ਰਾਜਕੋਟ, (ਆਈਏਐੱਨਐੱਸ) : ਬੰਗਲਾਦੇਸ਼ ਵਿਚਾਲੇ ਖੇਡੀ ਜਾ ਰਹੀ ਟੀ-20 ਲੜੀ 'ਚ ਪਹਿਲਾ ਮੁਕਾਬਲਾ ਹਾਰਨ ਤੋਂ ਬਾਅਦ ਟੀਮ ਇੰਡੀਆ ਦਬਾਅ 'ਚ ਹੈ। ਮਹਿਮਾਨ ਟੀਮ ਨੇ ਲੜੀ 'ਚ 1-0 ਦਾ ਵਾਧਾ ਹਾਸਲ ਕਰਕੇ ਪਹਿਲੀ ਵਾਰ ਭਾਰਤ ਖ਼ਿਲਾਫ਼ ਟੀ20 ਲੜੀ ਜਿੱਤਣ ਦੀ ਉਮੀਦ ਬਣਾਈ ਹੈ। ਭਾਰਤੀ ਟੀਮ 7 ਨਵੰਬਰ ਨੂੰ ਦੂਜੇ ਮੁਕਾਬਲੇ 'ਚ ਰਾਜਕੋਟ 'ਚ ਬੰਗਲਾਦੇਸ਼ ਖ਼ਿਲਾਫ਼ ਖੇਡੇਗੀ ਪਰ ਮੈਚ ਦੇ ਪ੍ਰਬੰਧ 'ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।


ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾ ਰਹੀ ਟੀ20 ਲੜੀ ਲਗਾਤਾਰ ਸ਼ੱਕ ਦੇ ਬੱਦਲਾਂ 'ਚ ਘਿਰੀ ਹੈ। ਲੜੀ ਤੋਂ ਪਹਿਲਾਂ ਬੰਗਲਾਦੇਸ਼ੀ ਖਿਡਾਰੀਆਂ ਦੇ ਹੜਤਾਲ 'ਤੇ ਜਾਣ ਕਾਰਨ ਦੌਰਾ ਖਟਾਸ 'ਚ ਪੈਂਦਾ ਦਿਸ ਰਿਹਾ ਹੈ। ਭਾਰਤ ਦੌਰੇ 'ਤੇ ਆਉਣ ਤੋਂ ਬਾਅਦ ਦਿੱਲੀ ਦੇ ਦੂਸ਼ਿਤ ਵਾਤਾਵਰਨ ਕਾਰਨ ਪਹਿਲਾ ਟੀ20 ਮੁਸ਼ਕਿਲ 'ਚ ਨਜ਼ਰ ਆ ਰਿਹਾ ਸੀ। ਹੁਣ ਰਾਜਕੋਟ 'ਚ ਖੇਡਿਆ ਜਾਣ ਵਾਲਾ ਲੜੀ ਦਾ ਦੂਜਾ ਮੁਕਾਬਲੇ ਮੀਂਹ ਕਾਰਨ ਰੱਦ ਹੋ ਸਕਦਾ ਹੈ।


ਤੂਫ਼ਾਨ ਦਾ ਪੈ ਸਕਦਾ ਹੈ ਅਸਰ

ਮਹਾ ਤੂਫ਼ਾਨ ਕਾਰਨ ਰਾਜਕੋਟ 'ਚ ਖੇਡੇ ਜਾਣ ਵਾਲੇ ਮੁਕਾਬਲੇ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਅਰਬ ਸਾਗਰ 'ਚੋਂ ਉੱਠਿਆ ਗੰਭੀਰ ਚੱਕਰਵਾਤੀ ਤੂਫ਼ਾਨ 'ਮਹਾ' ਦੇ ਬੁੱਧਵਾਰ 6 ਨਵੰਬਰ ਨੂੰ ਗੁਜਰਾਤ ਕੰਢੇ ਟਕਰਾਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਅਜਿਹਾ ਅਨੁਮਾਨ ਹੈ ਕਿ ਅਗਲੇ 2-3 ਦਿਨਾਂ 'ਚ ਮਹਾ ਤੂਫ਼ਾਨ ਕੇਰਲ ਦੇ ਤੱਟ ਤੋਂ ਭਾਰਤੀ ਜਲ ਸੀਮਾ 'ਚ ਵੜ ਸਕਦਾ ਹੈ। ਇਸ ਤਬਾਹਕਾਰੀ ਤੂਫ਼ਾਨ ਕਾਰਨ ਗੁਜਰਾਤ ਦੇ ਤੱਟੀ ਖੇਤਰ ਪੋਰਬੰਦਰ, ਸੋਮਨਾਥ, ਜੂਨਾਗੜ੍ਹ ਅਤੇ ਦੇਵਭੂਮੀ ਦੁਆਰਕਾ 'ਚ ਮੋਹਲੇਧਾਰ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ।ਮੈਚ ਨਾ ਹੋਇਆ ਤਾਂ ਭਾਰਤ ਨਹੀਂ ਜਿੱਤ ਸਕੇਗਾ ਲੜੀ

ਭਾਰਤੀ ਟੀਮ ਪਹਿਲਾ ਮੈਚ ਹਾਰ ਚੁੱਕੀ ਹੈ ਅਤੇ ਲੜੀ 'ਚ ਬਣੇ ਰਹਿਣ ਲਈ ਉਸ ਦਾ ਦੂਜਾ ਟੀ20 ਮੁਕਾਬਲਾ ਜਿੱਤਣਾ ਜ਼ਰੂਰੀ ਹੈ। 7 ਨਵੰਬਰ ਨੂੰ ਖੇਡਿਆ ਜਾਣ ਵਾਲਾ ਰਾਜਕੋਟ ਦਾ ਮੈਚ ਜੇਕਰ ਮੀਂਹ ਕਾਰਨ ਰੱਦ ਕੀਤਾ ਗਿਆ ਤਾਂ ਉਸ ਦੀ ਲੜੀ ਜਿੱਤਣ ਦੀ ਉਮੀਦ ਖਤਮ ਹੋ ਜਾਵੇਗੀ। ਭਾਰਤ ਨਾਗਪੁਰ 'ਚ 10 ਨਵੰਬਰ ਨੂੰ ਤੀਜਾ ਮੈਚ ਜਿੱਤ ਕੇ ਲੜੀ ਬਰਾਬਰ ਤਾਂ ਕਰ ਸਕਦਾ ਹੈ ਪਰ ਇਸ ਨੂੰ ਜਿੱਤ ਨਹੀਂ ਸਕੇਗਾ।

Posted By: Jagjit Singh