ਅਹਿਮਦਾਬਾਦ (ਪੀਟੀਆਈ) : ਸੱਟ ਦੇ ਠੀਕ ਹੋਣ ਤੋਂ ਬਾਅਦ ਹਰਫ਼ਨਮੌਲਾ ਹਾਰਦਿਕ ਪਾਂਡਿਆ, ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਲਈ ਭਾਰਤੀ ਟੀਮ ਵਿਚ ਵਾਪਸੀ ਹੋਈ ਹੈ। ਚੋਣ ਕਮੇਟੀ ਦੇ ਨਵੇਂ ਪ੍ਰਧਾਨ ਸੁਨੀਲ ਜੋਸ਼ੀ ਦੀ ਅਗਵਾਈ ਵਿਚ ਪਹਿਲੀ ਵਾਰ ਐਤਵਾਰ ਨੂੰ ਟੀਮ ਚੁਣੀ ਗਈ। ਉੱਪ ਕਪਤਾਨ ਰੋਹਿਤ ਸ਼ਰਮਾ ਹਾਲਾਂਕਿ ਮਾਸਪੇਸ਼ੀਆਂ ਦੀ ਪਰੇਸ਼ਾਨੀ ਤੋਂ ਪਿੱਛਾ ਨਹੀਂ ਛੁਡਾਅ ਸਕੇ ਹਨ ਤੇ ਉਮੀਦ ਹੈ ਕਿ ਉਹ 29 ਮਾਰਚ ਤੋਂ ਸ਼ੁਰੂ ਹੋ ਰਹੇ ਆਈਪੀਐੱਲ ਵਿਚ ਵਾਪਸੀ ਕਰਨਗੇ। ਨਿਊਜ਼ੀਲੈਂਡ ਖ਼ਿਲਾਫ਼ ਵਨ ਡੇ ਸੀਰੀਜ਼ ਦੀ ਟੀਮ ਵਿਚ ਸ਼ਾਮਲ ਰਹੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਤੇ ਹਰਫ਼ਨਮੌਲਾ ਸ਼ਿਵਮ ਦੂਬੇ ਨੂੰ ਬਾਹਰ ਕਰ ਦਿੱਤਾ ਗਿਆ ਹੈ ਜਦਕਿ ਤਜਰਬੇਕਾਰ ਕੇਦਾਰ ਜਾਧਵ ਦੀ ਥਾਂ ਸ਼ੁਭਮਨ ਗਿੱਲ ਨੂੰ ਮੌਕਾ ਮਿਲਿਆ। ਪਿੱਠ ਦੀ ਸਰਜਰੀ ਤੋਂ ਬਾਅਦ ਵਾਪਸੀ ਕਰਨ ਤੋਂ ਬਾਅਦ ਪਾਂਡਿਆ ਨੇ ਡੀਵਾਈ ਪਾਟਿਲ ਟੀ-20 ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਟੀਮ ਮੈਨੇਜਮੈਂਟ ਨੂੰ ਉਨ੍ਹਾਂ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਸੀ। ਧਵਨ ਦਾ ਮੌਢਾ ਜਨਵਰੀ ਵਿਚ ਆਸਟ੍ਰੇਲੀਆ ਖ਼ਿਲਾਫ਼ ਘਰੇਲੂ ਵਨ ਡੇ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ ਜਦਕਿ ਭੁਵਨੇਸ਼ਵਰ ਦਾ ਹਰਨੀਆ ਦਾ ਆਪ੍ਰੇਸ਼ਨ ਹੋਇਆ ਸੀ। ਟੀਮ ਵਿਚ ਧਵਨ ਦੀ ਵਾਪਸੀ ਨਾਲ ਮਯੰਕ ਅਗਰਵਾਰ ਨੂੰ ਬਾਹਰ ਦਾ ਰਾਹ ਦੇਖਣਾ ਪਿਆ ਜੋ ਨਿਊਜ਼ੀਲੈਂਡ ਦੌਰੇ 'ਤੇ ਮਿਲੇ ਮੌਕਿਆਂ ਦਾ ਫ਼ਾਇਦਾ ਉਠਾਉਣ ਵਿਚ ਨਾਕਾਮ ਰਹੇ। ਇਸ ਦੌਰੇ 'ਤੇ ਪਿ੍ਥਵੀ ਸ਼ਾਅ ਦੀ ਸਕਾਰਾਤਮਕ ਬੱਲੇਬਾਜ਼ੀ ਨੂੰ ਦੇਖਦੇ ਹੋਏ ਚੋਣਕਾਰਾਂ ਨੇ ਉਨ੍ਹਾਂ ਨੂੰ ਟੀਮ ਵਿਚ ਕਾਇਮ ਰੱਖਣ ਦਾ ਫ਼ੈਸਲਾ ਕੀਤਾ। ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦੇ ਮੁਕਾਬਲੇ ਧਰਮਸ਼ਾਲਾ (12 ਮਾਰਚ), ਲਖਨਊ (15 ਮਾਰਚ) ਤੇ ਕੋਲਕਾਤਾ (18 ਮਾਰਚ) ਨੂੰ ਖੇਡੇ ਜਾਣਗੇ।

ਚੁਣੇ ਗਏ ਖਿਡਾਰੀ

ਸ਼ਿਖਰ ਧਰਨ, ਪਿ੍ਥਵੀ ਸ਼ਾਅ, ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵਿੰਦਰ ਸਿੰਘ ਚਹਿਲ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ, ਕੁਲਦੀਪ ਯਾਦਵ ਤੇ ਸ਼ੁਭਮਨ ਗਿੱਲ।

Posted By: Rajnish Kaur