ਨਵੀਂ ਦਿੱਲੀ (ਜੇਐੱਨਐੱਨ) : ਆਈਪੀਐੱਲ 'ਚ ਪਹਿਲੇ ਦੋ ਮੁਕਾਬਲੇ ਹਾਰ ਕੇ ਅੰਕ ਸੂਚੀ ਵਿਚ ਆਖ਼ਰੀ ਸਥਾਨ 'ਤੇ ਚੱਲ ਰਹੀ ਸਨਰਾਈਜਰਜ਼ ਹੈਦਰਾਬਾਦ ਨੇ ਆਬੂਧਾਬੀ 'ਚ ਮੰਗਲਵਾਰ ਨੂੰ ਦਿੱਲੀ ਕੈਪੀਟਲਜ਼ ਨੂੰ 15 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਪਹਿਲੀ ਜਿੱਤ ਦਰਜ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਨੇ ਹੌਲੀ ਸ਼ੁਰੂਆਤ ਕੀਤੀ। ਦੋਵੇਂ ਸਲਾਮੀ ਬੱਲੇਬਾਜ਼ੀ ਤੇਜ਼ੀ ਨਾਲ ਦੌੜਾਂ ਨਾ ਬਣਾ ਸਕੇ। ਬਾਅਦ 'ਚ ਡੇਵਿਡ ਵਾਰਨਰ 33 ਗੇਂਦਾਂ 'ਤੇ 45 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਬੇਰਸਟੋ ਨੇ 48 ਗੇਂਦਾਂ 'ਤੇ 53 ਦੌੜਾਂ ਦਾ ਯੋਗਦਾਨ ਦਿੱਤਾ। ਟੀਮ ਨੂੰ ਚੰਗੇ ਸਕੋਰ ਤਕ ਪਹੁੰਚਾਉਣ ਵਿਚ ਕੇਨ ਵਿਲੀਅਮਸਨ ਦੀ ਅਹਿਮ ਭੂਮਿਕਾ ਰਹੀ ਜਿਨ੍ਹਾਂ ਨੇ 26 ਗੇਂਦਾਂ 'ਚ 41 ਦੌੜਾਂ ਬਣਾਈਆਂ। ਹੈਦਰਾਬਾਦ ਨੇ ਤੈਅ 20 ਓਵਰਾਂ 'ਚ ਚਾਰ ਵਿਕਟਾਂ 'ਤੇ 162 ਦੌੜਾਂ ਬਣਾ ਕੇ ਦਿੱਲੀ ਨੂੰ 163 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿਚ ਦਿੱਲੀ ਦੀ ਟੀਮ 20 ਓਵਰਾਂ 'ਚ ਸੱਤ ਵਿਕਟਾਂ 'ਤੇ 147 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਸੀ।

Posted By: Susheel Khanna