ਨਵੀਂ ਦਿੱਲੀ (ਜੇਐੱਨਐੱਨ) : ਨਿਊਜ਼ੀਲੈਂਡ ਦੇ ਨੌਜਵਾਨ ਤੇਜ਼ ਗੇਂਦਬਾਜ਼ ਕਾਇਲ ਜੇਮੀਸਨ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਸਾਊਥੈਂਪਟਨ ਵਿਚ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਦੇ ਤੀਜੇ ਦਿਨ ਭਾਰਤੀ ਟੀਮ ਦੀ ਪਹਿਲੀ ਪਾਰੀ ਸਿਰਫ਼ 217 ਦੌੜਾਂ 'ਤੇ ਸਿਮਟ ਗਈ। ਜੇਮੀਸਨ ਨੇ 31 ਦੌੜਾਂ ਦੇ ਕੇ ਪੰਜ ਵਿਕਟਾਂ ਆਪਣੇ ਨਾਂ ਕੀਤੀਆਂ। ਆਪਣਾ ਸਿਰਫ਼ ਅੱਠਵਾਂ ਟੈਸਟ ਮੈਚ ਖੇਡਦੇ ਹੋਏ ਜੇਮੀਸਨ ਨੇ ਕਰੀਅਰ ਵਿਚ ਪੰਜਵੀਂ ਵਾਰ ਪਾਰੀ ਵਿਚ ਪੰਜ ਵਿਕਟਾਂ ਲੈਣ ਦੀ ਉਪਲੱਬਧੀ ਹਾਸਲ ਕੀਤੀ। ਭਾਰਤੀ ਟੀਮ ਦਾ ਕੋਈ ਵੀ ਬੱਲੇਬਾਜ਼ ਅਰਧ ਸੈਂਕੜੇ ਤਕ ਨਹੀਂ ਪੁੱਜ ਸਕਿਆ ਤੇ ਸਭ ਤੋਂ ਵੱਧ 49 ਦੌੜਾਂ ਉੱਪ ਕਪਤਾਨ ਅਜਿੰਕੇ ਰਹਾਣੇ ਨੇ ਬਣਾਈਆਂ। ਉਨ੍ਹਾਂ ਨੇ 17 ਗੇਂਦਾਂ ਦਾ ਸਾਹਮਣਾ ਕੀਤਾ ਤੇ ਪੰਜ ਚੌਕੇ ਲਾਏ।

ਭਾਰਤ ਨੇ ਐਤਵਾਰ ਨੂੰ ਤਿੰਨ ਵਿਕਟਾਂ 'ਤੇ 146 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ ਪਰ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਚੰਗੀ ਤਰ੍ਹਾਂ ਜਾਲ ਵਿਛਾ ਕੇ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਤੇ ਉੱਪ ਕਪਤਾਨ ਰਹਾਣੇ ਸਮੇਤ ਚਾਰ ਬੱਲੇਬਾਜ਼ਾਂ ਨੂੰ ਪਹਿਲੇ ਸੈਸ਼ਨ ਵਿਚ ਹੀ ਪਵੇਲੀਅਨ ਭੇਜ ਕੇ ਕੀਵੀ ਟੀਮ ਨੂੰ ਵਾਪਸੀ ਦਿਵਾਈ। ਪਹਿਲੇ ਸੈਸ਼ਨ ਵਿਚ ਭਾਰਤੀ ਟੀਮ ਸਿਰਫ਼ 65 ਦੌੜਾਂ ਹੀ ਜੋੜ ਸਕੀ। ਬੱਦਲ ਛਾਏ ਰਹਿਣ ਕਾਰਨ ਬੱਲੇਬਾਜ਼ੀ ਕਰਨਾ ਸੌਖਾ ਨਹੀਂ ਸੀ ਤੇ ਹਾਲਾਤ ਗੇਂਦਬਾਜ਼ਾਂ ਮੁਤਾਬਕ ਨਜ਼ਰ ਆ ਰਹੇ ਸਨ। ਜੇਮੀਸਨ ਨਾਲ ਟ੍ਰੇਂਟ ਬੋਲਟ ਤੇ ਨੀਲ ਵੈਗਨਰ ਨੇ ਹਾਲਾਤ ਦਾ ਚੰਗਾ ਫ਼ਾਇਦਾ ਉਠਾਇਆ।

ਭਾਰਤੀ ਬੱਲੇਬਾਜ਼ਾਂ ਕੋਲ ਕੀਵੀ ਗੇਂਦਬਾਜ਼ਾਂ ਦੀ ਰਫ਼ਤਾਰ, ਸਵਿੰਗ ਤੇ ਸ਼ਾਰਟ ਪਿੱਚ ਗੇਂਦਾਂ ਦਾ ਕੋਈ ਜਵਾਬ ਨਹੀਂ ਸੀ। ਭਾਰਤ ਨੇ ਭੋਜਨ ਦੇ ਸਮੇਂ ਤਕ ਸੱਤ ਵਿਕਟਾਂ 'ਤੇ 211 ਦੌੜਾਂ ਬਣਾਈਆਂ ਸਨ। ਭੋਜਨ ਤੋਂ ਬਾਅਦ ਭਾਰਤੀ ਪਾਰੀ ਨੂੰ ਸਿਮਟਨ ਵਿਚ ਜ਼ਿਆਦਾ ਦੇਰ ਨਹੀਂ ਲੱਗੀ। ਜੇਮਸੀਨ ਨੇ ਲਗਾਤਾਰ ਗੇਂਦਾਂ 'ਤੇ ਇਸ਼ਾਂਤ ਸ਼ਰਮਾ (04) ਤੇ ਜਸਪ੍ਰਰੀਤ ਬੁਮਰਾਹ (00) ਦੀਆਂ ਵਿਕਟਾਂ ਲੈ ਕੇ ਆਪਣੀਆਂ ਪੰਜ ਵਿਕਟਾਂ ਪੂਰੀਆਂ ਕੀਤੀਆਂ। ਅਗਲੇ ਓਵਰ ਦੀ ਪਹਿਲੀ ਗੇਂਦ 'ਤੇ ਜਡੇਜਾ ਨੂੰ ਬੋਲਟ ਨੇ ਵਿਕਟਾਂ ਦੇ ਪਿੱਛੇ ਬੀਜੇ ਵਾਟਲਿੰਗ ਹੱਥੋਂ ਕੈਚ ਕਰਵਾ ਕੇ ਭਾਰਤੀ ਪਾਰੀ ਦਾ ਅੰਤ ਕੀਤਾ।