InD vs NZ : ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਾਬਕਾ ਓਪਨਰ ਬੱਲੇਬਾਜ਼ ਗੌਤਮ ਗੰਭੀਰ ਨੇ ਅਰਸ਼ਦੀਪ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਗੌਤਮ ਗੰਭੀਰ ਨੇ ਕਿਹਾ ਕਿ ਜੇਕਰ ਯੁਵਾ ਖਿਡਾਰੀ ਨੇ ਨੋ-ਬਾਲ ਤੋਂ ਬਚਣਾ ਹੈ ਤਾਂ ਉਸ ਨੂੰ ਚੀਜ਼ਾਂ ਨੂੰ ਸਿੰਪਲ ਰੱਖਣਾ ਪਵੇਗਾ। ਅਰਸ਼ਦੀਪ ਨੂੰ ਬੇਸਿਕਸ 'ਤੇ ਕੰਮ ਕਰਨਾ ਪਵੇਗਾ। ਦੱਸ ਦੇਈਏ ਕਿ ਅਰਸ਼ਦੀਪ ਨੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 'ਚ ਹੁਣ ਤਕ ਸਭ ਤੋਂ ਜ਼ਿਆਦਾ ਨੋ-ਬਾਲ ਦਿੱਤੀਆਂ ਹਨ।

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ-20 ਮੈਚ 'ਚ ਅਰਸ਼ਦੀਪ ਨੇ ਪਾਰੀ ਦੇ 20ਵੇਂ ਓਵਰ ਦੀ ਪਹਿਲੀ ਗੇਂਦ 'ਤੇ ਨੋ-ਬਾਲ ਕੀਤੀ ਸੀ। ਇਸ 'ਤੇ ਡੇਰਿਲ ਮਿਸ਼ੇਲ ਨੇ ਛੱਕਾ ਜੜਿਆ। ਓਵਰ ਦੇ ਅਖੀਰ ਤਕ ਕਾਫੀ ਦੌੜਾਂ ਬਣ ਚੁੱਕੀਆਂ ਸਨ। ਅਰਸ਼ਦੀਪ ਨੇ ਆਖਰੀ ਓਵਰ 'ਚ 27 ਦੌੜਾਂ ਦਿੱਤੀਆਂ ਜਿਸ ਕਾਰਨ ਨਿਊਜ਼ੀਲੈਂਡ ਨੇ 176 ਦੌੜਾਂ ਬਣਾਈਆਂ। ਇਹ ਦੌੜਾਂ ਭਾਰਤ ਲਈ ਭਾਰੀ ਪੈ ਗਈਆਂ। ਟੀਮ ਨੂੰ ਰਾਂਚੀ ਵਿੱਚ 21 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਤੇਜ਼ ਗੇਂਦਬਾਜ਼ ਨੂੰ ਨੋ-ਬਾਲ ਤੋਂ ਬਚਣਾ ਚਾਹੀਦਾ

ਸਟਾਰ ਸਪੋਰਟਸ ਨਾਲ ਗੱਲ ਕਰਦੇ ਹੋਏ ਗੌਤਮ ਗੰਭੀਰ ਨੇ ਕਿਹਾ, ਇਹ ਦੇਖਣਾ ਮੇਰੇ ਲਈ ਅਨ-ਅਕਸੈਪਟੇਬਲ ਸੀ। ਮੈਨੂੰ ਲੱਗਦਾ ਹੈ ਕਿ ਸਕੋਰ ਠੀਕ ਸੀ, ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਛੋਟੇ ਫਾਰਮੈਟ 'ਚ ਨੋ-ਬਾਲ ਨਹੀਂ ਕਰ ਸਕਦੇ। ਇਹ ਟੀਮ ਲਈ ਨੁਕਸਾਨਦੇਹ ਹੁੰਦਾ ਹੈ, ਤੁਹਾਡੇ ਲਈ ਹਾਨੀਕਾਰਕ ਹੁੰਦਾ ਹੈ। ਨਾਲ ਹੀ ਤੁਹਾਨੂੰ ਵਾਪਸੀ ਕਰਨ ਵਿਚ ਮੁਸ਼ਕਲ ਪੈਦਾ ਕਰਦਾ ਹੈ।

ਗੌਤਮ ਗੰਭੀਰ ਨੇ ਅੱਗੇ ਕਿਹਾ, "ਤੁਸੀਂ ਸਿਰਾਜ ਤੇ ਉਮਰਾਨ ਮਲਿਕ ਨਹੀਂ ਹੋ ਜੋ ਆਪਣੀ ਰਫ਼ਤਾਰ ਨਾਲ ਬੱਲੇਬਾਜ਼ਾਂ ਨੂੰ ਮਾਤ ਦੇ ਸਕਦੇ ਹੋ। ਤੁਹਾਨੂੰ ਆਪਣੀ ਗੇਂਦਬਾਜ਼ੀ 'ਚ ਭਿੰਨਤਾਵਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ। ਹੌਲੀ ਬਾਊਂਸਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਸ ਨੂੰ ਇੱਕ ਕੰਮ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਗੇਂਦਬਾਜ਼ੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇ। ਨੋ-ਬਾਲ ਜਿੰਨੀ ਘੱਟ ਕਰ ਸਕਦੇ ਹੋ, ਓਨਾ ਬਿਹਤਰ ਹੈ।"

ਨੋ-ਬਾਲ ਕਾਰਨ ਕਈ ਵਾਰ ਹੋ ਚੁੱਕੇ ਹਨ ਟ੍ਰੋਲ

ਦੱਸ ਦੇਈਏ ਕਿ ਅਰਸ਼ਦੀਪ ਨੋ-ਬਾਲ ਕਾਰਨ ਕਈ ਵਾਰ ਟ੍ਰੋਲ ਹੋ ਚੁੱਕੇ ਹਨ। ਏਸ਼ੀਆ ਕੱਪ ਸਮੇਤ ਕਈ ਦੁਵੱਲੀਆਂ ਸੀਰੀਜ਼ 'ਚ ਉਹ ਨੋ-ਬਾਲ ਗੇਂਦਬਾਜ਼ੀ ਕਰਦੇ ਹੋਏ ਕਾਫੀ ਸਕੋਰ ਗਵਾ ਚੁੱਕੇ ਹਨ। ਨਿਊਜ਼ੀਲੈਂਡ ਖਿਲਾਫ ਪਹਿਲੇ ਟੀ-20 'ਚ ਵੀ ਅਰਸ਼ਦੀਪ ਨੇ ਕਾਫੀ ਦੌੜਾਂ ਖਰਚ ਕੀਤੀਆਂ ਸਨ।

Posted By: Seema Anand