ਦੁਬਈ (ਪੀਟੀਆਈ) : ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਮੈਚ ਵਿਚ ਵੱਡੀ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਵਾਲੀ ਦੱਖਣੀ ਅਫਰੀਕਾ ਦੀ ਸਲਾਮੀ ਬੱਲੇਬਾਜ਼ ਲਿਜੇਲ ਲੀ ਮੰਗਲਵਾਰ ਨੂੰ ਜਾਰੀ ਆਈਸੀਸੀ ਦੀ ਨਵੀਂ ਵਨ ਡੇ ਮਹਿਲਾ ਰੈਂਕਿੰਗ ਵਿਚ ਭਾਰਤੀ ਕਪਤਾਨ ਮਿਤਾਲੀ ਰਾਜ ਨਾਲ ਸਾਂਝੇ ਤੌਰ 'ਤੇ ਸਿਖਰ 'ਤੇ ਪੁੱਜ ਗਈ ਹੈ। ਲੀ ਨੇ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਵਨ ਡੇ ਵਿਚ ਅਜੇਤੂ 91 ਦੌੜਾਂ ਬਣਾਈਆਂ। ਮਿਤਾਲੀ ਨੇ ਆਪਣਾ ਨੰਬਰ ਇਕ ਸਥਾਨ ਕਾਇਮ ਰੱਖਿਆ ਤੇ ਹੁਣ ਉਹ ਲੀ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਹੈ। ਦੋਵਾਂ ਬੱਲੇਬਾਜ਼ਾਂ ਦੇ 762 ਰੇਟਿੰਗ ਅੰਕ ਹਨ। ਆਸਟ੍ਰੇਲੀਆ ਦੀ ਏਲਿਸਾ ਹੀਲੀ ਤੀਜੇ ਸਥਾਨ 'ਤੇ ਹੈ। ਭਾਰਤ ਦੀ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਨੌਵੇਂ ਸਥਾਨ ਦੇ ਨਾਲ ਚੋਟੀ ਦੇ 10 ਵਿਚ ਸ਼ਾਮਲ ਹੈ। ਜੂਨ 2018 ਵਿਚ ਪਹਿਲੀ ਵਾਰ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ 'ਤੇ ਪੁੱਜਣ ਤੋਂ ਬਾਅਦ ਇਸ ਸਾਲ ਮਾਰਚ ਵਿਚ ਵੀ ਨੰਬਰ ਇਕ ਬੱਲੇਬਾਜ਼ ਬਣੀ ਲੀ ਨੇ ਦੂਜੇ ਮੈਚ ਵਿਚ 18 ਦੌੜਾਂ ਬਣਾਈਆਂ ਸਨ। ਭਾਰਤ ਦੀ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਤੇ ਸੀਨੀਅਰ ਸਪਿੰਨਰ ਪੂਨਮ ਯਾਦਵ ਗੇਂਦਬਾਜ਼ਾਂ ਦੀ ਸੂਚੀ ਵਿਚ ਕ੍ਰਮਵਾਰ ਪੰਜਵੇਂ ਤੇ ਨੌਵੇਂ ਸਥਾਨ 'ਤੇ ਕਾਇਮ ਹਨ। ਦੀਪਤੀ ਸ਼ਰਮਾ ਹਰਫ਼ਨਮੌਲਾ ਦੀ ਸੂਚੀ ਵਿਚ ਪੰਜਵੇਂ ਸਥਾਨ 'ਤੇ ਕਾਇਮ ਹੈ। ਭਾਰਤ ਦੀ ਨੌਜਵਾਨ ਸਟਾਰ ਬੱਲੇਬਾਜ਼ ਸ਼ੇਫਾਲੀ ਵਰਮਾ ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ 769 ਅੰਕਾਂ ਨਾਲ ਚੋਟੀ 'ਤੇ ਬਣੀ ਹੋਈ ਹੈ। ਉਨ੍ਹਾਂ ਤੋਂ ਬਾਅਦ ਆਸਟ੍ਰੇਲੀਆ ਦੀ ਬੇਥ ਮੂਨੀ (744) ਤੇ ਭਾਰਤ ਦੀ ਟੀ-20 ਉੱਪ ਕਪਤਾਨ ਮੰਧਾਨਾ (716) ਦਾ ਨੰਬਰ ਆਉਂਦਾ ਹੈ। ਟੀ-20 ਗੇਂਦਬਾਜ਼ਾਂ ਦੀ ਸੂਚੀ ਵਿਚ ਇੰਗਲੈਂਡ ਦੀ ਸਾਰਾ ਗਲੇਨ ਇਕ ਸਥਾਨ ਦੇ ਫ਼ਾਇਦੇ ਨਾਲ ਦੂਜੇ ਸਥਾਨ 'ਤੇ ਪੁੱਜ ਗਈ ਹੈ। ਨਿਊਜ਼ੀਲੈਂਡ ਦੀ ਆਫ ਸਪਿੰਨਰ ਲੇਘ ਕਾਸਪੇਰੇਕ ਸੱਤ ਸਥਾਨ ਦੇ ਫ਼ਾਇਦੇ ਨਾਲ 15ਵੇਂ ਜਦਕਿ ਹਰਫ਼ਨਮੌਲਾ ਜੇਸ ਕੇਰ ਅੱਠ ਸਥਾਨ ਦੇ ਫ਼ਾਇਦੇ ਨਾਲ 58ਵੇਂ ਸਥਾਨ 'ਤੇ ਹੈ।