ਦੁਬਈ (ਪੀਟੀਆਈ) : ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਪੂਰੀ ਦੁਨੀਆ ਇਸ ਸਮੇਂ ਵਾਕਫ਼ ਹੈ ਤੇ ਇਸੇ ਕਾਰਨ ਸਾਰੇ ਇਸ ਤੋਂ ਬਚਣ ਲਈ ਜ਼ਰੂਰੀ ਉਪਾਅ ਕਰ ਰਹੇ ਹਨ। ਸਾਰੇ ਦਫਤਰਾਂ ਵਿਚ ਜਾਂ ਤਾਂ ਲੋਕਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ ਜਾਂ ਫਿਰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪੂਰੀ ਦੁਨੀਆ ਦੇ ਕ੍ਰਿਕਟ ਟੂਰਨਾਮੈਂਟ ਤੇ ਇਸ ਨਾਲ ਜੁੜੇ ਸਾਰੇ ਮਾਮਲਿਆਂ ਨੂੰ ਦੇਖਣ ਵਾਲੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਵੀ ਆਪਣੇ ਲਗਭਗ ਸਾਰੇ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਪਾਲਸੀ ਦੇ ਤਹਿਤ ਲਿਆਉਣ ਲਈ ਮਜਬੂਰ ਹੋਣਾ ਪਿਆ ਹੈ। ਆਈਸੀਸੀ ਦੇ ਵੱਡੇ ਅਧਿਕਾਰੀ ਚੇਅਰਮੈਨ ਸ਼ਸ਼ਾਂਕ ਮਨੋਹਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਮਨੂ ਸਾਹਨੀ ਇਕ ਵੀਡੀਓ ਕਾਨਫਰੰਸ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਵਿਚ ਉਹ ਕੋਵਿਡ 19 ਕਾਰਨ ਕ੍ਰਿਕਟ ਕੈਲੰਡਰ 'ਤੇ ਵੱਡੇ ਅਸਰ ਬਾਰੇ ਗੱਲ ਕਰਨ ਜਾ ਰਹੇ ਹਨ। ਹਾਲਾਂਕਿ ਹੁਣ ਤਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਵੀਡੀਓ ਕਾਨਫਰੰਸ ਕਦ ਕਰਨ ਦੀ ਯੋਜਨਾ ਹੈ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇੰਡੀਅਨ ਪ੍ਰਰੀਮੀਅਰ ਲੀਗ ਸਮੇਤ ਪੂਰੀ ਦੁਨੀਆ ਦੇ ਜ਼ਿਆਦਾਤਰ ਟੂਰਨਾਮੈਂਟ, ਸੀਰੀਜ਼ਾਂ ਤੇ ਦੌਰੇ ਜਾਂ ਤਾਂ ਰੱਦ ਕਰ ਦਿੱਤੇ ਗਏ ਹਨ ਜਾਂ ਫਿਰ ਇਸ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕੋਰੋਨਾ ਦਾ ਅਸਰ ਸਭ ਤੋਂ ਜ਼ਿਆਦਾ ਇੰਗਲੈਂਡ ਕ੍ਰਿਕਟ ਦੇ ਨਵੇਂ ਸੀਜ਼ਨ 'ਤੇ ਪਿਆ ਹੈ ਜਿਸ ਨੂੰ ਸ਼ੁਰੂ ਤਕ ਨਹੀਂ ਕੀਤਾ ਜਾ ਸਕਿਆ ਹੈ।

ਆਈਸੀਸੀ ਦੇ ਬੁਲਾਰੇ ਨੇ ਗੱਲ ਕਰਦੇ ਹੋਏ ਦੱਸਿਆ ਕਿ ਜਿਵੇਂ ਕੀ ਪੂਰੀ ਦੁਨੀਆ ਵਿਚ ਹੋ ਰਿਹਾ ਹੈ ਆਈਸੀਸੀ ਵੀ ਅਧਿਕਾਰੀਆਂ ਵੱਲੋਂ ਮਿਲੇ ਸਾਰੇ ਨਿਰਦੇਸ਼ ਦਾ ਪਾਲਨ ਕਰ ਰਹੀ ਹੈ ਤੇ ਆਪਣੇ ਸਾਰੇ ਮੈਂਬਰਾਂ ਦੇ ਸੰਪਰਕ ਵਿਚ ਹੈ। ਸੰਸਥਾ ਨਾਲ ਜੁੜੇ ਜ਼ਿਆਦਾਤਰ ਲੋਕ ਇਸ ਸਮੇਂ ਘਰ ਤੋਂ ਕੰਮ ਕਰ ਰਹੇ ਹਨ। ਆਈਸੀਸੀ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਤਰਜੀਹ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਸਹਿਤਮੰਦ ਰੱਖਣਾ ਤੇ ਉਨ੍ਹਾਂ ਦਾ ਬਿਹਤਰ ਸੋਚਣਾ ਹੈ ਤਾਂਕਿ ਉਹ ਆਪਣੇ ਅੱਗੇ ਦੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਅੰਜਾਮ ਦੇ ਸਕਣ। ਟੀਮ ਦੇ ਕੋਲ ਵੱਖ ਰਹਿ ਕੇ ਕੰਮ ਕਰਨ ਦੀ ਪੂਰੀ ਯੋਗਤਾ ਹੈ ਤੇ ਇਸੇ ਕਾਰਨ ਹੀ ਅਸੀਂ ਆਈਸੀਸੀ ਦੇ ਕੰਮਾਂ ਨੂੰ ਪੂਰੀ ਤਰ੍ਹਾਂ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ। ਅਜਿਹਾ ਕਰਨ ਦੌਰਾਨ ਅਸੀਂ ਆਪਣੇ ਸਾਰੇ ਸਟਾਫ ਦੇ ਪਰਿਵਾਰ ਤੇ ਉਨ੍ਹਾਂ ਦੇ ਸਮੂਹ ਨੂੰ ਸੁਰੱਖਿਅਤ ਵੀ ਰੱਖ ਸਕਦੇ ਹਾਂ।