ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਪਿਛਲੇ ਦਿਨੀਂ ਰੁੱਝੇ ਹੋਏ ਪ੍ਰਰੋਗਰਾਮ ਦੀ ਖੁੱਲ੍ਹ ਕੇ ਨਿੰਦਾ ਕਰ ਚੁੱਕੇ ਹਨ। ਨਿਊਜ਼ੀਲੈਂਡ ਵਿਚ ਮੌਜੂਦ ਕੋਹਲੀ ਦੀ ਇਸ ਖ਼ਬਰ ਤੋਂ ਬਾਅਦ ਨੀਂਦ ਉੱਡਣਾ ਤੈਅ ਹੈ ਜਿਸ ਵਿਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਆਪਣੇ ਅਗਲੇ ਕੈਲੰਡਰ (2024-31) ਵਿਚ ਵਨ ਡੇ ਵਿਸ਼ਵ ਕੱਪ, ਟੀ-20 ਵਿਸ਼ਵ ਕੱਪ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੋਂ ਇਲਾਵਾ ਦੋ ਨਵੇਂ ਟੂਰਨਾਮੈਂਟਾਂ ਦਾ ਪ੍ਰਸਤਾਵ ਰੱਖ ਦਿੱਤਾ ਹੈ। ਇਹ ਪ੍ਰਸਤਾਵ ਜੇ ਲਾਗੂ ਹੋਇਆ ਤਾਂ ਪੂਰੀ ਦੁਨੀਆ ਦੀਆਂ ਮਰਦ ਟੀਮਾਂ 2023 ਤੋਂ 2031 ਤਕ 14 ਆਈਸੀਸੀ ਟੂਰਨਾਮੈਂਟ ਖੇਡਣਗੀਆਂ। ਇਸ ਤੋਂ ਇਲਾਵਾ ਹੋਰ ਦੁਵੱਲੀਆਂ ਸੀਰੀਜ਼ਾਂ, ਹਰੇਕ ਦੇਸ਼ ਦੀ ਆਪਣੀ ਗਲੋਬਲ ਲੀਗ ਤੇ ਹੋਰ ਟੂਰਨਾਮੈਂਟ ਵੱਖ ਹਨ। ਆਈਸੀਸੀ ਦੇ ਪ੍ਰਸਤਾਵਿਤ ਕੈਲੰਡਰ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਸਾਲ ਆਸਟ੍ਰੇਲੀਆ ਵਿਚ ਤੇ ਅਗਲੇ ਸਾਲ ਭਾਰਤ ਵਿਚ ਟੀ-20 ਵਿਸ਼ਵ ਕੱਪ ਹੋਣਾ ਹੈ। ਅਗਲੇ ਸਾਲ ਇੰਗਲੈਂਡ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਹੋਵੇਗਾ। ਉਥੇ 2023 ਵਿਚ ਵਨ ਡੇ ਵਿਸ਼ਵ ਕੱਪ ਵੀ ਭਾਰਤ ਵਿਚ ਹੋਣਾ ਪਹਿਲਾਂ ਤੋਂ ਹੀ ਤੈਅ ਹੈ।

ਚੈਂਪੀਅਨਜ਼ ਟਰਾਫੀ ਵਾਂਗ ਵਨ ਡੇ ਚੈਂਪੀਅਨਜ਼ ਕੱਪ :

ਟੀ-20 ਚੈਂਪੀਅਨਜ਼ ਕੱਪ ਤੋਂ ਇਲਾਵਾ ਵਨ ਡੇ ਚੈਂਪੀਅਨਜ਼ ਕੱਪ, ਚੈਂਪੀਅਨਜ਼ ਟਰਾਫੀ ਵਾਂਗ ਇਕ ਛੋਟਾ ਟੂਰਨਾਮੈਂਟ ਹੋਵੇਗਾ ਜਿਸ ਵਿਚ ਛੇ ਟੀਮਾਂ ਵਿਚਾਲੇ 16 ਮੈਚ ਹੋਣਗੇ। ਉਥੇ ਟੀ-20 ਚੈਂਪੀਅਨਜ਼ ਕੱਪ ਮੈਚਾਂ ਦੇ ਲਿਹਾਜ਼ ਨਾਲ ਇਕ ਨਵੇਂ ਵਿਸ਼ਵ ਕੱਪ ਵਾਂਗ ਹੋਵੇਗਾ। ਜਿਸ ਵਿਚ ਰੈਗੂਲਰ ਟੀ-20 ਵਿਸ਼ਵ ਕੱਪ ਤੋਂ ਸਿਰਫ਼ ਸੱਤ ਹੀ ਮੈਚ ਘੱਟ ਹੋਣਗੇ। ਉਥੇ ਵਨ ਡੇ ਵਿਸ਼ਵ ਕੱਪ ਵਿਚ ਤਾਂ 48 ਹੀ ਮੈਚ ਹੁੰਦੇ ਹਨ।

15 ਮਾਰਚ ਤਕ ਲਾਓ ਬੋਲੀ :

ਮੈਂਬਰ ਦੇਸ਼ਾਂ ਨੂੰ 2023-2031 ਵਿਚਾਲੇ ਹੋਣ ਵਾਲੇ ਆਈਸੀਸੀ ਟੂਰਨਾਮੈਂਟਾਂ ਲਈ ਬੋਲੀ ਲਾਉਣ ਲਈ 15 ਮਾਰਚ ਤਕ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ ਇਹ ਸਮਾਂ ਹੱਦ ਆਈਸੀਸੀ ਦੀ ਮਾਰਚ ਦੇ ਆਖ਼ਰ ਵਿਚ ਹੋਣ ਵਾਲੀ ਮੀਟਿੰਗ ਤਕ ਵਧਾਈ ਜਾ ਸਕਦੀ ਹੈ। ਇਸ ਦਾ ਕਾਰਣ ਇਹ ਹੈ ਕਿ ਇਸ ਪ੍ਰਸਤਾਵ ਦਾ ਅਜੇ ਅਧਿਕਾਰਕ ਕਰਾਰ ਹੋਣਾ ਹੈ ਕਿਉਂਕਿ ਇਹ ਅਜੇ ਸਿਰਫ਼ ਪ੍ਰਸਤਾਵ ਹੈ।

ਇਹ ਬੋਰਡ ਹਟੇ ਸਨ ਪਿੱਛੇ :

ਆਈਸੀਸੀ ਤੇ ਇਸ ਦੇ ਮੁੱਖ ਕਾਰਜਕਾਰੀ ਮਨੂ ਸਵਾਨੀ ਨੇ ਕਿਹਾ ਸੀ ਕਿ ਕੈਲੰਡਰ ਦੇ ਹਰੇਕ ਸਾਲ ਵਿਚ ਇਕ ਆਈਸੀਸੀ ਟੂਰਨਾਮੈਂਟ ਹੋਣਾ ਚਾਹੀਦਾ ਹੈ ਜਿਸ ਨਾਲ ਰੈਗੂਲਰ ਤੌਰ 'ਤੇ ਵੱਡੀ ਰਕਮ ਮਿਲੇਗੀ ਤੇ ਉਸ ਨੂੰ ਛੋਟੇ ਦੇਸ਼ਾਂ ਵਿਚ ਖੇਡ ਨੂੰ ਉਤਸ਼ਾਹ ਦੇਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਹਾਲਾਂਕਿ ਬੀਸੀਸੀਆਈ, ਕ੍ਰਿਕਟ ਆਸਟ੍ਰੇਲੀਆ ਤੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਇਸ ਪ੍ਰਸਤਾਵ ਤੋਂ ਕਦਮ ਪਿੱਛੇ ਹਟਾ ਲਏ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨਾਲ ਦੁਵੱਲੀ ਸੀਰੀਜ਼ 'ਤੇ ਅਸਰ ਪਵੇਗਾ ਤੇ ਉਹ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਬੋਰਡ ਦੀ ਕਮਾਈ ਘੱਟ ਹੋ ਜਾਵੇਗੀ।

ਦੁਵੱਲੀਆਂ ਸੀਰੀਜ਼ਾਂ ਦਾ ਸਮਾਂ ਹੋ ਜੋਵੇਗਾ ਘੱਟ :

ਬੋਰਡ ਮੈਂਬਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਟੂਰਨਾਮੈਂਟਾਂ ਲਈ ਕਾਫੀ ਦਿਨਾਂ ਦੀ ਲੋੜ ਪਵੇਗੀ ਤੇ ਇਹ ਟੂਰਨਾਮੈਂਟ ਦੁਵੱਲੀਆਂ ਵਨ ਡੇ ਤੇ ਟੀ-20 ਸੀਰੀਜ਼ਾਂ ਦਾ ਵੀ ਸਮਾਂ ਖਾ ਜਾਣਗੇ। ਟੈਸਟ ਚੈਂਪੀਅਨਸ਼ਿਪ 2023 ਤੋਂ ਬਾਅਦ 2025, 2027, 2029 ਤੇ 2031 ਵਿਚ ਹੋਣੀ ਹੈ। ਉਥੇ ਦੂਜੇ ਪਾਸੇ ਬੀਸੀਸੀਆਈ ਨੇ ਵੀ ਇਸ ਵਾਰ ਆਈਪੀਐੱਲ ਦੇ ਸਮੇਂ ਨੂੰ ਵਧਾਅ ਦਿੱਤਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਬੀਬੀਐੱਲ ਤੇ ਵੈਸਟਇੰਡੀਜ਼ ਦੇ ਸੀਪੀਐੱਲ ਵਰਗੇ ਘਰੇਲੂ ਟੀ-20 ਟੂਰਨਾਮੈਂਟ ਵੀ ਹਨ। ਉਥੇ ਇੰਗਲੈਂਡ ਵਿਚ ਵੀ ਇਸ ਸਾਲ ਤੋਂ ਹੰਡਰਡ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਹੈ।

ਓਲੰਪਿਕ ਕਾਰਨ ਰੱਦ ਹੋ ਸਕਦੈ ਵਿਚਾਰ :

ਇਕ ਹੋਰ ਮਾਮਲਾ ਹੈ ਜਿਸ ਕਾਰਨ ਆਈਸੀਸੀ ਦਾ ਪ੍ਰਸਤਾਵਿਤ ਕੈਲੰਡਰ ਖ਼ਾਰਜ ਹੋ ਸਕਦਾ ਹੈ। ਉਹ ਹੈ ਕ੍ਰਿਕਟ ਨੂੰ ਓਲੰਪਿਕ ਤਕ ਪਹੁੰਚਾਉਣ ਦੀ ਪਹਿਲ। ਪਿਛਲੇ ਸਾਲ ਅਗਸਤ ਵਿਚ ਹੀ ਐੱਮਸੀਸੀ ਦੀ ਵਿਸ਼ਵ ਕ੍ਰਿਕਟ ਕਮੇਟੀ ਦੇ ਚੇਅਰਮੈਨ ਮਾਈਕ ਗੈਟਿੰਗ ਨੇ ਕਿਹਾ ਸੀ ਕਿ ਲਾਸ ਏਂਜਲਸ ਵਿਚ ਹੋਣ ਵਾਲੇ 2028 ਓਲੰਪਿਕ ਵਿਚ ਕ੍ਰਿਕਟ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪ੍ਰਸਤਾਵ ਮੁਤਾਬਕ ਇਸ ਸਾਲ ਟੀ-20 ਚੈਂਪੀਅਨਜ਼ ਕੱਪ ਵੀ ਖੇਡਿਆ ਜਾਵੇਗਾ।

ਮਹਿਲਾ ਕ੍ਰਿਕਟ 'ਚ ਵੀ ਪ੍ਰਸਤਾਵ :

ਟੀ-20 ਤੇ ਵਨ ਡੇ ਦੇ ਚੈਂਪੀਅਨਜ਼ ਕੱਪ ਦਾ ਪ੍ਰਸਤਾਵ ਮਹਿਲਾ ਕ੍ਰਿਕਟ ਪ੍ਰਰੋਗਰਾਮ ਵਿਚ ਵੀ ਜੋੜਿਆ ਗਿਆ ਹੈ। ਦੋਵੇਂ ਟੂਰਨਾਮੈਂਟਾਂ ਵਿਚ ਛੇ ਟੀਮਾਂ ਵਿਚਾਲੇ 16 ਮੈਚ ਖੇਡੇ ਜਾਣਗੇ। ਵਿੱਤੀ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਜੋ ਵੀ ਦੇਸ਼ ਇਨ੍ਹਾਂ ਟੂਰਨਾਮੈਂਟਾਂ ਲਈ ਬੋਲੀ ਲਾਏਗਾ ਉਹ ਟਿਕਟ, ਹਾਸਪੀਟੇਲਿਟੀ ਤੇ ਕੈਟਰਿੰਗ ਵਿਚ ਕਮਾਈ ਕਰੇਗਾ ਜਦਕਿ ਆਈਸੀਸੀ ਹੋਰ ਵਪਾਰਕ ਤੇ ਪ੍ਰਸਾਰਣ ਕਰਾਰ ਨਾਲ ਕਮਾਈ ਕਰੇਗਾ।