ਏਂਟੀਗਾ (ਏਜੰਸੀ) : ਭਾਰਤੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਮੰਨਦੇ ਹਨ ਕਿ ਤਕਨੀਕ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਉਨ੍ਹਾਂ ਨੂੰ ਦੌੜਾਂ ਬਣਾਉਣ ਲਈ ਥੋੜ੍ਹਾ ਸਬਰ ਰੱਖਣ ਦੀ ਜ਼ਰੂਰਤ ਹੈ। ਅਫਗਾਨਿਸਤਾਨ ਖ਼ਿਲਾਫ਼ ਇਕ ਟੈਸਟ ਵਿਚ ਨੀਮ ਸੈਂਕੜਾ ਅਤੇ ਪਿਛਲੇ ਸਾਲ ਇੰਗਲੈਂਡ ਵਿਚ 149 ਦੌੜਾਂ ਤੋਂ ਇਲਾਵਾ ਰਾਹੁਲ ਨੇ 2018 ਦੇ ਸ਼ੁਰੂ ਤੋਂ ਬਾਅਦ ਟੈਸਟ ਵੰਨਗੀ ਵਿਚ ਕੁਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਹੈ।

ਵੈਸਟ ਇੰਡੀਜ਼ ਖਿਲਾਫ਼ ਚੱਲ ਰਹੇ ਮੁਕਾਬਲੇ ਵਿਚ ਰਾਹੁਲ ਨੇ ਚੰਗੀ ਸ਼ੁਰੂਆਤ ਤੋਂ ਬਾਅਦ ਵੀ ਵਿਕਟ ਗੁਆ ਦਿੱਤੀ। ਉਨ੍ਹਾਂ ਨੇ ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤੋਂ ਬਾਅਦ ਕਿਹਾ ਕਿ ਤਕਨੀਕ ਅਤੇ ਬਾਕੀ ਸਭ ਕੁਝ ਨੂੰ ਵਧਾ-ਚੜ੍ਹਾ ਪੇਸ਼ ਕੀਤਾ ਜਾਂਦਾ ਹੈ, ਜਦ ਤੁਸੀ ਦੌੜਾਂ ਬਣਾਉਂਦੇ ਹੋ ਤਾਂ ਸਭ ਠੀਕ ਦਿਖਦਾ ਹੈ। ਇਸ ਲਈ ਮੇਰੇ ਲਈ ਕ੍ਰੀਜ਼ 'ਤੇ ਸਮਾਂ ਕੱਢਣਾ ਕਾਫੀ ਅਹਿਮ ਸੀ। ਰਾਹੁਲ ਨੇ ਪਹਿਲੀ ਪਾਰੀ ਵਿਚ 44 ਦੌੜਾਂ ਬਣਾਈਆਂ ਅਤੇ ਉਹ ਦੂਜੀ ਪਾਰੀ ਵਿਚ 38 ਦੌੜਾਂ 'ਤੇ ਆਊਟ ਹੋ ਗਏ। ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਨਿਰਾਸ਼ ਹਾਂ ਪਰ ਮੈਂ ਕਾਫੀ ਚੀਜ਼ਾਂ ਸਹੀ ਕਰ ਰਿਹਾ ਹਾਂ। ਮੈਨੂੰ ਸਿਰਫ਼ ਥੋੜ੍ਹਾ ਸਬਰ ਰੱਖਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਜੋ ਚੰਗੀਆਂ ਚੀਜ਼ਾਂ ਕਰ ਰਿਹਾ ਹਾਂ, ਉਨ੍ਹਾਂ ਨੂੰ 35 ਤੋਂ 45 ਦੌੜਾਂ ਤੋਂ ਬਾਅਦ ਵੀ ਜਾਰੀ ਰੱਖਣਾ ਹੋਵੇਗਾ। ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਹਾਂ। ਮੈਂ ਦੋਵੇਂ ਪਾਰੀਆਂ ਵਿਚ ਸਹਿਜ ਸੀ। ਕਾਫੀ ਚੀਜ਼ਾਂ ਲਈ ਖ਼ੁਸ਼ ਹਾਂ।