ਚੰਡੀਗੜ੍ਹ (ਜੇਐੱਨਐੱਨ) : ਆਸਟ੍ਰੇਲੀਆ ਦੌਰੇ 'ਤੇ ਗਾਬਾ ਦੇ ਮੈਦਾਨ 'ਚ ਕੰਗਾਰੂ ਟੀਮ ਦਾ ਘਮੰਡ ਟੁੱਟਦੇ ਪੂਰੀ ਦੁਨੀਆ ਨੇ ਦੇਖਿਆ। ਇਸ ਮੈਦਾਨ 'ਤੇ ਆਸਟ੍ਰੇਲੀਆ ਲਗਭਗ 30 ਸਾਲ ਤੋਂ ਅਜੇਤੂ ਸੀ। ਜੋਸ਼ ਨਾਲ ਭਰੀ ਨੌਜਵਾਨ ਭਾਰਤੀ ਟੀਮ ਨੇ ਇਸ ਕੰਮ ਨੂੰ ਕਰ ਦਿਖਾਇਆ। ਭਾਰਤ ਦੀ ਇਸ ਜਿੱਤ ਵਿਚ ਕਈ ਨੌਜਵਾਨ ਸਿਤਾਰੇ ਚਮਕੇ ਪਰ ਸ਼ੁਭਮਨ ਗਿੱਲ ਨੇ ਬੱਲੇਬਾਜ਼ੀ ਕਰਦੇ ਹੋਏ ਜਿੱਤ ਦੀ ਨੀਂਹ ਰੱਖੀ ਸੀ ਜਿਸ ਨੂੰ ਅੰਤ ਵਿਚ ਰਿਸ਼ਭ ਪੰਤ ਨੇ ਸਿਰੇ ਚੜ੍ਹਾਇਆ। ਆਸਟ੍ਰੇਲੀਆ ਦੌਰੇ 'ਤੇ ਸ਼ੁਭਮਨ ਦੀ ਬੱਲੇਬਾਜ਼ੀ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ ਪਰ ਉਨ੍ਹਾਂ ਦੇ ਪਿਤਾ ਲਖਵਿੰਦਰ ਨੂੰ ਸ਼ੁਭਮਨ ਦੇ ਬੱਲੇ ਤੋਂ 100 ਦੌੜਾਂ ਚਾਹੀਦੀਆਂ ਸਨ। ਜਦ ਸ਼ੁਭਮਨ ਆਖ਼ਰੀ ਟੈਸਟ ਦੀ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਨੂੰ ਵੀ ਲੱਗ ਰਿਹਾ ਸੀ ਕਿ ਸ਼ੁਭਮਨ ਦਾ ਪਹਿਲਾ ਸੈਂਕੜਾ ਹੋਣ 'ਚ ਥੋੜ੍ਹਾ ਹੀ ਸਮਾਂ ਹੈ ਪਰ ਅਜਿਹਾ ਨਾ ਹੋ ਸਕਿਆ ਤੇ ਉਹ 91 ਦੌੜਾਂ 'ਤੇ ਆਊਟ ਹੋਏ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਚਾਹਤ ਹੈ ਕਿ ਉਹ ਸ਼ੁਭਮਨ ਗਿੱਲ ਦੇ ਬੱਲੇ ਤੋਂ ਸੈਂਕੜਾ ਬਣਦਾ ਦੇਖਣ। ਗਾਬਾ ਟੈਸਟ ਵਿਚ 91 ਦੌੜਾਂ 'ਤੇ ਆਊਟ ਹੋਣ ਦਾ ਸ਼ੁਭਮਨ ਨੂੰ ਵੀ ਦੁੱਖ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਜਿਸ ਗੇਂਦ 'ਤੇ ਆਊਟ ਹੋਏ ਉਹ ਗੇਂਦ ਆਊਟ ਹੋਣ ਵਾਲੀ ਨਹੀਂ ਸੀ। ਜੇ ਉਹ ਸੈਂਕੜਾ ਬਣਾਉਂਦੇ ਤਾਂ ਉਸ ਤੋਂ ਬਾਅਦ ਦੌੜਾਂ ਆਰਾਮ ਨਾਲ ਬਣਦੀਆਂ ਕਿਉਂਕਿ ਉਥੇ ਦੇ ਹਾਲਾਤ ਬੱਲੇਬਾਜ਼ੀ ਲਈ ਬਣ ਚੁੱਕੇ ਸਨ।

ਸੀਰੀਜ਼ ਜਿੱਤਣਾ ਟੀਮ ਲਈ ਸੀ ਵੱਡੀ ਚੁਣੌਤੀ :

ਸ਼ੁਭਮਨ ਨੇ ਕਿਹਾ ਕਿ ਇਹ ਸੀਰੀਜ਼ ਜਿੱਤਣਾ ਪੂਰੀ ਟੀਮ ਲਈ ਚੁਣੌਤੀ ਸੀ। ਜਿਸ ਤਰ੍ਹਾਂ ਭਾਰਤੀ ਟੀਮ ਪਹਿਲੇ ਟੈਸਟ ਵਿਚ 36 ਦੌੜਾਂ 'ਤੇ ਆਊਟ ਹੋਈ ਸੀ ਉਸ ਤੋਂ ਬਾਅਦ ਵਾਪਸੀ ਕਰਨ ਲਈ ਟੀਮ ਨੂੰ ਹਰ ਖੇਤਰ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪੈਣਾ ਸੀ। ਖਿਡਾਰੀਆਂ ਦੇ ਜ਼ਖ਼ਮੀ ਹੋਣ ਨਾਲ ਵੀ ਟੀਮ 'ਤੇ ਕਾਫੀ ਦਬਾਅ ਸੀ ਪਰ ਗਾਬਾ ਦੀ ਜਿੱਤ ਇਤਿਹਾਸਕ ਹੈ।