ਚੇਨਈ (ਏਜੰਸੀ) : ਭਾਰਤ ਦੇ ਮੱਧਮ ਰਫ਼ਤਾਰ ਦੇ ਗੇਂਦਬਾਜ਼ ਦੀਪਕ ਚਾਹਰ ਲਈ ਕੋਵਿਡ-19 ਮਹਾਮਾਰੀ ਕਾਰਨ ਆਈਪੀਐੱਲ 2020 ਮੁਲਤਵੀ ਹੋਣਾ ਫ਼ਾਇਦੇਮੰਦ ਸਾਬਿਤ ਹੋ ਰਿਹਾ ਹੈ ਕਿਉਂਕਿ ਇਸ ਦੇਰੀ ਨਾਲ ਉਨ੍ਹਾਂ ਨੂੰ ਪਿੱਠ ਵਿਚ ਲੱਗੀ ਸੱਟ ਤੋਂ ਪਿੱਛਾ ਛੁਡਾਉਣ ਤੇ ਪੂਰੀ ਤਰ੍ਹਾਂ ਫਿਟਨੈੱਸ ਹਾਸਲ ਕਰਨ ਦਾ ਸਮਾਂ ਮਿਲ ਜਾਵੇਗਾ। ਆਈਪੀਐੱਲ ਵਿਚ ਚੇਨਈ ਸੁਪਰ ਕਿੰਗਜ਼ ਲਈ ਖੇਡਣ ਵਾਲੇ ਚਾਹਰ ਹਾਲਾਤ ਆਮ ਹੋਣ 'ਤੇ ਕ੍ਰਿਕਟ ਵਿਚ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 27 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਮੈਂ ਮੁੜ ਤੋਂ ਗੇਂਦਬਾਜ਼ੀ ਕਰਨ ਲਈ ਬੇਤਾਬ ਹਾਂ। ਅਜੇ ਮੈਂ ਫਿੱਟ ਰਹਿਣਾ ਚਾਹੁੰਦਾ ਹਾਂ। ਚਾਹਰ ਨੂੰ ਪਿੱਠ ਵਿਚ ਇਹ ਸੱਟ ਪਿਛਲੇ ਸਾਲ ਦਸੰਬਰ ਵਿਚ ਵੈਸਟਇੰਡੀਜ਼ ਖ਼ਿਲਾਫ਼ ਵਨ ਡੇ ਲੜੀ ਦੌਰਾਨ ਲੱਗੀ ਸੀ ਜਿਸ ਕਾਰਨ ਉਹ ਮਾਰਚ ਦੇ ਅੰਤ ਤਕ ਕ੍ਰਿਕਟ 'ਚੋਂ ਬਾਹਰ ਹੋ ਗਏ ਸਨ। ਉਨ੍ਹਾਂ ਨੇ ਮੰਨਿਆ ਕਿ ਜੇ ਆਈਪੀਐੱਲ 29 ਮਾਰਚ ਨੂੰ ਸ਼ੁਰੂ ਹੋ ਗਿਆ ਹੁੰਦਾ ਤਾਂ ਉਹ ਚੇਨਈ ਸੁਪਰ ਕਿੰਗਜ਼ ਲਈ ਸ਼ੁਰੂਆਤੀ ਮੈਚਾਂ ਵਿਚ ਨਹੀਂ ਖੇਡ ਸਕਦੇ ਸੀ। ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਦੀ ਅਧਿਕਾਰਕ ਵੈੱਬਸਾਈਟ 'ਤੇ ਕਿਹਾ ਕਿ ਜਦ ਚੀਜ਼ਾਂ ਤੁਹਾਡੇ ਕੰਟਰੋਲ ਵਿਚ ਨਹੀਂ ਹੁੰਦੀਆਂ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਇਸ ਲਈ ਮੈਂ ਉਨ੍ਹਾਂ ਚੀਜ਼ਾਂ 'ਤੇ ਧਿਆਨ ਲਾਉਂਦਾ ਹਾਂ ਜੋ ਮੈਂ ਉਸ ਦੌਰਾਨ ਕਰ ਸਕਦਾ ਹਾਂ।

ਨਵੀਆਂ ਚੀਜ਼ਾਂ ਸਿੱਖਣ ਦੀ ਕਰ ਰਿਹਾ ਹਾਂ ਕੋਸ਼ਿਸ਼

ਚਾਹਰ ਨੇ ਕਿਹਾ ਕਿ ਮੈਂ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਆਪਣੀ ਫਿਟਨੈੱਸ 'ਤੇ ਧਿਆਨ ਦੇ ਰਿਹਾ ਹਾਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੈਂ ਜ਼ਖ਼ਮੀ ਸੀ ਤੇ ਵਾਪਸੀ ਕਰ ਰਿਹਾ ਸੀ। ਇਸ ਲਈ ਮੈਨੂੰ ਠੀਕ ਹੋਣ ਲਈ ਹੋਰ ਸਮਾਂ ਮਿਲ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਆਈਪੀਐੱਲ ਸੈਸ਼ਨ ਸਮੇਂ 'ਤੇ ਸ਼ੁਰੂ ਹੋ ਗਿਆ ਹੁੰਦਾ ਤਾਂ ਮੈਂ ਸ਼ੁਰੂ ਦੇ ਕੁਝ ਮੈਚ ਨਹੀਂ ਖੇਡ ਸਕਦਾ ਸੀ। ਚਾਹਰ ਦੇ ਪਿਛਲੇ ਸਾਲ ਬੰਗਲਾਦੇਸ਼ ਖ਼ਿਲਾਫ਼ ਸੱਤ ਦੌੜਾਂ ਦੇ ਕੇ ਛੇ ਵਿਕਟਾਂ (ਜਿਸ ਵਿਚ ਹੈਟਿ੍ਕ ਵੀ ਸ਼ਾਮਲ ਹੈ) ਨੂੰ ਆਈਸੀਸੀ ਦਾ ਸਾਲ ਦਾ ਸਰਬੋਤਮ ਟੀ-20 ਅੰਤਰਰਾਸ਼ਟਰੀ ਪ੍ਰਦਰਸ਼ਨ ਐਲਾਨਿਆ ਗਿਆ ਸੀ। ਆਈਪੀਐੱਲ ਨੂੰ 15 ਅਪ੍ਰਰੈਲ ਤਕ ਮੁਲਤਵੀ ਕੀਤਾ ਗਿਆ ਹੈ ਪਰ ਅਜੇ ਇਸ ਦੇ ਕਰਵਾਏ ਜਾਣ ਦੀ ਸੰਭਾਵਨਾ ਨਹੀਂ ਹੈ।