ਨਵੀਂ ਦਿੱਲੀ, ਟੀਮ ਇੰਡੀਆ 3 ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ ਲਈ ਨਾਗਪੁਰ ਪਹੁੰਚ ਗਈ ਹੈ। ਦੂਜਾ ਟੀ-20 ਮੈਚ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ। ਟੀਮ ਦੇ ਨਾਗਪੁਰ ਪਹੁੰਚਣ ਦੀ ਜਾਣਕਾਰੀ ਬੀਸੀਸੀਆਈ ਵੱਲੋਂ ਪੋਸਟ ਕੀਤੀ ਗਈ ਵੀਡੀਓ ਵਿੱਚ ਦਿੱਤੀ ਗਈ ਹੈ। ਇਸ ਵੀਡੀਓ 'ਚ ਟੀਮ ਦਾ ਏਅਰਪੋਰਟ ਤੋਂ ਹੋਟਲ ਤਕ ਦਾ ਸਫਰ ਦਿਖਾਇਆ ਗਿਆ ਹੈ। ਟੀਮ ਇੰਡੀਆ ਨੂੰ ਲੈ ਕੇ ਨਾਗਪੁਰ 'ਚ ਪ੍ਰਸ਼ੰਸਕਾਂ ਦਾ ਉਤਸ਼ਾਹ ਦੇਖਣ ਯੋਗ ਸੀ।

ਹੋਟਲ ਦੇ ਬਾਹਰ ਪ੍ਰਸ਼ੰਸਕ ਆਪਣੇ ਚਹੇਤੇ ਖਿਡਾਰੀਆਂ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਨਜ਼ਰ ਆਏ। ਇਸ ਦੌਰਾਨ ਹੋਟਲ ਸਟਾਫ਼ ਨੇ ਵੀ ਟੀਮ ਦਾ ਨਿੱਘਾ ਸਵਾਗਤ ਕੀਤਾ। ਪ੍ਰਸ਼ੰਸਕ ਆਪਣੇ ਚਹੇਤੇ ਖਿਡਾਰੀਆਂ ਤੋਂ ਆਟੋਗ੍ਰਾਫ ਲੈਂਦੇ ਵੀ ਨਜ਼ਰ ਆਏ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਿਸ਼ਭ ਪੰਤ ਤੇ ਸੂਰਿਆਕੁਮਾਰ ਯਾਦਵ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੱਤੇ।

ਸੀਰੀਜ਼ 'ਚ ਵਾਪਸੀ ਲਈ ਮੈਚ ਜਿੱਤਣਾ ਜ਼ਰੂਰੀ

ਆਸਟ੍ਰੇਲੀਆ ਇਸ ਸਮੇਂ 3 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੈ ਤੇ ਜੇਕਰ ਟੀਮ ਇੰਡੀਆ ਨੇ ਸੀਰੀਜ਼ 'ਚ ਵਾਪਸੀ ਕਰਨੀ ਹੈ ਤਾਂ ਉਸ ਨੂੰ 23 ਸਤੰਬਰ ਨੂੰ ਹੋਣ ਵਾਲਾ ਮੈਚ ਜਿੱਤਣਾ ਹੋਵੇਗਾ। ਟੀਮ ਇੰਡੀਆ ਨੂੰ ਮੋਹਾਲੀ 'ਚ ਪਹਿਲੇ ਟੀ-20 ਮੈਚ 'ਚ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹਾਰਦਿਕ ਪੰਡਿਆ ਦੀਆਂ 71 ਦੌੜਾਂ ਦੀ ਪਾਰੀ ਦੇ ਦਮ 'ਤੇ 208 ਦੌੜਾਂ ਬਣਾਈਆਂ ਸਨ, ਇਸ ਦੇ ਬਾਵਜੂਦ ਉਸ ਦੇ ਗੇਂਦਬਾਜ਼ ਇਸ ਸਕੋਰ ਦਾ ਬਚਾਅ ਨਹੀਂ ਕਰ ਸਕੇ।

Posted By: Sarabjeet Kaur