ਕਾਨਪੁਰ (ਪੀਟੀਆਈ) : ਨਿਊਜ਼ੀਲੈਂਡ ਖ਼ਿਲਾਫ਼ 25 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ’ਚ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਭਾਰਤੀ ਟੀਮ ਪ੍ਰਬੰਧਨ ਪ੍ਰਤੀਭਾਸ਼ਾਲੀ ਸ਼ੁਭਮਨ ਗਿੱਲ ਨਾਲ ਮੱਧਕ੍ਰਮ ’ਚ ਬੱਲੇਬਾਜ਼ੀ ਕਰਵਾਏ। ਟੀਮ ਪ੍ਰਬੰਧਨ ਵੱਡੇ ਖ਼ਿਡਾਰੀਆਂ ਦੀ ਗ਼ੈਰ-ਹਾਜ਼ਰੀ ’ਚ ਗਿੱਲ ਦੀ ਹਮਲਾਵਰ ਸ਼ੈਲੀ ਨੂੰ ਪਰਖਣਾ ਚਾਹੁੰਦਾ ਹੈ। ਪਤਾ ਚੱਲਿਆ ਹੈ ਕਿ ਸ਼ੁਭਮਨ ਨੂੰ ਕਿਹਾ ਗਿਆ ਹੈ ਕਿ ਉਹ ਕਾਨਪੁਰ ’ਚ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ’ਚ ਮੱਧਕ੍ਰਮ ’ਚ ਬੱਲੇਬਾਜ਼ੀ ਕਰਨਗੇ, ਜਿਥੇ ਵਿਰਾਟ ਕੋਹਲੀ ਦੀ ਗ਼ੈਰਮੌਜੂਦਗੀ ’ਚ ਅਜਿੰਕਆ ਰਹਾਣੇ ਟੀਮ ਦੀ ਅਗਵਾਈ ਕਰਨਗੇ।

ਇਨ੍ਹਾਂ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਰੋਹਿਤ ਸ਼ਰਮਾ ਦੇ ਨਾਲ ਹੋਣ ਟੀਮ ਪ੍ਰਬੰਧਨ ਲਈ ਇਕ ਸ਼ਾਨਦਾਰ ਮੌਕਾ ਹੈ ਕਿ ਉਹ ਮੱਧਕ੍ਰਮ ਦੇ ਬੱਲੇਬਾਜ਼ ਦੇ ਰੂਪ ’ਚ ਗਿੱਲ ਦੇ ਕੌਸ਼ਲ ਨੂੰ ਪਰਖ ਸਕਣ। ਕੋਹਲੀ ਮੁੰਬਈ ਟੈਸਟ, ਜਦੋਂਕਿ ਰੋਹਿਤ ਦੱਖਣੀ ਅਫਰੀਕਾ ਦੌਰੇ ਲਈ ਟੀਮ ’ਚ ਵਾਪਸ ਆਉਣਗੇ।

ਸ਼ਾਨਦਾਰ ਲੈਅ ’ਚ ਚੱਲ ਰਹੇ ਲੋਕੇਸ਼ ਰਾਹੁਲ ਪਾਰੀ ਦੀ ਸ਼ੁਰੂਆਤ ਕਰਨਗੇ, ਜਿਥੇ ਮਯੰਕ ਅਗਰਵਾਲ ਉਨ੍ਹਾਂ ਦੇ ਜੋੜੀਦਾਰ ਦੀ ਭੂਮਿਕਾ ਨਿਭਾਅ ਸਕਦੇ ਹਨ। ਸਮਝਿਆ ਜਾਂਦਾ ਹੈ ਕਿ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਨਵੀਂ ਚੁਣੀ ਕਮੇਟੀ ਤੇ ਮੌਜੂਦਾ ਟੀਮ ਪ੍ਰਬੰਧਨ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਹਲੀ ਤੋਂ ਇਲਾਵਾ ਮੱਧਕ੍ਰਮ ’ਚ ਘੱਟੋ-ਘੱਟ ਇਕ ਖਿਡਾਰੀ ਦੀ ਲੋੜ ਹੈ, ਜੋ ਆਪਣੇ ਹਮਲੇ ਨਾਲ ਵਿਰੋਧੀ ਖੇਮੇ ਨੂੰ ਪਰੇਸ਼ਾਨ ਕਰ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਚਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ ਤੇ ਹਨੁਮਾ ਵਿਹਾਰੀ ਦੀ ਬੱਲੇਬਾਜ਼ੀ ਦੀ ਸ਼ੈਲੀ ਲਗਪਗ ਇਕੋ ਜਿਹੀ ਹੈ।

Posted By: Susheel Khanna