ਮੀਰਪੁਰ (ਪੀਟੀਆਈ) : ਭਾਰਤੀ ਖਿਡਾਰੀਆਂ ’ਤੇ ਬੰਗਲਾਦੇਸ਼ ਖ਼ਿਲਾਫ਼ ਐਤਵਾਰ ਨੂੰ ਇੱਥੇ ਖੇਡੇ ਗਏ ਪਹਿਲੇ ਵਨ ਡੇ ਮੈਚ ਵਿਚ ਹੌਲੀ ਓਵਰਾਂ ਦੀ ਰਫ਼ਤਾਰ ਲਈ ਮੈਚ ਫੀਸ ਦਾ 80 ਫ਼ੀਸਦੀ ਜੁਰਮਾਨਾ ਲਾਇਆ ਗਿਆ। ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਇਕ ਵਿਕਟ ਨਾਲ ਗੁਆਇਆ ਸੀ।

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਪੈਨਲ ਦੇ ਮੈਚ ਰੈਫਰੀ ਰੰਜਨ ਮਦੁਗੁਲੇ ਨੇ ਇਹ ਜੁਰਮਾਨਾ ਲਾਇਆ ਕਿਉਂਕਿ ਭਾਰਤ ਨੇ ਤੈਅ ਸਮੇਂ ਵਿਚ ਚਾਰ ਓਵਰ ਘੱਟ ਕੀਤੇ ਸਨ। ਖਿਡਾਰੀਆਂ ਤੇ ਖਿਡਾਰੀਆਂ ਦੇ ਸਹਿਯੋਗੀ ਸਟਾਫ ਲਈ ਆਈਸੀਸੀ ਜ਼ਾਬਤੇ ਦੇ ਹੌਲੀ ਓਵਰਾਂ ਦੀ ਰਫ਼ਤਾਰ ਨਾਲ ਜੁੜੇ ਆਰਟੀਕਲ 2.22 ਦੇ ਮੁਤਾਬਕ ਤੈਅ ਸਮੇਂ ਵਿਚ ਓਵਰ ਪੂਰੇ ਨਾ ਕਰਨ ’ਤੇ ਖਿਡਾਰੀਆਂ ’ਤੇ ਪ੍ਰਤੀ ਓਵਰ ਦੀ ਦਰ ਨਾਲ ਉਨ੍ਹਾਂ ਦੀ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਜਾਂਦਾ ਹੈ। ਆਈਸੀਸੀ ਦੇ ਬਿਆਨ ਮੁਤਾਬਕ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਹ ਜੁਰਮਾਨਾ ਸਵੀਕਾਰ ਕਰ ਲਿਆ ਹੈ ਇਸ ਲਈ ਇਸ ਮਾਮਲੇ ਵਿਚ ਅੱਗੇ ਸੁਣਵਾਈ ਦੀ ਲੋੜ ਨਹੀਂ ਪਈ। ਮੈਦਾਨੀ ਅੰਪਾਇਰ ਮਾਈਕਲ ਗਾ ਤੇ ਤਨਵੀਰ ਅਹਿਮਦ, ਤੀਜੇ ਅੰਪਾਇਰ ਸ਼ਰਫੁਦੌਲਾ ਇਬਨੇ ਸ਼ਾਹਿਦ ਤੇ ਚੌਥੇ ਅੰਪਾਇਰ ਗਾਜੀ ਸੋਹੇਲ ਨੇ ਭਾਰਤੀ ਟੀਮ ’ਤੇ ਹੌਲੀ ਓਵਰਾਂ ਦੀ ਰਫ਼ਤਾਰ ਦੇ ਦੋਸ਼ ਲਾਏ ਸਨ। ਦੋਵਾਂ ਟੀਮਾਂ ਵਿਚਾਲੇ ਦੂਜਾ ਵਨ ਡੇ ਬੁੱਧਵਾਰ ਨੂੰ ਖੇਡਿਆ ਜਾਵੇਗਾ।

Posted By: Shubham Kumar