ਮੁੰਬਈ (ਪੀਟੀਆਈ) : ਏਜਾਜ਼ ਪਟੇਲ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਭਾਰਤ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਮੁਕਾਬਲੇ 'ਤੇ ਪਕੜ ਬਣਾ ਲਈ ਹੈ। ਸਪਿੰਨਰ ਏਜਾਜ਼ ਪਟੇਲ ਨੇ ਭਾਰਤ ਦੀ ਪਹਿਲੀ ਪਾਰੀ ਦੀਆਂ ਸਾਰੀਆਂ 10 ਵਿਕਟਾਂ ਹਾਸਲ ਕਰ ਕੇ ਆਪਣੀ ਟੀਮ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਪਰ ਇਸ ਤੋਂ ਕੁਝ ਘੰਟਿਆਂ ਬਾਅਦ ਹੀ ਨਿਊਜ਼ੀਲੈਂਡ ਦੀ ਟੀਮ ਗ਼ਮ ਵਿਚ ਡੁੱਬ ਗਈ ਜਦ ਉਸ ਦੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਪਹਿਲੀ ਪਾਰੀ ਸਿਰਫ਼ 62 ਦੌੜਾਂ 'ਤੇ ਸਿਮਟ ਗਈ। ਬੱਲੇਬਾਜ਼ਾਂ ਨੇ ਅਜਿਹਾ ਰਿਕਾਰਡ ਟੀਮ ਦੇ ਨਾਂ ਕੀਤਾ ਜਿਸ ਨੂੰ ਉਹ ਕਦੀ ਯਾਦ ਨਹੀਂ ਰੱਖਣਾ ਚਾਹੁਣਗੇ। ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਵਿਚ 263 ਦੌੜਾਂ ਦੀ ਵੱਡੀ ਬੜ੍ਹਤ ਮਿਲ ਗਈ ਇਸ ਤੋਂ ਬਾਅਦ ਭਾਰਤ ਨੇ ਪਹਿਲੀ ਪਾਰੀ ਵਿਚ ਬਿਨਾਂ ਵਿਕਟ ਗੁਆਏ 69 ਦੌੜਾਂ ਬਣਾ ਲਈਆਂ ਤੇ ਹੁਣ ਉਸ ਦੀ ਕੁੱਲ ਬੜ੍ਹਤ 332 ਦੌੜਾਂ ਦੀ ਹੋ ਗਈ ਹੈ। ਭਾਰਤ ਆਰਾਮ ਨਾਲ ਇਸ ਬੜ੍ਹਤ ਨੂੰ 400 ਦੌੜਾਂ ਤੋਂ ਪਾਰ ਪਹੁੰਚਾ ਦੇਵੇਗਾ ਤੇ ਨਿਊਜ਼ੀਲੈਂਡ ਲਈ ਚੌਥੀ ਪਾਰੀ ਵਿਚ ਉਸ ਤੋਂ ਪਾਰ ਜਾ ਸਕਣਾ ਨਾਮੁਮਕਿਨ ਹੋਵੇਗਾ।

ਸ਼ੁਭਮਨ ਗਿੱਲ ਜ਼ਖ਼ਮੀ

ਨਿਊਜ਼ੀਲੈਂਡ ਦੀ ਟੀਮ ਫਾਲੋਆਨ ਨਹੀਂ ਬਚਾ ਸਕੀ ਸੀ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੁਬਾਰਾ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਵਿਰਾਟ ਚੌਥੀ ਪਾਰੀ ਵਿਚ ਬੱਲੇਬਾਜ਼ੀ ਨਹੀਂ ਕਰਨਾ ਚਾਹੁੰਦੇ ਹੋਣਗੇ। ਪਹਿਲੀ ਪਾਰੀ 'ਚ ਸੈਂਕੜਾ ਬਣਾਉਣ ਵਾਲੇ ਮਯੰਕ ਅਗਰਵਾਲ 38 ਤੇ ਚੇਤੇਸ਼ਵਰ ਪੁਜਾਰਾ 29 ਦੌੜਾਂ ਬਣਾ ਕੇ ਖੇਡ ਰਹੇ ਸਨ। ਰੈਗੂਲਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਖੱਬੀ ਕੂਹਣੀ 'ਚ ਸੁੱਟ ਲੱਗਣ ਕਾਰਨ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਨਹੀਂ ਉਤਰੇ ਤੇ ਉਨ੍ਹਾਂ ਦੀ ਥਾਂ ਪੁਜਾਰਾ ਓਪਨਿੰਗ ਕਰਨ ਉਤਰੇ।

ਹੈਟਿ੍ਕ ਤੋਂ ਖੁੰਝੇ ਸਿਰਾਜ

ਇਸ਼ਾਂਤ ਸ਼ਰਮਾ ਦੀ ਥਾਂ ਖੇਡ ਰਹੇ ਮੁਹੰਮਦ ਸਿਰਾਜ ਨੇ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਨੂੰ ਸ਼ੁਰੂਆਤੀ ਝਟਕੇ ਦਿੱਤੀ। ਸਿਰਾਜ ਨੇ ਵਿਲ ਯੰਗ ਨੂੰ ਸਿੱਧੀ ਗੇਂਦ 'ਤੇ ਆਊਟ ਕੀਤਾ ਜਦਕਿ ਟਾਮ ਲਾਥਮ ਉਨ੍ਹਾਂ ਦੇ ਬਾਊਂਸਰ 'ਤੇ ਭੁਲੇਖਾ ਖਾ ਗਏ। ਰਾਸ ਟੇਲਰ ਉਨ੍ਹਾਂ ਦਾ ਤੀਜਾ ਸ਼ਿਕਾਰ ਹੋਏ। ਸਿਰਾਜ ਇਕ ਸਮੇਂ ਹੈਟਿ੍ਕ 'ਤੇ ਸਨ ਪਰ ਹੈਨਰੀ ਨਿਕੋਲਸ ਖ਼ਿਲਾਫ਼ ਲੱਤ ਅੜਿੱਕੇ ਦੀ ਉਨ੍ਹਾਂ ਦੀ ਅਪੀਲ ਖ਼ਾਰਜ ਹੋ ਗਈ। ਸਿਰਾਜ ਤੋਂ ਇਲਾਵਾ ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਨੇ ਚਾਰ, ਅਕਸ਼ਰ ਪਟੇਲ ਨੇ ਦੋ ਤੇ ਜਯੰਦ ਯਾਦਵ ਨੇ ਇਕ ਵਿਕਟ ਲਈ।