ਕੇਪਟਾਊਨ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ (79) ਨੇ ਤੇਜ਼ ਗੇਂਦਬਾਜ਼ਾਂ ਖ਼ਾਸ ਕਰ ਕੇ ਕੈਗਿਸੋ ਰਬਾਦਾ ਦੀਆਂ ਤੇਜ਼ ਗੇਂਦਾਂ ਦਾ ਡਟ ਕੇ ਸਾਹਮਣਾ ਕੀਤਾ ਜਿਸ ਨਾਲ ਟੀਮ ਇੰਡੀਆ ਦੱਖਣੀ ਅਫਰੀਕਾ ਖ਼ਿਲਾਫ਼ ਮੰਗਲਵਾਰ ਨੂੰ ਇੱਥੇ ਤੀਜੇ ਤੇ ਆਖ਼ਰੀ ਟੈਸਟ ਦੇ ਸ਼ੁਰੂਆਤੀ ਦਿਨ ਆਪਣੀ ਪਹਿਲੀ ਪਾਰੀ ਵਿਚ 223 ਦੌੜਾਂ ਦਾ ਸਕੋਰ ਬਣਾ ਸਕੀ।

ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਖਾਸ ਕਰ ਕੇ ਰਬਾਦਾ ਨੇ ਨਿਊਲੈਂਡਜ਼ ਵਿਚ ਬੱਦਲਾਂ ਨਾਲ ਭਰੇ ਅਸਮਾਨ ਵਿਚ ਦੁੱਧ ਚਿੱਟੀ ਰੋਸ਼ਨੀ ਹੇਠਾਂ ਆਪਣੀਆਂ ਗੇਂਦਾਂ ਨਾਲ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ ਜਦਕਿ ਕੋਹਲੀ ਨੇ ਸਵੇਰੇ ਸ਼ਾਨਦਾਰ ਕਵਰ ਡ੍ਰਾਈਵ ਨਾਲ ਖ਼ਾਤਾ ਖੋਲ੍ਹਿਆ ਸੀ। ਉਨ੍ਹਾਂ ਨੇ ਦੁਪਹਿਰ ਦੇ ਸੈਸ਼ਨ ਵਿਚ ਮਾਰਕੋ ਜੇਨਸੇਨ ’ਤੇ ਇਕ ਹੋਰ ਖ਼ੂਬਸੂਰਤ ਡਰਾਈਵ ਲਾਇਆ। ਇਸ ਤੋਂ ਇਲਾਵਾ ਪੁਜਾਰਾ (43) ਨੇ ਇਕ ਵਾਰ ਮੁੜ ਜਜ਼ਬਾ ਦਿਖਾਇਆ ਪਰ ਉਹ ਜੇਨਸੇਨ ਦੀ ਚੰਗੀ ਗੇਂਦ ਦਾ ਸ਼ਿਕਾਰ ਹੋਏ। ਰਾਊਂਡ ਦ ਵਿਕਟ ਤੋਂ ਅੰਦਰ ਆ ਕੇ ਕੋਣ ਲੈਂਦੀ ਗੇਂਦ ਪੁਜਾਰਾ ਦੇ ਬੱਲੇ ਦਾ ਬਾਹਰਲਾ ਕਿਨਾਰਾ ਲੈਂਦੀ ਹੋਈ ਵਿਕਟਕੀਪਰ ਦੇ ਹੱਥਾਂ ’ਚ ਚਲੀ ਗਈ। ਇਸ ਤੋਂ ਇਲਾਵਾ ਹੋਰ ਕੋਈ ਭਾਰਤੀ ਬੱਲੇਬਾਜ਼ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਰਿਸ਼ਭ ਪੰਤ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਦੱਖਣੀ ਅਫਰੀਕਾ ਵੱਲੋਂ ਕੈਗਿਸੋ ਰਬਾਦਾ ਨੇ ਚਾਰ, ਮੈਰਕੋ ਜੇਨਸੇਨ ਨੇ ਤਿੰਨ ਅਤੇ ਓਲੀਵਰ, ਨਗੀਦੀ ਤੇ ਮਹਾਰਾਜ ਨੇ ਇਕ ਇਕ ਵਿਕਟ ਹਾਸਲ ਕੀਤੀ।

Posted By: Susheel Khanna