ਨਵੀਂ ਦਿੱਲੀ (ਆਈਏਐੱਨਐੱਸ) : ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਲਗਾਤਾਰ ਖ਼ਰਾਬ ਲੈਅ ਇਕ ਖਿਡਾਰੀ ਦੀ ਮਾਨਸਿਕ ਸਿਹਤ ਨੂੰ ਨਕਾਰਾਤਮਕ ਤੌਰ ’ਤੇ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਨੇ ਨਿੱਜੀ ਤੌਰ ’ਤੇ ਇਸ ਦਾ ਤਜਰਬਾ ਕੀਤਾ ਹੈ। ਨਾਲ ਹੀ ਕਿਹਾ ਕਿ ਕਈ ਵਾਰ ਲੋਕਾਂ ਨਾਲ ਭਰੇ ਕਮਰੇ ਵਿਚ ਮੈਂ ਖ਼ੁਦ ਨੂੰ ਇਕੱਲਾ ਮਹਿਸੂਸ ਕੀਤਾ ਹੈ। ਕੋਹਲੀ ਲਗਾਤਾਰ ਖ਼ਰਾਬ ਲੈਅ ’ਚੋਂ ਗੁਜ਼ਰ ਰਹੇ ਹਨ, ਖ਼ਾਸ ਕਰ ਕੇ ਪਿਛਲੇ ਦਿਨਾਂ ’ਚ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਖ਼ਰਾਬ ਪਾਰੀਆਂ ਖੇਡੀਆਂ ਹਨ। ਉਨ੍ਹਾਂ ਨੇ ਦਬਾਅ ਘੱਟ ਕਰਨ ਲਈ ਟੀ-20 ਦੇ ਨਾਲ-ਨਾਲ ਵਨ ਡੇ ਦੀ ਕਪਤਾਨੀ ਵੀ ਛੱਡ ਦਿੱਤੀ।

ਕੋਹਲੀ ਨੇ ਇਕ ਅਖ਼ਬਾਰ ਨੂੰ ਕਿਹਾ ਕਿ ਮੈਂ ਨਿੱਜੀ ਤੌਰ ’ਤੇ ਅਜਿਹੇ ਸਮੇਂ ਦਾ ਤਜਰਬਾ ਕੀਤਾ ਹੈ ਜਦ ਮੈਨੂੰ ਸਮਰਥਨ ਤੇ ਪਿਆਰ ਕਰਨ ਵਾਲੇ ਲੋਕਾਂ ਨਾਲ ਭਰੇ ਕਮਰੇ ਵਿਚ ਵੀ ਮੈਂ ਖ਼ੁਦ ਨੂੰ ਇਕੱਲਾ ਮਹਿਸੂਸ ਕੀਤਾ ਹੈ। ਮੈਨੂੰ ਯਕੀਨ ਹੈ ਕਿ ਇਹ ਇਕ ਅਜਿਹੀ ਭਾਵਨਾ ਹੈ ਜਿਸ ਨੂੰ ਬਹੁਤ ਲੋਕਾਂ ਨੇ ਮਹਿਸੂਸ ਕੀਤਾ ਹੋਵੇਗਾ। ਇਸ ਲਈ ਆਪਣੇ ਲਈ ਸਮਾਂ ਕੱਢੋ ਤੇ ਬਿਹਤਰ ਕਰਨ ਲਈ ਧਿਆਨ ਕੇਂਦਰਤ ਕਰੋ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਹ ਸਿੱਖਣ ਦੀ ਲੋੜ ਹੈ ਕਿ ਆਪਣੇ ਸਮੇਂ ਨੂੰ ਕਿਵੇਂ ਵੰਡਿਆ ਜਾਵੇ ਤਾਂਕਿ ਸੰਤੁਲਨ ਬਣਿਆ ਰਹੇ। ਅਭਿਆਸ ਕਰਦੇ ਰਹੋ ਤੇ ਤੁਸੀਂ ਆਪਣਾ ਕੰਮ ਕਰਦੇ ਸਮੇਂ ਆਨੰਦ ਦੀ ਭਾਵਨਾ ਮਹਿਸੂਸ ਕਰੋ।

Posted By: Gurinder Singh