇਂਦਾਂ ਵਿਚ 44 ਦੌੜਾਂ ਦੀ ਪਾਰੀ ਖੇਡੀ। ਹਰਫ਼ਨਮੌਲਾ ਵਿਜੇ ਸ਼ੰਕਰ ਨੇ 53 ਗੇਂਦਾਂ ਵਿਚ 41 ਦੌੜਾਂ ਬਣਾਈਆਂ। ਉਥੇ ਸੱਤਵੇਂ ਨੰਬਰ 'ਤੇ ਆਏ ਕਰੁਣਾਲ ਨੇ 48 ਗੇਂਦਾਂ ਵਿਚ 51 ਦੌੜਾਂ ਬਣਾਈਆਂ।