ਨਵੀਂ ਦਿੱਲੀ (ਜੇਐੱਨਐੱਨ) : ਖ਼ਰਾਬ ਬੱਲੇਬਾਜ਼ੀ, ਫੀਲਡਿੰਗ ਤੇ ਅੰਤ ਵਿਚ ਬੇਕਾਰ ਗੇਂਦਬਾਜ਼ੀ ਦਾ ਖਮਿਆਜ਼ਾ ਭਾਰਤ ਨੂੰ ਬੰਗਲਾਦੇਸ਼ ਖ਼ਿਲਾਫ਼ ਢਾਕਾ ਦੇ ਸ਼ੇਰ-ਏ-ਬਾਂਗਲਾ ਸਟੇਡੀਅਮ ਵਿਚ ਐਤਵਾਰ ਨੂੰ ਖੇਡੇ ਗਏ ਪਹਿਲੇ ਵਨ ਡੇ ਮੈਚ ਵਿਚ ਹਾਰ ਕੇ ਉਠਾਉਣਾ ਪਿਆ। ਇਸ ਮੈਚ ਵਿਚ ਜਿੱਤ ਦੇ ਨਾਲ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ। ਬੰਗਲਾਦੇਸ਼ ਵੱਲੋਂ ਮੈਚ ਦੇ ਹੀਰੋ ਆਫ ਸਪਿੰਨਰ ਮੇਹਦੀ ਹਸਨ ਰਹੇ ਜਿਨ੍ਹਾਂ ਨੇ ਅੰਤ ਵਿਚ ਧਮਾਕੇਦਾਰ ਬੱਲੇਬਾਜ਼ੀ ਕਰ ਕੇ ਭਾਰਤ ਦੇ ਮੂੰਹੋ ਜਿੱਤ ਖੋਹ ਲਈ। ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਟਾਸ ਜਿੱਤ ਕੇ ਮਹਿਮਾਨ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਪਰ ਭਾਰਤੀ ਟੀਮ ਕੇਐੱਲ ਰਾਹੁਲ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਬਾਵਜੂਦ 41.2 ਓਵਰਾਂ ਵਿਚ 186 ਦੌੜਾਂ 'ਤੇ ਸਿਮਟ ਗਈ। ਜਵਾਬ ਵਿਚ ਬੰਗਲਾਦੇਸ਼ ਨੇ ਮੇਹਦੀ ਹਸਨ ਦੀ ਪਾਰੀ ਦੀ ਮਦਦ ਨਾਲ 24 ਗੇਂਦਾਂ ਬਾਕੀ ਰਹਿੰਦੇ 187 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸੱਟ ਕਾਰਨ ਬੰਗਲਾਦੇਸ਼ ਖ਼ਿਲਾਫ਼ ਵਨ ਡੇ ਸੀਰੀਜ਼ ਚੋਂ ਬਾਹਰ ਹੋ ਗਏ।

Posted By: Shubham Kumar