ਨਵੀਂ ਦਿੱਲੀ (ਜੇਐੱਨਐੱਨ) : ਵਿਰਾਟ ਕੋਹਲੀ ਨੂੰ ਇਸ ਸਮੇਂ ਦੁਨੀਆ ਦਾ ਸਭ ਤੋਂ ਬਿਹਤਰੀਨ ਬੱਲੇਬਾਜ਼ ਮੰਨਿਆ ਜਾਂਦਾ ਹੈ। ਅੰਤਰਰਾਸ਼ਟਰੀ ਕ੍ਰਿਕਟ ਵਿਚ 70 ਸੈਂਕੜੇ ਲਾ ਚੁੱਕੇ ਵਿਰਾਟ ਦੀ ਔਸਤ ਕ੍ਰਿਕਟ ਦੇ ਹਰ ਫਾਰਮੈਟ ਵਿਚ 50 ਤੋਂ ਜ਼ਿਆਦਾ ਦਾ ਹੈ। ਟੈਸਟ ਕ੍ਰਿਕਟ ਦੀ ਰੈਂਕਿੰਗ ਵਿਚ ਉਹ ਇਸ ਸਮੇਂ ਦੁਨੀਆ ਦੇ ਦੂਜੇ ਨੰਬਰ ਦੇ ਬੱਲੇਬਾਜ਼ ਹਨ ਤੇ ਉਨ੍ਹਾਂ ਦੀ ਔਸਤ 53.62 ਦੀ ਹੈ ਤੇ ਉਨ੍ਹਾਂ ਦੇ ਨਾਂ 'ਤੇ 27 ਸੈਂਕੜੇ ਵੀ ਦਰਜ ਹਨ। ਸਾਫ਼ ਹੈ ਕਿ ਵਿਰਾਟ ਇਸ ਸਮੇਂ ਟੈਸਟ ਕ੍ਰਿਕਟ ਦੇ ਬਿਹਤਰੀਨ ਬੱਲੇਬਾਜ਼ ਹਨ ਤੇ ਜੇ ਕੋਈ ਟੈਸਟ ਕ੍ਰਿਕਟ ਵਿਚ ਮੌਜੂਦਾ ਇਲੈਵਨ ਦੀ ਚੋਣ ਕਰਦਾ ਹੈ ਤਾਂ ਵਿਰਾਟ ਉਸ ਟੀਮ ਵਿਚ ਜ਼ਰੂਰ ਹੋਣਗੇ ਪਰ ਅਜਿਹਾ ਨਹੀਂ ਹੋਇਆ। ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਬਰੈਡ ਹਾਗ ਨੇ ਮੌਜੂਦਾ ਟੈਸਟ ਇਲੈਵਨ ਦੀ ਚੋਣ ਕੀਤੀ ਹੈ ਤੇ ਆਪਣੀ ਇਸ ਟੀਮ ਵਿਚ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਥਾਂ ਨਹੀਂ ਦਿੱਤੀ ਹੈ ਜੋ ਹੈਰਾਨ ਕਰਨ ਵਾਲੀ ਗੱਲ ਹੈ। ਹਾਲਾਂਕਿ ਕਿਸੇ ਦੀ ਨਿੱਜੀ ਸੋਚ 'ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਜਾ ਸਕਦੀ। ਬਰੈਡ ਹਾਗ ਨੇ ਜਿਸ ਟੈਸਟ ਇਲੈਵਨ ਦੀ ਚੋਣ ਕੀਤੀ ਹੈ ਉਸ ਵਿਚ ਉਨ੍ਹਾਂ ਨੇ ਵਿਰਾਟ ਨੂੰ ਨਹੀਂ ਰੱਖਿਆ ਹੈ ਜਦਕਿ ਬਾਬਰ ਆਜ਼ਮ ਉਨ੍ਹਾਂ ਦੀ ਟੀਮ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੇ ਹਨ। ਬਾਬਰ ਆਜ਼ਮ ਨੂੰ ਆਪਣੀ ਟੀਮ ਵਿਚ ਥਾਂ ਦੇਣ ਪਿੱਛੇ ਹਾਗ ਨੇ ਇਹ ਤਰਕ ਦਿੱਤਾ ਹੈ ਕਿ ਆਸਟ੍ਰੇਲੀਆ ਖ਼ਿਲਾਫ਼ ਬਿ੍ਸਬਨ ਵਿਚ ਪਿਛਲੇ ਸਾਲ ਟੈਸਟ ਵਿਚ ਬਾਬਰ ਨੇ ਸੈਂਕੜਾ ਲਾਇਆ ਸੀ ਜਦ ਪਾਕਿਸਤਾਨ ਦੀ ਟੀਮ ਆਸਟ੍ਰੇਲੀਆ ਦੌਰੇ 'ਤੇ ਆਈ ਸੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਟੀਮ ਦੇ ਬੱਲੇਬਾਜ਼ਾਂ ਲਈ ਬਿ੍ਸਬਨ ਦੀ ਵਿਕਟ 'ਤੇ ਖੇਡਣਾ ਸੌਖਾ ਨਹੀਂ ਹੁੰਦਾ ਪਰ ਬਾਬਰ ਨੇ ਦਿਖਾਇਆ ਕਿ ਉਹ ਇੱਥੇ ਵੀ ਖੇਡ ਸਕਦੇ ਹਨ ਤੇ ਇਸ ਸਮੇਂ ਦੁਨੀਆ ਦੇ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਹਨ। ਵਿਰਾਟ ਨੂੰ ਆਪਣੀ ਟੀਮ ਵਿਚ ਸ਼ਾਮਲ ਨਾ ਕੀਤੇ ਜਾਣ ਪਿੱਛੇ ਉਨ੍ਹਾਂ ਨੇ ਤਰਕ ਦਿੱਤਾ ਕਿ ਉਨ੍ਹਾਂ ਨੇ ਆਪਣੀਆਂ ਪਿਛਲੀਆਂ 15 ਟੈਸਟ ਪਾਰੀਆਂ ਵਿਚ ਸਿਰਫ਼ ਚਾਰ ਵਾਰ 30 ਦਾ ਅੰਕੜਾ ਪਾਰ ਕੀਤਾ ਹੈ ਤੇ ਉਹ ਵਿਰਾਟ ਦੇ ਮੌਜੂਦਾ ਟੈਸਟ ਰਿਕਾਰਡ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਹਨ। ਸਾਰੇ ਪੁੱਛਣਗੇ ਕਿ ਵਿਰਾਟ ਉਨ੍ਹਾਂ ਦੀ ਟੈਸਟ ਟੀਮ 'ਚ ਕਿਉਂ ਨਹੀਂ ਹਨ ਤਾਂ ਮੈਂ ਇਹ ਦੱਸ ਦੇਵਾਂ ਕਿ ਪਿਛਲੀਆਂ 15 ਪਾਰੀਆਂ ਦੇ ਆਧਾਰ 'ਤੇ ਇਸ ਸਾਲ ਮੈਂ ਉਨ੍ਹਾਂ ਨੂੰ ਆਪਣੀ ਟੈਸਟ ਟੀਮ ਵਿਚ ਥਾਂ ਨਹੀਂ ਦਿੱਤੀ ਹੈ। ਹਾਲਾਂਕਿ ਹਾਗ ਨੇ ਤਿੰਨ ਹੋਰ ਭਾਰਤੀ ਬੱਲੇਬਾਜ਼ਾਂ ਨੂੰ ਆਪਣੀ ਟੈਸਟ ਟੀਮ ਵਿਚ ਥਾਂ ਦਿੱਤੀ ਹੈ। ਉਨ੍ਹਾਂ ਨੇ ਮਯੰਕ ਅਗਰਵਾਲ ਤੇ ਰੋਹਿਤ ਸ਼ਰਮਾ ਨੂੰ ਆਪਣੀ ਟੀਮ ਦਾ ਓਪਨਰ ਚੁਣਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਜਿੰਕੇ ਰਹਾਣੇ ਨੂੰ ਵੀ ਆਪਣੀ ਟੀਮ ਵਿਚ ਥਾਂ ਦਿੱਤੀ ਹੈ। ਭਾਰਤੀਆਂ ਵਿਚੋਂ ਉਨ੍ਹਾਂ ਨੇ ਮੁਹੰਮਦ ਸ਼ਮੀ ਨੂੰ ਗੇਂਦਬਾਜ਼ ਵਜੋਂ ਚੁਣਿਆ ਹੈ।

ਚੁਣੀ ਗਈ ਟੈਸਟ ਇਲੈਵਨ ਟੀਮ

ਮਯੰਕ ਅਗਰਵਾਲ, ਰੋਹਿਤ ਸ਼ਰਮਾ, ਮਾਰਨਸ ਲਾਬੂਸ਼ਾਨੇ, ਸਟੀਵ ਸਮਿਥ, ਬਾਬਰ ਆਜ਼ਮ, ਅਜਿੰਕੇ ਰਹਾਣੇ, ਕਵਿੰਟਨ ਡਿਕਾਕ (ਵਿਕਟਕੀਪਰ ਤੇ ਕਪਤਾਨ), ਪੈਟ ਕਮਿੰਸ, ਮੁਹੰਮਦ ਸ਼ਮੀ, ਨੀਲ ਵੈਗਨਰ, ਨਾਥਨ ਲਿਓਨ।