ਸ਼ਾਰਜਾਹ (ਪੀਟੀਆਈ) : ਸ਼ਾਨਦਾਰ ਫਾਰਮ 'ਚ ਚੱਲ ਰਹੇ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਸੰਜੂ ਸੈਮਸਨ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਬੱਲੇਬਾਜ਼ੀ 'ਚ ਉਨ੍ਹਾਂ ਦੀ ਟਾਈਮਿੰਗ ਚੰਗੀ ਹੈ ਪਰ ਉਹ ਉਦੋਂ ਕਾਫੀ ਨਿਰਾਸ਼ ਹੋ ਗਏ ਸਨ ਜਦੋਂ ਉਨ੍ਹਾਂ ਦੇ ਕਈ ਪ੍ਰਯੋਗਾਂ ਨੂੰ ਕਾਮਯਾਬੀ ਨਹੀਂ ਮਿਲ ਸਕੀ। ਸੈਮਸਨ ਨੇ ਪਿਛਲੀਆਂ ਦੋ ਪਾਰੀਆਂ 'ਚ ਹਮਲਾਵਰ 74 ਤੇ 85 ਦੌੜਾਂ ਬਣਾਈਆਂ। ਉਨ੍ਹਾਂ ਕਿਹਾ ਕਿ ਮੈਂ ਇਕ ਸਾਲ ਤੋਂ ਚੰਗਾ ਪ੍ਰਦਰਸ਼ਨ ਕਰ ਰਿਹਾ ਹਾਂ ਤੇ ਮੇਰਾ ਆਤਮ-ਵਿਸ਼ਵਾਸ ਵਧਿਆ ਹੈ। ਸੈਮਸਨ ਨੇ ਕਿਹਾ ਕਿ ਮੈਂ ਪਿਛਲੇ ਸਾਲ ਤੋਂ ਹੀ ਚੰਗੀ ਤਰ੍ਹਾਂ ਹਿੱਟ ਕਰ ਰਿਹਾ ਹਾਂ ਤੇ ਇਸ ਨੂੰ ਹਾਸਲ ਕਰਨ ਲਈ ਮੈਂ ਬਹੁਤ ਮਿਹਨਤ ਕੀਤੀ ਹੈ। ਮੈਂ ਖ਼ੁਦ ਨੂੰ ਕਿਹਾ ਕਿ ਮੇਰੇ ਕੋਲ ਸ਼ਾਨਦਾਰ ਖੇਡ 'ਚ 10 ਸਾਲ ਹਨ ਤੇ ਮੈਂ ਇਨ੍ਹਾਂ 10 ਸਾਲਾਂ 'ਚ ਪੂਰੀ ਵਾਹ ਲਾ ਦੇਣੀ ਹੈ।

ਰਾਜਸਥਾਨ ਦੇ ਕਪਤਾਨ ਸਮਿਥ ਨੇ ਸੈਮਸਨ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਜੋਸ ਬਟਲਰ ਦੇ ਜਲਦੀ ਆਊਟ ਹੋਣ ਤੋਂ ਬਾਅਦ ਕਪਤਾਨ ਨਾਲ 81 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਸਮਿਥ ਨੇ ਕਿਹਾ ਕਿ ਸੰਜੂ ਬਹੁਤ ਚੰਗੀ ਤਰ੍ਹਾਂ ਨਾਲ ਹਿੱਟ ਕਰ ਰਿਹਾ ਸੀ। ਉਹ ਹਰ ਕਿਸੇ ਤੋਂ ਦਬਾਅ ਹਟਾ ਰਿਹਾ ਸੀ।

ਨਿਰਾਸ਼ ਹੋਣ ਦੀ ਲੋੜ ਨਹੀਂ : ਰਾਹੁਲ

ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇਐੱਲ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਹਾਰ ਦੇ ਬਾਵਜੂਦ ਨਿਰਾਸ਼ ਹੋਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਇਹ ਟੀ-20 ਕ੍ਰਿਕਟ ਹੈ। ਅਸੀਂ ਕਈ ਵਾਰ ਅਜਿਹਾ ਦੇਖਿਆ ਹੈ ਤੇ ਸਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ। ਸਾਨੂੰ ਵਾਪਸੀ ਕਰਨੀ ਹੋਵੇਗੀ।

ਸੈਮਸਨ ਦੀ ਤੁਲਨਾ ਧੋਨੀ ਨਾਲ ਨਾ ਕਰੋ : ਗੰਭੀਰ ਸ਼੍ਰੀਸੰਤ

ਸ਼ਾਰਜਾਹ : ਸੰਜੂ ਸੈਮਸਨ ਦੀ ਪਾਰੀ ਦੇਖ ਕੇ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਉਨ੍ਹਾਂ ਦੀ ਤੁਲਨਾ ਮਹਿੰਦਰ ਸਿੰਘ ਧੋਨੀ ਨਾਲ ਕਰ ਦਿੱਤੀ। ਹਾਲਾਂਕਿ ਸਾਬਕਾ ਕ੍ਰਿਕਟ ਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਤੇ ਕੇਰਲ ਦੇ ਹੀ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਇਸ ਤੋਂ ਖ਼ੁਸ਼ ਨਹੀਂ ਦਿਸੇ ਤੇ ਉਨ੍ਹਾਂ ਸੰਜੂ ਦੀ ਤੁਲਨਾ ਧੋਨੀ ਨਾਲ ਨਾ ਕਰਨ ਲਈ ਕਿਹਾ।