ਜੇਐੱਨਐੱਨ, ਨਵੀਂ ਦਿੱਲੀ : ਭਾਰਤ ਨੇ 3 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ 'ਚ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਸਾਹਮਣੇ ਜਿੱਤ ਲਈ 192 ਦੌੜਾਂ ਦਾ ਟੀਚਾ ਸੀ ਪਰ ਪੂਰੀ ਟੀਮ 126 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੇ ਸਭ ਤੋਂ ਵੱਧ 61 ਦੌੜਾਂ ਦੀ ਪਾਰੀ ਖੇਡੀ।

ਉਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ੀ ਦੇ ਸਾਹਮਣੇ ਟਿਕ ਨਹੀਂ ਸਕਿਆ। ਭਾਰਤ ਵੱਲੋਂ ਦੀਪਕ ਹੁੱਡਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ, ਇਸ ਤੋਂ ਇਲਾਵਾ ਯੁਜਵੇਂਦਰ ਚਾਹਲ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਇਸ ਜਿੱਤ ਨਾਲ ਭਾਰਤ ਨੇ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।

ਨਿਊਜ਼ੀਲੈਂਡ ਦੀ ਪਾਰੀ - ਵਿਲੀਅਮਸਨ ਦਾ ਅਰਧ ਸੈਂਕੜਾ

192 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਜ਼ਿਆਦਾ ਦੇਰ ਟਿਕ ਨਹੀਂ ਸਕਿਆ। ਉਸ ਨੇ 61 ਦੌੜਾਂ ਦੀ ਪਾਰੀ ਖੇਡੀ। ਵਿਲੀਅਮਸਨ ਤੋਂ ਇਲਾਵਾ ਡੇਵੋਨ ਕੋਨਵੇ ਨੇ 25 ਦੌੜਾਂ ਦੀ ਪਾਰੀ ਖੇਡੀ।

ਭਾਰਤ ਦੀ ਪਾਰੀ - ਸੂਰਿਆ ਦਾ ਤੂਫਾਨੀ ਸੈਂਕੜਾ

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੂਰਿਆਕੁਮਾਰ ਯਾਦਵ ਦੀਆਂ 111 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ 'ਤੇ ਨਿਊਜ਼ੀਲੈਂਡ ਦੇ ਸਾਹਮਣੇ 191 ਦੌੜਾਂ ਬਣਾਈਆਂ। ਸੂਰਿਆ ਨੇ ਸਿਰਫ 49 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕੀਤਾ। ਉਹ ਇੱਕ ਸਾਲ ਵਿੱਚ ਦੋ ਟੀ-20 ਸੈਂਕੜੇ ਲਗਾਉਣ ਵਾਲਾ ਦੂਜਾ ਭਾਰਤੀ ਬੱਲੇਬਾਜ਼ ਬਣ ਗਿਆ। ਇਸ ਤੋਂ ਪਹਿਲਾਂ ਇਹ ਕਾਰਨਾਮਾ ਰੋਹਿਤ ਸ਼ਰਮਾ ਨੇ ਕੀਤਾ ਸੀ। ਸੂਰਿਆਕੁਮਾਰ ਯਾਦਵ ਤੋਂ ਇਲਾਵਾ ਈਸ਼ਾਨ ਕਿਸ਼ਨ ਨੇ 36 ਦੌੜਾਂ ਦੀ ਪਾਰੀ ਖੇਡੀ।

ਟਿਮ ਸਾਊਦੀ ਨੇ ਹੈਟ੍ਰਿਕ ਲਈ

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਭਾਰਤ ਦੀ ਪਾਰੀ ਦੇ 20ਵੇਂ ਓਵਰ ਵਿੱਚ ਹੈਟ੍ਰਿਕ ਲਈ। ਉਸ ਨੇ 20ਵੇਂ ਓਵਰ ਦੀ ਕ੍ਰਮਵਾਰ ਤੀਜੀ, ਚੌਥੀ ਅਤੇ ਪੰਜਵੀਂ ਗੇਂਦ 'ਤੇ ਹਾਰਦਿਕ ਪੰਡਯਾ, ਦੀਪਕ ਹੁੱਡਾ ਅਤੇ ਵਾਸ਼ਿੰਗਟਨ ਸੁੰਦਰ ਨੂੰ ਆਊਟ ਕੀਤਾ। ਉਹ ਲਸਿਥ ਮਲਿੰਗਾ ਤੋਂ ਬਾਅਦ ਟੀ-20 ਵਿੱਚ ਦੋ ਹੈਟ੍ਰਿਕ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ।

ਇਸ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ 22 ਨਵੰਬਰ ਨੂੰ ਨੇਪੀਅਰ 'ਚ ਖੇਡਿਆ ਜਾਵੇਗਾ। ਸੀਰੀਜ਼ ਦਾ ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

Posted By: Jaswinder Duhra