ਮਲਟੀਮੀਡੀਆ ਡੈਸਕ, ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਮੌਜੂਦਾ ਨਿਊਜ਼ੀਲੈਂਡ ਦੌਰਾ ਕਦੇ ਵੀ ਯਾਦ ਨਹੀਂ ਰੱਖਣਾ ਚਾਹੁਣਗੇ। ਵਿਰਾਟ ਕ੍ਰਾਈਸਟਚਰਚ ਵਿਚ ਨਿਊਜ਼ੀਲੈਂਡ ਖਿਲਾਫ਼ ਦੂਜੇ ਟੈਸਟ ਵਿਚ ਦੂਜੀ ਪਾਰੀ ਵਿਚ 14 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ ਨਾਲ ਕਈ ਅਣਚਾਹੇ ਰਿਕਾਰਡ ਜੁੜ ਗਏ। ਉਨ੍ਹਾਂ ਨੇ ਕਿਸੇ ਪੂਰੇ ਇੰਟਰਨੈਸ਼ਨਲ ਦੌਰੇ ਵਿਚ ਆਪਣਾ ਸਭ ਤੋਂ ਘੱਟ ਦੌੜਾਂ ਦਾ ਰਿਕਾਰਡ ਬਣਾ ਲਿਆ।


ਵਿਰਾਟ ਕੋਹਲੀ ਕ੍ਰਾਈਸਟਚਰਚ ਟੈਸਟ ਦੀ ਦੂਜੀ ਪਾਰੀ ਵਿਚ ਐਤਵਾਰ ਨੂੰ 14 ਦੌੜਾਂ ਬਣਾ ਕੇ ਕੋਲਿਨ ਜੀ ਗ੍ਰੈਂਡਹੋਮ ਦੀ ਗੇਂਦ 'ਤੇ ਐਲਬੀਡਬਲਿਊ ਹੋਏ। ਉਨ੍ਹਾਂ ਨੇ ਇਸ ਤਰ੍ਹਾਂ ਇਸ ਪੁਰੇ ਦੌਰੇ ਵਿਚ 11 ਪਾਰੀਆਂ ਵਿਚ 19.81 ਦੀ ਔਸਤ ਨਾਲ 218 ਰਨ ਬਣਾਏ। ਉਨ੍ਹਾਂ ਨੇ ਇਸ ਦੌਰਾਨ ਟੀ20 ਸੀਰੀਜ਼, ਵਨਡੇ ਸੀਰੀਜ਼ ਅਤੇ ਟੈਸਟ ਸੀਰੀਜ਼ ਵਿਚ ਭਾਗ ਲਿਆ। ਇਹ ਉਨ੍ਹਾਂ ਦੇ ਕਿਸੇ ਦੌਰੇ 'ਤੇ ਤਿੰਨੋਂ ਫਾਰਮੈਂਟਾਂ ਵਿਚ ਹਿੱਸੇਦਾਰੀ ਤੋਂ ਬਾਅਦ ਸਭ ਤੋਂ ਘੱਟ ਦੌੜਾਂ ਰਹੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ 2014 ਵਿਚ ਇੰਗਲੈਂਡ ਦੇ ਦੌਰੇ ਵਿਚ 15 ਪਾਰੀਆਂ ਵਿਚ 245 ਦੌੜਾਂ ਬਣਾਈਆਂ ਸਨ।

ਟੈਸਟ ਸੀਰੀਜ਼ ਵਿਚ 38 ਦੌੜਾਂ ਹੀ ਬਣਾ ਸਕੇ ਵਿਰਾਟ ਕੋਹਲੀ

ਵਿਰਾਟ ਨੇ ਨਿਊਜ਼ੀਲੈਂਡ ਦੇ ਇਸ ਦੌਰੇ 'ਤੇ ਟੀ20 ਸੀਰੀਜ਼ ਵਿਚ 45,11, 38 ਅਤੇ 11 ਦੌੜਾਂ ਬਣਾਈਆਂ। ਉਨ੍ਹਾਂ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵਿਚ 51,15 ਅਤੇ 9 ਦੌੜਾਂ ਬਣਾਈਆਂ। ਉਨ੍ਹਾਂ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿਚ 2,19,3 ਅਤੇ 14 ਦੌੜਾਂ ਬਣਾਈਆਂ। ਉਨ੍ਹਾਂ ਨੇ ਟੀ20 ਸੀਰੀਜ਼ ਵਿਚ 105, ਵਨਡੇ ਸੀਰੀਜ਼ ਵਿਚ 75 ਅਤੇ ਟੈਸਟ ਸੀਰੀਜ਼ ਵਿਚ 38 ਦੌੜਾਂ ਬਣਾਈਆਂ।

ਵਿਰਾਟ ਕੋਹਲੀ ਦਾ ਦੂਜਾ ਘੱਟ ਔਸਤ

ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿਚ 9.50 ਦੀ ਔਸਤ ਨਾਲ 38 ਰਨ ਬਣਾਏ। ਇਹ ਉਨ੍ਹਾਂ ਦਾ ਟੈਸਟ ਸੀਰੀਜ਼ ਦਾ ਦੂਜਾ ਘੱਟ ਔਸਤ ਰਿਹਾ। ਉਨ੍ਹਾਂ ਨੇ ਇਸ ਤੋਂ ਪਹਿਲਾਂ 2017 ਵਿਚ ਆਸਟਰੇਲੀਆ ਖ਼ਿਲਾਫ਼ ਘਰੇਲੂ ਟੈਸਟ ਸੀਰੀਜ਼ ਵਿਚ 1340 ਦੀ ਔਸਤ ਨਾਲ 134 ਦੌੜਾਂ ਹੀ ਬਣਾ ਸਕੇ। ਉਨ੍ਹਾਂ ਨੇ 2015 ਵਿਚ ਬੰਗਲਾ ਦੇਸ਼ ਵਿਚ ਇਕੋ ਇਕ ਟੈਸਟ ਮੈਚ ਵਿਚ ਇਕ ਪਾਰੀ 14 ਦੀ ਔਸਤ ਨਾਲ 14 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ ਨੇ 2011 ਵਿਚ ਵੈਸਟਇੰਡੀਜ਼ ਵਿਚ 15.20 ਦੀ ਔਸਤ ਨਾਲ 76 ਦੌੜਾਂ ਬਣਾਈਆਂ ਸਨ।

Posted By: Tejinder Thind