ਮੁੰਬਈ (ਪੀਟੀਆਈ) : ਭਾਰਤੀ ਟੀਮ ਜਦ ਬੁੱਧਵਾਰ ਨੂੰ ਤੀਜੇ ਤੇ ਆਖ਼ਰੀ ਟੀ-20 ਮੁਕਾਬਲੇ ਵਿਚ ਇੱਥੇ ਵਾਨਖੇੜੇ ਸਟੇਡੀਅਮ ਵਿਚ ਵੈਸਟਇੰਡੀਜ਼ ਖ਼ਿਲਾਫ਼ ਉਤਰੇਗੀ ਤਾਂ ਉਸ ਦੀਆਂ ਨਜ਼ਰਾਂ ਦੂਜੇ ਟੀ-20 ਵਿਚ ਕੀਤੀਆਂ ਗਈਆਂ ਗ਼ਲਤੀਆਂ ਨੂੰ ਨਾ ਦੁਹਰਾਉਣ 'ਤੇ ਹੋਣਗੀਆਂ, ਖ਼ਾਸ ਕਰ ਕੇ ਫੀਲਡਿੰਗ ਦੇ ਖੇਤਰ ਵਿਚ। ਫ਼ਿਲਹਾਲ ਦੋਵੇਂ ਟੀਮਾਂ ਸੀਰੀਜ਼ ਵਿਚ 1-1 ਨਾਲ ਬਰਾਬਰੀ 'ਤੇ ਹਨ ਤੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਨੇ ਦੂਜੇ ਟੀ-20 ਵਿਚ ਜ਼ਬਰਦਸਤ ਵਾਪਸੀ ਕਰਦੇ ਹੋਏ ਮੇਜ਼ਬਾਨ ਟੀਮ ਨੂੰ ਕਰਾਰੀ ਮਾਤ ਦਿੱਤੀ ਸੀ। ਭਾਰਤ ਦਾ ਫੋਕਸ ਇਕ ਵਾਰ ਮੁੜ ਨੌਜਵਾਨ ਸਪਿੰਨਰ ਵਾਸ਼ਿੰਗਟਨ ਸੁੰਦਰ ਤੇ ਦਬਾਅ ਵਿਚ ਚੱਲ ਰਹੇ ਵਿਕਟਕੀਪਰ ਰਿਸ਼ਭ ਪੰਤ 'ਤੇ ਹੋਵੇਗਾ। ਵਾਨਖੇੜੇ ਵਿਚ ਹੋਣ ਵਾਲੇ ਮੁਕਾਬਲੇ ਵਿਚ ਟੀਮ ਇੰਡੀਆ ਵਿਚ ਕੋਈ ਤਬਦੀਲੀ ਨਾ ਹੋਣ ਦੀ ਉਮੀਦ ਹੈ। ਸੁੰਦਰ ਦੇ ਮਾਮਲੇ ਵਿਚ ਇਹ ਦੇਖਣਾ ਪਵੇਗਾ ਕਿ ਟੀਮ ਮੈਨੇਜਮੈਂਟ ਉਨ੍ਹਾਂ 'ਤੇ ਯਕੀਨ ਰੱਖਦੀ ਹੈ ਜਾਂ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਮੌਕਾ ਦਿੱਤਾ ਜਾਂਦਾ ਹੈ। ਸੁੰਦਰ ਨੇ ਪਿਛਲੇ ਪੰਜ ਟੀ-20 ਮੁਕਾਬਲਿਆਂ ਵਿਚ ਤਿੰਨ ਵਿਕਟਾਂ ਹੀ ਲਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 20 ਓਵਰਾਂ ਵਿਚ 144 ਦੌੜਾਂ ਦਿੱਤੀਆਂ ਹਨ। ਉਥੇ ਦੱਖਣੀ ਅਫਰੀਕਾ ਖ਼ਿਲਾਫ਼ ਦੋ ਟੀ-20 ਮੁਕਾਬਲਿਆਂ ਵਿਚ ਤਾਂ ਉਨ੍ਹਾਂ ਨੂੰ ਵਿਕਟ ਹੀ ਨਹੀਂ ਮਿਲੀ ਸੀ। ਸੁੰਦਰ ਦੀ ਫੀਲਡਿੰਗ ਵੀ ਸਵਾਲਾਂ ਦੇ ਘੇਰੇ ਵਿਚ ਹੈ ਜਿਸ ਕਾਰਨ ਕਪਤਾਨ ਵਿਰਾਟ ਕੋਹਲੀ ਵੀ ਚਿੰਤਤ ਹਨ। ਪਿਛਲੇ ਮੈਚ ਵਿਚ ਉਨ੍ਹਾਂ ਨੇ ਲੇਂਡਲ ਸਿਮਨਜ਼ ਦਾ ਕੈਚ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਇਹੀ ਬੱਲੇਬਾਜ਼ ਵੈਸਟਇੰਡੀਜ਼ ਦੀ ਜਿੱਤ ਦਾ ਕਾਰਨ ਬਣਿਆ ਸੀ। ਉਥੇ ਕੁਲਦੀਪ ਨੇ ਆਪਣਾ ਪਿਛਲਾ ਟੀ-20 ਮੁਕਾਬਲਾ ਫਰਵਰੀ ਵਿਚ ਨਿਊਜ਼ੀਲੈਂਡ ਖ਼ਿਲਾਫ਼ ਹੈਮਿਲਟਨ ਵਿਚ ਖੇਡਿਆ ਸੀ। ਵੈਸਟਇੰਡੀਜ਼ ਖ਼ਿਲਾਫ਼ ਪਿਛਲੇ ਦੋ ਮੁਕਾਬਲਿਆਂ ਵਿਚ ਕੁਲਦੀਪ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਪੰਤ ਲਈ ਚੀਜ਼ਾਂ ਮੁਸ਼ਕਲ ਹੁੰਦੀਆਂ ਜਾ ਰਹੀਆਂ ਨ। ਸਾਰਾ ਧਿਆਨ ਉਨ੍ਹਾਂ 'ਤੇ ਹੈ ਅਤੇ ਉਨ੍ਹਾਂ ਲਈ ਆਪਣੀ ਲੈਅ ਹਾਸਲ ਕਰਨਾ ਸੌਖਾ ਨਹੀਂ ਹੈ। ਉਨ੍ਹਾਂ ਵਿਚ ਮਹਿੰਦਰ ਸਿੰਘ ਧੋਨੀ ਵਾਲਾ ਕਮਾਲ ਨਜ਼ਰ ਨਹੀਂ ਆ ਰਿਹਾ। ਪਿਛਲੇ ਮੁਕਾਬਲੇ ਵਿਚ ਪ੍ਰਸ਼ੰਸਕਾਂ ਨੇ ਸੰਜੂ ਸੰਜੂ ਦੇ ਨਾਅਰੇ ਲਾਏ ਸਨ ਜਿਸ ਤੋਂ ਬਾਅਦ ਬਾਊਂਡਰੀ ਲਾਈਨ 'ਤੇ ਖੜ੍ਹੇ ਕੋਹਲੀ ਨੇ ਪ੍ਰਸ਼ੰਸਕਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ। ਇਹ ਉਸ ਸਮੇਂ ਹੋਇਆ ਜਦ ਪੰਤ ਨੇ ਵਿਕਟਾਂ ਦੇ ਪਿੱਛੇ ਇਵਿਨ ਲੁਇਸ ਦਾ ਸੌਖਾ ਕੈਚ ਛੱਡ ਦਿੱਤਾ ਸੀ।

ਲੈਅ 'ਚ ਹੈ ਵਿੰਡੀਜ਼

ਦੂਜੇ ਪਾਸੇ ਵੈਸਟਇੰਡੀਜ਼ ਵੀ ਸੀਰੀਜ਼ ਵਿਚ ਵਾਪਸੀ ਕਰਨ ਤੋਂ ਬਾਅਦ ਤੀਜੇ ਟੀ-20 ਨੂੰ ਜਿੱਤਣਾ ਚਾਹੇਗੀ। ਉਸ ਦੇ ਚੋਟੀ ਦੇ ਖਿਡਾਰੀ ਸਿਮਨਜ਼ ਬਿਹਤਰੀਨ ਲੈਅ ਵਿਚ ਚੱਲ ਰਹੇ ਹਨ। ਇਸ ਨਾਲ ਹੀ ਲੁਇਸ, ਨਿਕੋਲਸ ਪੂਰਨ ਤੇ ਸ਼ਿਮਰੋਨ ਹੇਟਮਾਇਰ ਵੀ ਦੌੜਾਂ ਬਣਾ ਰਹੇ ਹਨ ਤੇ ਉਹ ਸਾਰੇ ਇਸ ਲੈਅ ਨੂੰ ਜਾਰੀ ਰੱਖਣਾ ਚਾਹੁਣਗੇ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ :

ਭਾਰਤ :

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਰਿਸ਼ਭ ਪੰਤ (ਵਿਕਟਕੀਪਰ), ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵਿੰਦਰ ਸਿੰਘ ਚਹਿਲ, ਕੁਲਦੀਪ ਯਾਦਵ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ ਤੇ ਮੁਹੰਮਦ ਸ਼ਮੀ।

ਵੈਸਟਇੰਡੀਜ਼ :

ਕੀਰੋਨ ਪੋਲਾਰਡ (ਕਪਤਾਨ), ਫੇਬੀਅਨ ਏਲੇਨ, ਬਰੈਂਡਨ ਕਿੰਗ, ਦਿਨੇਸ਼ ਰਾਮਦੀਨ, ਸ਼ੇਲਡਨ ਕਾਟਰੇਲ, ਇਵਿਨ ਲੁਇਸ, ਸ਼ੇਰਫੇਨ ਰਦਰਫਾਰਡ, ਸ਼ਿਮਰੋਨ ਹੇਟਮਾਇਰ, ਖਾਰੇ ਪੀਅਰੇ, ਲੇਂਡਲ ਸਿਮਨਜ਼, ਜੇਸਨ ਹੋਲਡਰ, ਹੇਡਨ ਵਾਲਸ਼ ਜੂਨੀਅਰ, ਕੀਮੋ ਪਾਲ, ਕੇਸਰਿਕ ਵਿਲੀਅਮਜ਼।