ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਨੰਬਰ ਤਿੰਨ ’ਤੇ ਚੇਤੇਸ਼ਵਰ ਪੁਜਾਰਾ, ਨੰਬਰ ਚਾਰ ’ਤੇ ਕਪਤਾਨ ਕੋਹਲੀ ਤੇ ਨੰਬਰ ਪੰਜ ’ਤੇ ਅਜਿੰਕੇ ਰਹਾਣੇ, ਇਹ ਹਨ ਭਾਰਤੀ ਟੈਸਟ ਟੀਮ ਦਾ ਮੱਧਕ੍ਰਮ ਤੇ ਜੇਕਰ ਇਹ ਮੱਧਕ੍ਰਮ ਆਪਣੀ ਸ਼ਾਨਦਾਰ ਲੈਅ ’ਚ ਹੈ ਤਾਂ ਦੁਨੀਆ ਦਾ ਖ਼ਤਰਨਾਕ ਤੋਂ ਖ਼ਤਰਨਾਕ ਗੇਂਦਬਾਜ਼ੀ ਹਮਲਾ ਵੀ ਇਸ ਅੱਗੇ ਸਾਧਾਰਣ ਨਜ਼ਰ ਆਉਣ ਲੱਗਦਾ ਹੈ। ਲੰਬੇ ਸਮੇਂ ਤੋਂ ਇਹ ਮੱਧਕ੍ਰਮ ਭਾਰਤੀ ਟੈਸਟ ਟੀਮ ਦੀ ਮਜ਼ਬੂਤ ਦੀਵਾਰ ਬਣਿਆ ਹੋਇਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਹ ਦੀਵਾਰ ਢਹਿੰਦੀ ਨਜ਼ਰ ਆ ਰਹੀ ਹੈ। ਉਹ ਤਾਂ ਭਲਾ ਹੋਵੇ ਸਲਾਮੀ ਜੋੜੀ, ਥੱਲੜੇ ਕ੍ਰਮ ਤੇ ਗੇਂਦਬਾਜ਼ੀ ਦਾ, ਜੋ ਮੱਧਕ੍ਰਮ ਦੀ ਅਸਫਲਤਾ ਨੂੰ ਟੀਮ ’ਤੇ ਭਾਰੀ ਨਹੀਂ ਪੈਣ ਦੇ ਰਹੇ ਹਨ। ਤਮਾਮ ਅਲੋਚਨਾਵਾਂ ਦੇ ਬਾਵਜੂਦ ਭਾਰਤੀ ਟੀਮ ਪ੍ਰਬੰਧਨ ਇਸ ਮੱਧਕ੍ਰਮ ਨੂੰ ਦੱਖਣੀ ਅਫਰੀਕਾ ਜੋਹਾਨਿਸਬਰਗ ’ਚ ਦੂਸਰੇ ਟੈਸਟ ’ਚ ਵੀ ਮੌਕਾ ਦੇਣਾ ਚਾਹੁੰਦਾ ਸੀ ਕਿਉਂਕਿ ਵਿਦੇਸ਼ੀ ਮੈਦਾਨਾਂ ’ਚ ਜੋਹਾਨਿਸਬਰਗ ਇਕ ਅਜਿਹੀ ਜਗ੍ਹਾ ਹੈ ਜਿਥੇ ਭਾਰਤ ਦਾ ਰਿਕਾਰਡ ਕਾਫੀ ਚੰਗਾ ਰਿਹਾ ਹੈ ਪਰ ਮੈਚ ਤੋਂ ਠੀਕ ਪਹਿਲਾਂ ਪਿੱਠ ਦਰਦ ਦੀ ਵਜ੍ਹਾ ਨਾਲ ਕੋਹਲੀ ਦੂਸਰੇ ਟੈਸਟ ਤੋਂ ਬਾਹਰ ਹੋ ਗਏ ਪਰ ਪੁਜਾਰਾ ਤੇ ਰਹਾਣੇ ਨੂੰ ਅੰਤਿਮ ਇਲੈਵਨ ’ਚ ਜ਼ਰੂਰ ਮੌਕਾ ਮਿਲਿਆ। ਹਾਲਾਂਕਿ ਦੋਵਾਂ ਦੀ ਅਸਫਲਤਾ ਦਾ ਸਿਲਸਿਲਾ ਜਾਰੀ ਰਿਹਾ ਤੇ ਦੋਵੇਂ ਹੀ ਲਗਾਤਾਰ ਗੇਂਦਾਂ ’ਤੇ ਪਵੇਲੀਅਨ ਪਰਤ ਗਏ। ਨਤੀਜਾ ਇਹ ਰਿਹਾ ਕਿ ਸੈਚੁਰੀਅਨ ’ਚ ਪਹਿਲਾ ਟੈਸਟ ਜਿੱਤ ਕੇ ਵਧੇ ਮਨੋਬਲ ਦੇ ਨਾਲ ਜੋਹਾਨਿਸਬਰਗ ’ਚ ਉਤਰੀ ਭਾਰਤੀ ਟੀਮ ਦੀ ਪਹਿਲੀ ਪਾਰੀ ਪਹਿਲੇ ਦਿਨ ਢਹਿ ਗਈ। ਕੋਹਲੀ ਦੀ ਗ਼ੈਰ-ਮੌਜੂਦਗੀ ’ਚ ਕਪਤਾਨੀ ਕਰ ਰਹੇ ਕੇਐੱਲ ਰਾਹੁਲ ਨੇ ਅਰਧ ਸੈਂਕੜਾ ਬਣਾਇਆ ਤੇ 133 ਗੇਂਦਾਂ ’ਚ ਨੌ ਚੈਕਿਆਂ ਦੀ ਮਦਦ ਨਾਲ 50 ਦੌੜਾਂ ਬਣਾ ਕੇ ਆਊਟ ਹੋਏ। ਥੱਲੜੇ ਕ੍ਰਮ ’ਚ ਰਵੀਚੰਦਰਨ ਅਸ਼ਵਿਨ ਨੇ 50 ਗੇਂਦਾਂ ’ਤੇ ਛੇ ਚੌਕਿਆਂ ਦੀ ਮਦਦ ਨਾਲ 46 ਦੌੜਾਂ ਦੀ ਤੇਜ਼ ਤੇ ਉਪਯੋਗੀ ਪਾਰੀ ਖੇਡੀ, ਜਿਸ ਦੇ ਚਲਦੇ ਭਾਰਤੀ ਟੀਮ 63.1 ਓਵਰਾਂ ’ਚ 202 ਦੌੜਾਂ ਬਣਾ ਸਕੀ। ਦੱਖਣੀ ਅਫਰੀਕਾ ਵੱਲੋਂ ਮਾਰਕੋ ਜੇਨਸੇਨ ਨੇ 31 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਕੈਗਿਸੋ ਰਬਾਦਾ ਤੇ ਡੁਆਨੇ ਓਲੀਵਰ ਨੂੰ ਤਿੰਨ-ਤਿੰਨ ਵਿਕਟਾਂ ਮਿਲੀਆਂ।

ਸਿੱਧੀ ਸ਼ੁਰੂਆਤ

ਰਾਹੁਲ ਤੇ ਮਯੰਕ ਅਗਰਵਾਲ ਦੀ ਸਲਾਮੀ ਜੋੜੀ ਨੇ ਸੈਂਚੁਰੀਅਨ ’ਚ ਪਹਿਲੀ ਪਾਰੀ ’ਚ ਸੈਂਕੜੇ ਦੀ ਸਾਂਝੇਦਾਰੀ ਕੀਤੀ ਸੀ ਤੇ ਇਹ ਦੱਖਣੀ ਅਫਰੀਕਾ ’ਚ ਸੈਂਕੜੇ ਦੀ ਸਾਂਝੇਦਾਰੀ ਕਰਨ ਵਾਲੀ ਭਾਰਤ ਦੀ ਤੀਸਰੀ ਸਲਾਮੀ ਜੋੜੀ ਬਣੀ ਸੀ। ਜੋਹਾਨਿਸਬਰਗ ’ਚ ਵੀ ਇਸ ਜੋੜੀ ਨੇ ਟੀਮ ਨੂੰ ਭਰੋਸੇਮੰਦ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੇ ਘੰਟੇ ’ਚ ਦੱਖਣੀ ਅਫਰੀਕੀ ਗੇਂਦਬਾਜ਼ਾਂ ਨੂੰ ਸਫਲਤਾ ਤੋਂ ਦੂਰ ਰੱਖਿਆ। ਮਯੰਕ (26) ਪਹਿਲੇ ਘੰਟੇ ’ਚ ਕਾਫੀ ਚੰਗੀ ਲੈਅ ’ਚ ਦਿਖੇ ਤੇ ਉਨ੍ਹਾਂ ਨੇ ਪੰਜ ਚੌਕੇ ਲਾਏ। ਰਾਹੁਲ ਖ਼ਿਲਾਫ਼ ਵਿਕਟ ਦੇ ਪਿੱਛੇ ਕੈਚ ਤੇ ਐੱਲਬੀਡਬਲਯੂ ਦੀ ਅਪੀਲ ਹੋਈ ਪਰ ਡੈਬਿਊ ਕਰ ਰਹੇ ਅੰਪਾਇਰ ਅਲਾਹੁਦੀਨ ਪਾਲੇਕਰ ਨੇ ਪ੍ਰਭਾਵਿਤ ਕਰਦੇ ਹੋਏ ਸ਼ਾਨਦਾਰ ਫੈਸਲੇ ਦਿੱਤੇ। ਹਾਲਾਂਕਿ ਮਯੰਕ ਜੇਨਸੇਨ ਦੀ ਆਫਸਾਈਡ ਤੋਂ ਬਾਹਰ ਵੱਲ ਮੂਵ ਹੁੰਦੀ ਗੇਂਦ ’ਤੇ ਡਰਾਈਵ ਲਾਉਣ ਦੀ ਕੋਸ਼ਿਸ਼ ’ਚ ਵਿਕਟਕੀਪਰ ਕਾਈਲ ਵੇਰੇਨ ਨੂੰ ਕੈਚ ਦੇ ਬੈਠੇ। ਭਾਰਤ ਨੇ ਪਹਿਲਾ ਵਿਕਟ 15ਵੇਂ ਓਵਰ ’ਚ 36 ਦੌੜਾਂ ’ਤੇ ਗੁਆਇਆ।

ਫਿਰ ਫੇਲ੍ਹ ਹੋਏ ਪੁਜਾਰਾ

ਮਯੰਕ ਦੇ ਆਊਟ ਹੋਣ ਤੋਂ ਬਾਅਦ ਆਪਣਾ 94ਵਾਂ ਟੈਸਟ ਖੇਡ ਰਹੇ ਪੁਜਾਰਾ ਬੱਲੇਬਾਜ਼ੀ ਕਰਨ ਆਏ। ਪੁਜਾਰਾ ਨੇ ਇਸ ਟੈਸਟ ਤੋਂ ਪਹਿਲਾਂ ਪਿਛਲੀ 22 ਟੈਸਟ ਪਾਰੀਆਂ ’ਚ ਇਕ ’ਚ ਅਜੇਤੂ ਰਹਿੰਦੇ ਹੋਏ ਸਿਰਫ 494 ਦੌੜਾਂ ਬਣਾਈਆਂ ਸੀ, ਜਿਸ ’ਚ ਸਿਰਫ ਦੋ ਅਰਧ ਸੈਂਕੜੇ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਦਾ ਔਸਤ 23.52 ਦਾ ਰਿਹਾ ਹੈ। ਜੋਹਾਨਿਸਬਰਗ ਉਨ੍ਹਾਂ ਮੈਦਾਨਾਂ ’ਚੋਂ ਇਕ ਹੈ, ਜਿਥੇ ਪੁਜਾਰਾ ਸੈਂਕੜਾ ਲਾ ਚੁੱਕੇ ਹਨ। ਅਜਿਹੇ ’ਚ ਉਮੀਦ ਸੀ ਕਿ ਪੁਜਾਰਾ ਇਸ ਟੈਸਟ ’ਚ ਆਪਣੀ ਗੁਆਚੀ ਹੋਈ ਫਾਰਮ ਨੂੰ ਵਾਪਸ ਹਾਸਲ ਕਰਨਗੇ ਤੇ ਲੰਬੀ ਪਾਰੀ ਖੇਡਣਗੇ। ਹਾਲਾਂਕਿ ਅਜਿਹਾ ਹੋਇਆ ਨਹੀਂ ਤੇ ਪੁਜਾਰਾ ਇਕ ਵਾਰ ਫਿਰ ਦੌੜਾਂ ਬਣਾਉਣ ਜੂਝਦੇ ਦਿਖੇ। ਉਛਾਲ ਲੈਂਦੀਆਂ ਗੇਂਦਾਂ ਇਹ ਅਸਹਿਜ ਨਜ਼ਰ ਆਏ ਤੇ ਆਖਿਰਕਾਰ 33 ਗੇਂਦਾਂ ’ਤੇ ਸਿਰਫ ਤਿੰਨ ਦੌੜਾਂ ਬਣਾ ਕੇ ਓਲੀਵਰ ਦੀ ਉਛਾਲ ਲੈਂਦੀ ਗੇਂਦ ’ਤੇ ਬਾਵੁਮਾ ਨੂੰ ਕੈਚ ਦੇ ਬੈਠੇ।

ਰਹਾਣੇ ਵੀ ਰਹੇ ਨਾਕਾਮ

ਪੁਜਾਰਾ ਦੇ ਆਊਟ ਹੋਣ ਤੋਂ ਬਾਅਦ ਰਹਾਣੇ ਬੱਲੇਬਾਜ਼ੀ ਕਰਨ ਆਏ। ਇਕ ਦੌਰ ਸੀ ਜਦੋਂ ਰਹਾਣੇ ਟੈਸਟ ਟੀਮ ਦੇ ਉਪ ਕਪਤਾਨ ਹੁੰਦੇ ਸੀ ਤੇ ਕੋਹਲੀ ਦੀ ਗੈਰ-ਮੌਜੂਦਗੀ ’ਚ ਉਨ੍ਹਾਂ ਨੇ ਸਿਰਫ ਕਪਤਾਨੀ ਹੀ ਨਹੀਂ ਕੀਤੀ, ਸਗੋਂ ਭਾਰਤ ਨੂੰ ਜਿੱਤ ਵੀ ਦਿਵਾਈ। ਪਿਛਲਾ ਆਸਟ੍ਰੇਲੀਆ ਦੌਰਾ ਇਸ ਗੱਲ ਦਾ ਪ੍ਰਮਾਣ ਵੀ ਹੈ। ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਉਸ ਨੂੰ ਆਸਟ੍ਰੇਲੀਆ ਦੌਰੇ ਤੋਂ ਹੀ ਰਹਾਣੇ ਦੀ ਫਾਰਮ ’ਚ ਗਿਰਾਵਟ ਆਉਂਦੀ ਚਲੀ ਗਈ ਤੇ ਹੁਣ ਟੀਮ ’ਚ ਉਨ੍ਹਾਂ ਦੀ ਥਾਂ ਵੀ ਖ਼ਤਰੇ ’ਚ ਹੈ। ਰਹਾਣੇ ਇਸ ਟੈਸਟ ਤੋਂ ਪਹਿਲਾਂ ਤਕ ਪਿਛਲੀਆਂ 23 ਟੈਸਟ ਪਾਰੀਆਂ ’ਚ ਦੋ ਅਰਥ ਸੈਂਕੜਿਆਂ ਦੀ ਮਦਦ ਨਾਲ ਸਿਰਫ 479 ਦੌੜਾਂ ਹੀ ਬਣਾ ਸਕੇ ਹਨ, ਜਿਸ ’ਚ ਉਨ੍ਹਾਂ ਦਾ ਔਸਤ ਸਿਰਫ 20.82 ਦਾ ਰਿਹਾ ਹੈ। ਰਹਾਣੇ ਤੋਂ ਉਮੀਦ ਸੀ ਕਿ ਉਹ ਆਪਣੀ ਅਸਫਲਤਾ ਨੂੰ ਇਸ ਟੈਸਟ ’ਚ ਦੂਰ ਰੱਖਣਗੇ ਪਰ ਪੁਜਾਰਾ ਦੇ ਆਊਟ ਹੋਣ ਤੋਂ ਬਾਅਦ ਅਗਲੀ ਹੀ ਗੇਂਦ ’ਤੇ ਰਹਾਣੇ ਨੇ ਓਲੀਵਰ ਦੀ ਆਫ ਸਟੰਪ ਦੇ ਬਾਹਰ ਜਾਂਦੀ ਗੇਂਦ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਤੇ ਸਲਿਪ ’ਚ ਕੀਗਨ ਪੀਟਰਸਨ ਨੂੰ ਆਸਾਨ ਕੈਚ ਦੇ ਬੈਠੇ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ।

ਅਸ਼ਵਿਨ ਦਾ ਅਹਿਮ ਯੋਗਦਾਨ

ਟੀਮ ਇੰਡੀਆ 24ਵੇਂ ਓਵਰ ’ਚ 49 ਦੌੜਾਂ ਤਿੰਨ ਵਿਕਟਾਂ ਗੁਆ ਕੇ ਸੰਕਟ ’ਚ ਸੀ। ਅਜਿਹੇ ’ਚ ਇਕ ਪਾਸੇ ਰਾਹੁਲ ਨੇ ਪਹਿਲੇ ਹਨੁਮਾ ਵਿਹਾਰੀ (20) ਨਾਲ ਚੌਥੇ ਵਿਕਟ ਲਈ 42 ਤੇ ਫਿਰ ਰਿਸ਼ਭ ਪੰਤ ਦੇ ਨਾਲ 25 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ ਤੇ ਫਿਰ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਬਿਹਾਰੀ ਨੂੰ ਕੈਗਿਸੋ ਰਬਾਦਾ ਨੇ ਪਵੇਲੀਅਨ ਭੇਜਿਆ ਤਾਂ ਰਾਹੁਲ ਨੂੰ ਜੇਨਸੇਨ ਨੇ ਚਲਦਾ ਕਰ ਕੇ ਭਾਰਤ ਨੂੰ ਵੱਡਾ ਝਟਕਾ ਦਿੱਤੀ। ਰਾਹੁਲ ਦੇ ਆਊਟ ਹੋਣ ਤੋਂ ਬਾਅਦ ਭਾਰਤ ਦਾ ਸਕੋਰ ਪੰਜ ਵਿਕਟਾਂ ’ਤੇ 116 ਦੌੜਾਂ ਹੋ ਗਿਆ ਸੀ। ਅਜਿਹੇ ’ਚ ਇਥੋਂ ਰਵੀਚੰਦਰਨ ਅਸ਼ਵਿਨ ਦੀਆਂ 42 ਦੌੜਾਂ ਦੀ ਮਦਦ ਨਾਲ ਟੀਮ ਇੰਡੀਆ 200 ਦੌੜਾਂ ਅੰਕੜਾ ਪਾਰ ਕਰਨ ’ਚ ਸਫਲ ਹੋਈ। ਰਬਾਦਾ ਨੇ ਮੁਹੰਮਦ ਸਿਰਾਜ (1) ਨੂੰ ਚਲਦਾ ਕਰ ਕੇ ਭਾਰਤੀ ਪਾਰੀ ਦਾ ਅੰਤ ਕੀਤਾ।

Posted By: Susheel Khanna