ਨਵੀਂ ਦਿੱਲੀ (ਪੀਟੀਆਈ) : ਭਾਰਤੀ ਆਫ ਸਪਿੰਨਰ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਹੁਣ ਵੀ ਇਸ ਲਈ ਖੇਡ ਰਹੇ ਹਨ ਕਿਉਂਕਿ ਉਹ ਖੇਡਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਕਿਸੇ ਦੇ ਸਾਹਮਣੇ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈ। ਹਰਭਜਨ ਆਈਪੀਐੱਲ ਵਿਚ ਇਸ ਸਾਲ ਕੋਲਕਾਤਾ ਨਾਈਟਰਾਈਡਰਜ਼ ਵੱਲੋਂ ਖੇਡਣਗੇ ਤੇ ਉਨ੍ਹਾਂ ਵਿਚ ਜਿੰਨੀ ਵੀ ਕ੍ਰਿਕਟ ਬਚੀ ਹੈ ਉਹ ਉਸ ਦਾ ਪੂਰਾ ਮਜ਼ਾ ਲੈਣਾ ਚਾਹੁੰਦੇ ਹਨ। ਹਰਭਜਨ ਸਿੰਘ ਨੇ ਕਿਹਾ ਕਿ ਕਈ ਲੋਕ ਸੋਚਦੇ ਹਨ ਕਿ ਇਹ ਕਿਉਂ ਖੇਡ ਰਿਹਾ ਹੈ। ਇਹ ਉਨ੍ਹਾਂ ਦੀ ਸੋਚ ਹੈ ਮੇਰੀ ਨਹੀਂ। ਮੇਰੀ ਸੋਚ ਇਹ ਹੈ ਕਿ ਮੈਂ ਅਜੇ ਖੇਡ ਸਕਦਾ ਹਾਂ ਤਾਂ ਮੈਂ ਖੇਡਾਂਗਾ। ਮੈਨੂੰ ਹੁਣ ਕਿਸੇ ਦੇ ਸਾਹਮਣੇ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈ। ਮੇਰਾ ਇਰਾਦਾ ਚੰਗੀ ਖੇਡ ਦਿਖਾਉਣਾ ਹੈ ਤੇ ਮੈਦਾਨ 'ਤੇ ਖੇਡ ਦਾ ਪੂਰਾ ਮਜ਼ਾ ਲੈਣਾ ਹੈ। ਕ੍ਰਿਕਟ ਖੇਡ ਕੇ ਮੈਨੂੰ ਹੁਣ ਵੀ ਸੰਤੁਸ਼ਟੀ ਮਿਲਦੀ ਹੈ। ਮੈਂ ਆਪਣੇ ਲਈ ਮਾਪਦੰਡ ਸਥਾਪਿਤ ਕੀਤੇ ਹਨ ਤੇ ਜੇ ਮੈਂ ਉਨ੍ਹਾਂ ਨੂੰ ਪੂਰਾ ਨਹੀਂ ਕਰਦਾ ਹਾਂ ਤਾਂ ਕਿਸੇ ਹੋਰ ਨੂੰ ਨਹੀਂ ਬਲਕਿ ਆਪਣੇ ਆਪ ਨੂੰ ਦੋਸ਼ ਦੇਵਾਂਗਾ। ਮੈਂ ਤਦ ਆਪਣੇ ਆਪ ਨੂੰ ਸਵਾਲ ਕਰਾਂਗਾ ਕਿ ਕੀ ਮੈਂ ਕਾਫੀ ਕੋਸ਼ਿਸ਼ ਕੀਤੀ ਸੀ।

ਮੈਂ 40 ਸਾਲ ਦੀ ਉਮਰ 'ਚ ਵੀ ਪੂਰੀ ਤਰ੍ਹਾਂ ਫਿੱਟ :

ਹਰਭਜਨ ਸਿੰਘ ਨੇ ਕਿਹਾ ਕਿ ਹਾਂ ਮੈਂ ਹੁਣ 20 ਸਾਲ ਦਾ ਨਹੀਂ ਹਾਂ ਤੇ ਮੈਂ ਹੁਣ ਉਸ ਤਰ੍ਹਾਂ ਅਭਿਆਸ ਨਹੀਂ ਕਰਾਂਗਾ ਜਿਵੇਂ ਤਦ ਕਰਿਆ ਕਰਦਾ ਸੀ। ਹਾਂ, ਮੈਂ 40 ਸਾਲ ਦਾ ਹਾਂ ਤੇ ਮੈਂ ਜਾਣਦਾ ਹਾਂ ਕਿ ਮੈਂ ਹੁਣ ਵੀ ਪੂਰੀ ਤਰ੍ਹਾਂ ਫਿੱਟ ਹਾਂ ਤੇ ਇਸ ਪੱਧਰ 'ਤੇ ਕਾਮਯਾਬ ਹੋਣ ਲਈ ਜੋ ਕਰਨਾ ਹੈ ਉਹ ਕਰਾਂਗਾ।