ਜੇਐੱਨਐੱਨ, ਨਵੀਂ ਦਿੱਲੀ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਮੰਗਲਵਾਰ ਨੂੰ ਸਾਲ 2022 ਦੀ ਸਰਵੋਤਮ ਵਨਡੇ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਦੋ ਭਾਰਤੀ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਬਾਬਰ ਆਜ਼ਮ ਨੂੰ ਇਸ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਭਾਰਤ ਵੱਲੋਂ ਸ਼੍ਰੇਅਸ ਅਈਅਰ ਅਤੇ ਮੁਹੰਮਦ ਸਿਰਾਜ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ।

ਸਿਰਾਜ ਨੇ 50 ਓਵਰਾਂ ਦੇ ਫਾਰਮੈਟ ਵਿੱਚ ਆਪਣੇ ਪ੍ਰਦਰਸ਼ਨ ਨਾਲ ਕਾਫੀ ਪ੍ਰਭਾਵਿਤ ਕੀਤਾ। ਦੂਜੇ ਪਾਸੇ ਬਤੌਰ ਕਪਤਾਨ ਬਾਬਰ ਆਜ਼ਮ ਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ। ਦੱਸ ਦੇਈਏ ਕਿ ਭਾਰਤ ਦੇ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਇਸ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਬਾਬਰ ਆਜ਼ਮ ਕੋਲ ਓਪਨਿੰਗ ਦੇ ਨਾਲ-ਨਾਲ ਕਪਤਾਨੀ ਦੀ ਜ਼ਿੰਮੇਵਾਰੀ ਹੋਵੇਗੀ। ਆਜ਼ਮ ਦੇ ਨਾਲ ਓਪਨਿੰਗ ਲਈ ਟ੍ਰੈਵਿਸ ਹੈੱਡ ਨੂੰ ਰੱਖਿਆ ਗਿਆ ਹੈ।

ਵੈਸਟਇੰਡੀਜ਼ ਦੇ ਬੱਲੇਬਾਜ਼ ਸ਼ਾਈ ਹੋਪ ਨੂੰ ਤੀਜੇ ਸਥਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦੋਂ ਕਿ ਸ਼੍ਰੇਅਸ ਅਈਅਰ ਨੇ ਨੰਬਰ-4 'ਤੇ ਕਬਜ਼ਾ ਕੀਤਾ ਹੈ। ਨਿਊਜ਼ੀਲੈਂਡ ਦੇ ਵਿਕਟਕੀਪਰ ਬੱਲੇਬਾਜ਼ ਟਾਮ ਲੈਥਮ ਨੂੰ ਪੰਜਵੇਂ ਸਥਾਨ ਲਈ ਢੁਕਵਾਂ ਮੰਨਿਆ ਜਾ ਰਿਹਾ ਹੈ। ਜ਼ਿੰਬਾਬਵੇ ਦੇ ਆਲਰਾਊਂਡਰ ਸਿਕੰਦਰ ਰਜ਼ਾ ਨੂੰ ਵੀ ਟੀਮ 'ਚ ਜਗ੍ਹਾ ਮਿਲੀ ਹੈ।

ਬੰਗਲਾਦੇਸ਼ ਦੇ ਮੇਹਦੀ ਹਸਨ, ਵੈਸਟਇੰਡੀਜ਼ ਦੇ ਅਲਜ਼ਾਰੀ ਜੋਸੇਫ, ਭਾਰਤ ਦੇ ਮੁਹੰਮਦ ਸਿਰਾਜ, ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਅਤੇ ਆਸਟਰੇਲੀਆ ਦੇ ਐਡਮ ਜ਼ਾਂਪਾ ਨੂੰ ਗੇਂਦਬਾਜ਼ੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸਾਲ 2022 ਲਈ ਆਈਸੀਸੀ ਵਨਡੇ ਟੀਮ

ਬਾਬਰ ਆਜ਼ਮ (ਕਪਤਾਨ), ਟ੍ਰੈਵਿਸ ਹੈੱਡ, ਸ਼ਾਈ ਹੋਪ, ਸ਼੍ਰੇਅਸ ਅਈਅਰ, ਟਾਮ ਲੈਥਮ, ਸਿਕੰਦਰ ਰਜ਼ਾ, ਮੇਹਿਦੀ ਹਸਨ, ਅਲਜ਼ਾਰੀ ਜੋਸੇਫ, ਮੁਹੰਮਦ ਸਿਰਾਜ, ਟ੍ਰੇਂਟ ਬੋਲਟ ਅਤੇ ਐਡਮ ਜ਼ੈਂਪਾ।

ਸ਼੍ਰੇਅਸ ਅਈਅਰ ਨੇ 2022 ਵਿੱਚ 17 ਮੈਚ ਖੇਡੇ ਅਤੇ 55.69 ਦੀ ਔਸਤ ਨਾਲ 724 ਦੌੜਾਂ ਬਣਾਈਆਂ। ਉਸ ਨੇ ਇਸ ਦੌਰਾਨ ਇੱਕ ਸੈਂਕੜਾ ਅਤੇ ਛੇ ਅਰਧ ਸੈਂਕੜੇ ਵੀ ਲਗਾਏ। ਅਈਅਰ ਨੇ 50 ਓਵਰਾਂ ਦੇ ਫਾਰਮੈਟ ਵਿੱਚ ਲਗਾਤਾਰ ਪ੍ਰਭਾਵ ਪਾਇਆ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਟੀਮ ਇੰਡੀਆ ਦੇ ਪਲੇਇੰਗ 11 ਵਿੱਚ ਉਸ ਨੂੰ ਜਗ੍ਹਾ ਮਿਲੇਗੀ।

Posted By: Jaswinder Duhra