ਅੰਕੁਸ਼ ਸ਼ੁਕਲਾ, ਕਾਨਪੁਰ : ਗ੍ਰੀਨਪਾਰਕ ਸਟੇਡੀਅਮ ’ਚ ਵੀਰਵਾਰ ਤੋਂ ਸ਼ੁਰੂ ਹੋ ਰਹੇ ਟੈਸਟ ਮੈਚ ’ਚ ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਫਿਰਕੀ ਗੇਂਦਬਾਜ਼ਾਂ ਦਾ ਮੁਕਾਬਲੇ ਦੇਖਣ ਨੂੰ ਮਿਲੇਗਾ। ਭਾਰਤੀ ਟੀਮ ਆਪਣੇ ਫਿਰਕੀ ਗੇਂਦਬਾਜ਼ਾਂ ਦੀ ਮਜ਼ਬੂਤ ਤਿਕੜੀ ਨਾਲ ਮੈਦਾਨ ’ਤੇ ਉਤਰ ਸਕਦੀ ਹੈ ਜੋ ਬੱਲੇਬਾਜ਼ਾਂ ਨੂੰ ਸਪਿੰਨ ਦੇ ਜਾਲ ’ਚ ਫਸਾਉਣ ਦੀ ਕੋਸ਼ਿਸ਼ ਕਰਨਗੇ। ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਭਾਰਤੀ ਬੱਲੇਬਾਜ਼ਾਂ ਨੂੰ ਰੋਕਣ ਲਈ ਆਪਣੇ ਪੇਸ ਅਟੈਕ ਨਾਲ ਤਿੰਨ ਫਿਰਕੀ ਗੇਂਦਬਾਜ਼ ਉਤਾਰ ਸਕਦੀ ਹੈ। ਮੰਗਲਵਾਰ ਨੂੰ ਅਭਿਆਸ ਸੈਸ਼ਨ ਦੇ ਪਹਿਲੇ ਦਿਨ ਦੋਵਾਂ ਟੀਮਾਂ ਨੇ ਗ੍ਰੀਨਪਾਰਕ ਦੀ ਪਿੱਚ ਤੇ ਮੌਸਮ ਨੂੰ ਦੇਖਦੇ ਹੋਏ ਜ਼ਿਆਦਾ ਧਿਆਨ ਫਿਰਕੀ ਗੇਂਦਬਾਜ਼ਾਂ ’ਤੇ ਦਿੱਤਾ। ਜ਼ਿਕਰਯੋਗ ਹੈ ਕਿ 2016 ’ਚ ਗ੍ਰੀਨਪਾਰਕ ਸਟੇਡੀਅਮ ’ਚ ਨਿਊਜ਼ੀਲੈਂਡ ਖ਼ਿਲਾਫ਼ ਖੇਡਦੇ ਹੋਏ ਭਾਰਤੀ ਟੀਮ ਨੂੰ ਆਪਣੇ 500ਵੇਂ ਇਤਿਹਾਸਕ ਟੈਸਟ ਮੈਚ ’ਚ ਇੱਥੋਂ ਦੀ ਸਪਿੰਨ ਪਿੱਚ ਦਾ ਫ਼ਾਇਦਾ ਮਿਲਿਆ ਸੀ। ਪਿੱਚ ਕਿਊਰੇਟਰ ਸ਼ਿਵ ਕੁਮਾਰ ਮੁਤਾਬਕ ਗ੍ਰੀਨਪਾਰਕ ਦੀ ਪਿੱਚ ਸ਼ੁਰੂਆਤੀ ਸੈਸ਼ਨ ’ਚ ਤੇਜ਼ ਗੇਂਦਬਾਜ਼ਾਂ ਦਾ ਸਾਥ ਦਿੰਦੀ ਹੈ। ਉਸ ਤੋਂ ਬਾਅਦ ਦੇ ਸੈਸ਼ਨਾਂ ’ਚ ਸਭ ਤੋਂ ਵੱਧ ਮਦਦ ਸਪਿੰਨਰਾਂ ਨੂੰ ਮਿਲਦੀ।

ਦੋਵਾਂ ਟੀਮਾਂ ਕੋਲ ਬਿਹਤਰ ਫਿਰਕੀ ਗੇਂਦਬਾਜ਼ : ਗ੍ਰੀਨਪਾਰਕ ’ਚ ਹੋਣ ਵਾਲੇ ਟੈਸਟ ਲਈ ਚੁਣੀ ਗਈ ਭਾਰਤੀ ਟੀਮ ’ਚ ਤਜਰਬੇਕਾਰ ਸਪਿੰਨਰ ਅਸ਼ਵਿਨ ਤੇ ਜਡੇਜਾ ਦੇ ਨਾਲ ਅਕਸਰ ਪਟੇਲ ਵੀ ਹੋਣਗੇ ਜਦੋਂਕਿ ਕਿ ਚੌਥੇ ਸਪਿੰਨਰ ਦੇ ਰੂਪ ’ਚ ਜਯੰਤ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਆਫ ਸਪਿੰਨ ਦੇ ਨਾਲ ਮਿਡਲ ਆਰਡਰ ’ਚ ਬੱਲੇਬਾਜ਼ੀ ਕਰਦੇ ਹਨ। ਉਧਰ ਨਿਊਜ਼ੀਲੈਂਡ ਦੀ ਟੀਮ ਕੋਲ ਵੀ ਤਿੰਨ ਸਪਿੰਨਰਾਂ ਮਿਸ਼ੇਲ ਸੈਂਟਨਰ, ਏਜਾਜ਼ ਪਟੇਲ ਤੇ ਰਚਿਨ ਰਵਿੰਦਰ ਹਨ।

ਤਾਪਮਾਨ ’ਤੇ ਨਿਰਭਰ ਕਰੇਗਾ ਪਿੱਚ ਦਾ ਵਿਵਹਾਰ

ਗ੍ਰੀਨਪਾਰ ਸਟੇਡੀਅਮ ’ਚ ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ ਦਾ ਰੋਮਾਂਚ ਉਨਾਵ ਦੀ ਮਿੱਟੀ ਨਾਲ ਬਣੀ ਪਿੱਚ ’ਤੇ ਨਿਰਭਰ ਕਰੇਗਾ। ਇਸ ਸਟੇਡੀਅਮ ’ਚ ਹੁਣ ਤਕ ਖੇਡੇ ਗਏ ਕੌਮਾਂਤਰੀ ਮੁਕਾਬਲਿਆਂ ਲਈ ਬਣਾਈਆਂ ਗਈਆਂ ਪਿੱਚਾਂ ਲਈ ਉਨਾਵ ਤੋਂ ਲਿਆਂਦੀ ਗਈ ਮਿੱਟੀ ਦੀ ਵਰਤੋਂ ਹੋਈ ਹੈ। ਬਿਹਤਰ ਕਲੇ ਕਟੈਂਟ ਸਮਰੱਥਾ ਵਾਲੀ ਮਿੱਟੀ ਟੈਸਟ ਮੈਚ ਲਈ ਸਰਬੋਤਮ ਮੰਨੀ ਜਾਂਦੀ ਹੈ ਜੋ ਗੇਂਦਬਾਜ਼ਾਂ ਦੇ ਨਾਲ ਬੱਲੇਬਾਜ਼ਾਂ ਲਈ ਵੀ ਚੰਗੀ ਸਾਬਤ ਹੁੰਦੀ ਹੈ।

ਸੱਟ ਨੇ ਕੇਐੱਲ ਰਾਹੁਲ ਨੂੰ ਕੀਤਾ ਸੀਰੀਜ਼ ਤੋਂ ਬਾਹਰ

ਭਾਰਤੀ ਸਲਾਮੀ ਬੱਲੇਬਾਜ਼ੀ ਕੇਐੱਲ ਰਾਹੁਲ ਖੱਬੇ ਪਟ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਨਿਊਜ਼ੀਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਥਾਂ ਸੂਰਿਆ ਕੁਮਾਰ ਯਾਦਵ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਵੱਡਾ ਸਕੋਰ ਕਰਨਾ ਟੀਮ ਇੰਡੀਆ ਦਾ ਟੀਚਾ : ਪੁਜਾਰਾ

ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਨੇ ਪਹਿਲੇ ਟੈਸਟ ਤੋਂ ਪਹਿਲਾਂ ਮੰਗਲਵਾਰ ਨੂੰ ਮੈਦਾਨ ’ਤੇ ਆਪਣੀਆਂ ਤਿਆਰੀਆਂ ਨੂੰ ਪਰਖਿਆ। ਅਭਿਆਸ ਤੋਂ ਬਾਅਦ ਹੋਈ ਵਰਚੁਅਲ ਪ੍ਰੈੱਸ ਕਾਨਫਰੰਸ ’ਚ ਭਾਰਤੀ ਟੀਮ ਦੇ ਉਪ ਕਪਤਾਨ ਚੇਤੇਸ਼ਵਰ ਪੁਜਾਰਾ ਨੇ ਕਿਹਾ ਕਿ ਭਾਰਤੀ ਟੀਮ ਦਾ ਟੀਚਾ ਟੈਸਟ ’ਚ ਵੱਡਾ ਸਕੋਰ ਕਰਨ ਦਾ ਹੋਵੇਗਾ।

ਤਿੰਨ ਸਪਿੰਨਰ ਖਿਡਾਉਣ ਦੀ ਯੋਜਨਾ : ਸਟੀਡ

ਨਿਊਜ਼ੀਲੈਂਡ ਟੀਮ ਦੇ ਕੋਚ ਗੈਰੀ ਸਟੀਡ ਨੇ ਕਿਹਾ ਕਿ ਪਹਿਲੇ ਟੈਸਟ ਮੈਚ ’ਚ ਕੀਵੀ ਟੀਮ ਤਿੰਨ ਫਿਰਕੀ ਗੇਂਦਬਾਜ਼ਾਂ ਨਾਲ ਮੈਦਾਨ ’ਚ ਉਤਰ ਸਕਦੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਨੂੰ ਦੇਖਦੇ ਹੋਏ ਤੇਜ਼ ਗੇਂਦਬਾਜ਼ਾਂ ਦੇ ਨਾਲ ਤਿੰਨ ਸਪਿੰਨਰਾਂ ਨੂੰ ਖਿਡਾਉਣ ਦੀ ਰਣਨੀਤੀ ਕਾਰਗਰ ਸਾਬਤ ਹੋ ਸਕਦੀ ਹੈ।

Posted By: Jatinder Singh