ਨਵੀਂ ਦਿੱਲੀ : ਆਸਟ੍ਰੇਲੀਆ ਨੂੰ ਉਸ ਦੇ ਘਰ 'ਚ ਪੰਜ ਮੈਚਾਂ ਦੀ ਟੈਸਟ ਸੀਰੀਜ਼ 3-1 ਨਾਲ ਤੇ ਵਨ ਡੇ ਸੀਰੀਜ਼ 2-1 ਨਾਲ ਹਰਾਉਣ ਵਾਲੀ ਭਾਰਤੀ ਟੀਮ ਆਪਣੇ ਹੀ ਘਰ ਵਿਚ ਉਸੇ ਟੀਮ ਖ਼ਿਲਾਫ਼ ਬੁਰੀ ਤਰ੍ਹਾਂ ਨਾਕਾਮ ਹੋ ਗਈ। ਸਟੀਵ ਸਮਿਥ ਤੇ ਡੇਵਿਡ ਵਾਰਨਰ ਤੋਂ ਬਿਨਾਂ ਅਧੂਰੀ ਦਿਖਾਈ ਦੇ ਰਹੀ ਆਸਟ੍ਰੇਲੀਆਈ ਟੀਮ ਨੇ ਦੁਨੀਆ ਦੀ ਦੂਜੇ ਨੰਬਰ ਵਾਲੀ ਟੀਮ ਨੂੰ ਉਸਦੇ ਘਰ ਵਿਚ ਆ ਕੇ ਪਹਿਲਾਂ ਟੀ-20 ਸੀਰੀਜ਼ ਵਿਚ 2-0 ਨਾਲ ਮਾਤ ਦਿੱਤੀ ਤੇ ਫਿਰ ਬੁੱਧਵਾਰ ਨੂੰ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਨੂੰ 3-2 ਨਾਲ ਆਪਣੇ ਨਾਂ ਕੀਤਾ।

ਇਹ ਪਹਿਲੀ ਵਾਰ ਹੈ ਜਦ ਆਸਟ੍ਰੇਲੀਆ ਨੇ ਭਾਰਤ ਵਿਚ 0-2 ਨਾਲ ਪੱਛੜਨ ਤੋਂ ਬਾਅਦ ਕੋਈ ਵਨ ਡੇ ਸੀਰੀਜ਼ ਜਿੱਤੀ ਹੈ। ਇਹੀ ਨਹੀਂ, ਇਸ ਟੀਮ ਨੇ 2009 ਤੋਂ ਬਾਅਦ ਭਾਰਤ ਵਿਚ ਕੋਈ ਵਨ ਡੇ ਸੀਰੀਜ਼ ਜਿੱਤੀ ਹੈ। ਸ਼ੁਰੂਆਤੀ ਦੋ ਮੈਚਾਂ ਵਿਚ ਪੱਛੜਨ ਤੋਂ ਬਾਅਦ ਆਸਟ੍ਰੇਲੀਆ ਨੇ ਰਾਂਚੀ ਤੇ ਮੋਹਾਲੀ ਵਨ ਡੇ ਜਿੱਤ ਕੇ ਸੀਰੀਜ਼ 2-2 ਨਾਲ ਬਰਾਬਰ ਕਰ ਲਈ ਸੀ ਤੇ ਸਭ ਦਾ ਧਿਆਨ ਫ਼ਿਰੋਜ਼ਸ਼ਾਹ ਕੋਟਲਾ ਵਿਚ ਹੋਣ ਵਾਲੇ ਆਖ਼ਰੀ ਮੈਚ 'ਤੇ ਸੀ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੌਂ ਵਿਕਟਾਂ 'ਤੇ 272 ਦੌੜਾਂ ਬਣਾਈਆਂ ਤਾਂ ਲੱਗਾ ਕਿ ਟੀਮ ਇੰਡੀਆ ਇਹ ਮੈਚ ਤੇ ਸੀਰੀਜ਼ ਜਿੱਤ ਲਵੇਗੀ ਪਰ ਮਹਿਮਾਨ ਟੀਮ ਦੇ ਗੇਂਦਬਾਜ਼ਾਂ ਨੇ ਮੇਜ਼ਬਾਨਾਂ ਨੂੰ 50 ਓਵਰਾਂ ਵਿਚ 237 ਦੌੜਾਂ 'ਤੇ ਆਲ ਆਊਟ ਕਰ ਕੇ 35 ਦੌੜਾਂ ਨਾਲ ਇਹ ਮੁਕਾਬਲਾ ਤੇ ਸੀਰੀਜ਼ ਆਪਣੇ ਨਾਂ ਕੀਤੀ।

ਇਸ ਸਾਲ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਆਸਟ੍ਰੇਲੀਆ ਖ਼ਿਲਾਫ਼ ਇਹ ਆਖ਼ਰੀ ਵਨ ਡੇ ਸੀਰੀਜ਼ ਸੀ। ਇਸ ਵਿਚ ਉਸ ਨੂੰ ਆਪਣੇ ਆਖ਼ਰੀ 15 ਖਿਡਾਰੀ ਤੈਅ ਕਰਨੇ ਸਨ ਪਰ ਆਸਟ੍ਰੇਲੀਆਈ ਬੱਲੇਬਾਜ਼ਾਂ ਨੇ ਟੀਮ ਇੰਡੀਆ ਦੇ ਗੁੱਟ ਦੇ ਸਪਿੰਨਰਾਂ ਕੁਲਦੀਪ ਯਾਦਵ ਤੇ ਯੁਜਵਿੰਦਰ ਸਿੰਘ ਚਹਿਲ ਦੀਆਂ ਗੇਂਦਾਂ ਨੂੰ ਆਸਾਨੀ ਨਾਲ ਪੜ੍ਹ ਲਿਆ ਤੇ ਉਸ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਦੀ ਤਕਨੀਕ ਦੀਆਂ ਕਮੀਆਂ ਨੂੰ ਸਾਹਮਣੇ ਲਿਆ ਦਿੱਤਾ। ਖ਼ਾਸ ਕਰ ਕੇ ਆਸਟ੍ਰੇਲੀਆਈ ਸਪਿੰਨਰ ਐਡਮ ਜ਼ਾਂਪਾ ਨੇ 10 ਓਵਰਾਂ ਵਿਚ 46 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਤੇ ਭਾਰਤੀ ਬੱਲੇਬਾਜ਼ਾਂ ਦੀ ਤਕਨੀਕ ਦੀ ਪੋਲ ਖੋਲ੍ਹ ਦਿੱਤੀ। ਉਨ੍ਹਾਂ ਨੇ ਇਸ ਸੀਰੀਜ਼ ਵਿਚ 11 ਵਿਕਟਾਂ ਲਈਆਂ। ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਇਸ ਸੀਰੀਜ਼ ਵਿਚ ਭਾਰਤੀ ਪਿੱਚਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਭ ਤੋਂ ਜ਼ਿਆਦਾ 14 ਵਿਕਟਾਂ ਲਈਆਂ।