ਅਭਿਸ਼ੇਕ ਤਿ੍ਪਾਠੀ, ਨਵੀਂ ਦਿੱਲੀ : ਭਾਰਤ ਤੇ ਇੰਗਲੈਂਡ ਵਿਚਾਲੇ ਮਾਨਚੈਸਟਰ ਵਿਚ ਪੰਜਵੇਂ ਟੈਸਟ ਮੈਚ ਤੋਂ ਠੀਕ ਪਹਿਲਾਂ ਮੁਲਤਵੀ ਹੋਈ ਸੀਰੀਜ਼ ਦੇ ਜੇਤੂ ਦਾ ਫ਼ੈਸਲਾ ਹੁਣ ਅਗਲੇ ਸਾਲ ਹੋਵੇਗਾ। ਭਾਰਤੀ ਟੀਮ ਨੇ ਅਗਲੇ ਸਾਲ 2022 ਵਿਚ ਤਿੰਨ ਟੀ-20 ਤੇ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਲਈ ਇੰਗਲੈਂਡ ਦਾ ਦੌਰਾ ਕਰਨਾ ਹੈ ਤੇ ਹੁਣ ਇਹ ਤੈਅ ਹੋਇਆ ਹੈ ਕਿ ਇਸ ਦੌਰੇ 'ਤੇ ਭਾਰਤੀ ਟੀਮ ਇਕ ਵਾਧੂ ਟੈਸਟ ਮੈਚ ਵੀ ਖੇਡੇਗੀ ਜੋ ਮੌਜੂਦਾ ਸੀਰੀਜ਼ ਦਾ ਹੀ ਹਿੱਸਾ ਹੋਵੇਗਾ ਤੇ ਸੀਰੀਜ਼ ਦੇ ਨਤੀਜੇ ਦਾ ਫ਼ੈਸਲਾ ਕਰੇਗਾ। ਇੰਨਾ ਹੀ ਨਹੀਂ ਇਸ ਦੌਰੇ 'ਤੇ ਭਾਰਤੀ ਟੀਮ ਇਕ ਵਾਧੂ ਟੀ-20 ਮੈਚ ਵੀ ਖੇਡ ਸਕਦੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਅਹੁਦੇਦਾਰ ਨੇ ਕਿਹਾ ਕਿ ਉਹ ਮੈਚ ਦੁਬਾਰਾ ਕਰਵਾਇਆ ਜਾਵੇਗਾ, ਇਸ ਦਾ ਮਤਲਬ ਸੀਰੀਜ਼ ਦਾ ਫ਼ੈਸਲਾ ਵੀ ਤਦ ਹੀ ਹੋਵੇਗਾ। ਬੀਸੀਸੀਆਈ ਤੇ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੇ ਅਹੁਦੇਦਾਰਾਂ ਵਿਚਾਲੇ ਇਸ ਗੱਲ 'ਤੇ ਲਗਭਗ ਸਹਿਮਤੀ ਹੋ ਗਈ ਹੈ ਕਿ ਦੋਵਾਂ ਟੀਮਾਂ ਵਿਚਾਲੇ ਅਗਲੇ ਸਾਲ ਜੁਲਾਈ ਵਿਚ ਹੋਣ ਵਾਲੇ ਤਿੰਨ ਟੀ-20 ਤੇ ਤਿੰਨ ਵਨ ਡੇ ਮੈਚਾਂ ਦੇ ਪ੍ਰਰੋਗਰਾਮ ਨੂੰ ਬਦਲ ਕੇ ਚਾਰ ਟੀ-20, ਤਿੰਨ ਵਨ ਡੇ ਤੇ ਇਕ ਟੈਸਟ ਮੈਚ ਦਾ ਕਰ ਦਿੱਤਾ ਜਾਵੇ। ਬੇਸ਼ੱਕ ਇਸ ਦੌਰੇ 'ਤੇ ਇਹ ਇਕੱਲਾ ਟੈਸਟ ਮੈਚ ਹੋਵੇਗਾ ਪਰ ਇਸ ਨੂੰ ਇੱਕੋ ਇਕ ਟੈਸਟ ਦੀ ਸੀਰੀਜ਼ ਨਹੀਂ ਮੰਨਿਆ ਜਾਵੇਗਾ ਬਲਕਿ ਇਸ ਨੂੰ ਮੌਜੂਦਾ ਸੀਰੀਜ਼ ਦੇ ਆਖ਼ਰੀ ਟੈਸਟ ਦੇ ਰੂਪ ਵਿਚ ਖੇਡਿਆ ਜਾਵੇਗਾ। ਤਦ ਤਕ ਭਾਰਤ ਨੂੰ ਇਸ ਸੀਰੀਜ਼ ਵਿਚ 2-1 ਨਾਲ ਅੱਗੇ ਮੰਨਿਆ ਜਾਵੇਗਾ ਤੇ ਇਸ ਟੈਸਟ ਮੈਚ ਦਾ ਨਤੀਜਾ ਹੀ ਸੀਰੀਜ਼ ਦਾ ਨਤੀਜਾ ਤੈਅ ਕਰੇਗਾ। ਭਾਰਤ ਦੇ ਟੈਸਟ ਜਿੱਤਣ 'ਤੇ ਭਾਰਤ ਨੂੰ 3-1 ਨਾਲ ਸੀਰੀਜ਼ ਦਾ ਜੇਤੂ ਮੰਨਿਆ ਜਾਵੇਗਾ ਤੇ ਜੇ ਇੰਗਲੈਂਡ ਇਸ ਟੈਸਟ ਨੂੰ ਜਿੱਤਦਾ ਹੈ ਤਾਂ ਸੀਰੀਜ਼ 2-2 ਨਾਲ ਡਰਾਅ ਮੰਨੀ ਜਾਵੇਗੀ। ਜੇ ਟੈਸਟ ਮੈਚ ਡਰਾਅ ਹੁੰਦਾ ਹੈ ਤਾਂ ਭਾਰਤ 2-1 ਨਾਲ ਜੇਤੂ ਕਹਿਲਾਏਗਾ। ਮੰਨਿਆ ਜਾ ਰਿਹਾ ਹੈ ਕਿ ਪੰਜਵਾਂ ਟੈਸਟ ਮੈਚ ਨਾ ਹੋਣ ਨਾਲ ਈਸੀਬੀ ਨੂੰ ਕੁੱਲ ਮਿਲਾ ਕੇ 40 ਮਿਲੀਅਨ ਪਾਊਂਡ (ਲਗਭਗ 407 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਇਸ ਵਿਚ 30 ਮਿਲੀਅਨ ਪਾਊਂਡ (ਲਗਭਗ 307 ਕਰੋੜ ਰੁਪਏ) ਪ੍ਰਸਾਰਣ ਕਾਰਨ ਜਦਕਿ 10 ਮਿਲੀਅਨ ਪਾਊਂਡ (101 ਕਰੋੜ ਰੁਪਏ) ਦਾ ਨੁਕਸਾਨ ਟਿਕਟਾਂ ਦੀ ਵਿਕਰੀ ਨਾਲ ਹੋਇਆ। ਇਸ ਕਾਰਨ ਈਸੀਬੀ ਦੇ ਇਸ ਨੁਕਸਾਨ ਦੀ ਭਰਪਾਈ ਲਈ ਬੀਸੀਸੀਆਈ ਵਾਧੂ ਮੈਚ ਖੇਡ ਕੇ ਮਦਦ ਲਈ ਤਿਆਰ ਹੈ।