ਨਵੀਂ ਦਿੱਲੀ (ਪੀਟੀਆਈ) : ਰੋਹਿਤ ਸ਼ਰਮਾ ਤੇ ਇਸ਼ਾਂਤ ਸ਼ਰਮਾ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਤੋਂ ਲਗਭਗ ਬਾਹਰ ਹੋ ਗਏ ਹਨ ਪਰ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਮੌਕਾ ਦੇਣ ਲਈ ਬੀਸੀਸੀਆਈ ਨੇ ਕ੍ਰਿਕਟ ਆਸਟ੍ਰੇਲੀਆ ਤੋਂ ਵੱਡੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੀਸੀਸੀਆਈ ਨੇ ਕ੍ਰਿਕਟ ਆਸਟ੍ਰੇਲੀਆ ਨੂੰ ਕਿਹਾ ਹੈ ਕਿ ਉਹ ਰੋਹਿਤ ਸ਼ਰਮਾ ਤੇ ਇਸ਼ਾਂਤ ਸ਼ਰਮਾ ਲਈ ਕੁਆਰੰਟਾਈਨ ਨਿਯਮਾਂ ਵਿਚ ਥੋੜ੍ਹੀ ਢਿੱਲ ਵਰਤਣ, ਜਿਸ ਨਾਲ ਕਿ ਇਹ ਦੋਵੇਂ ਖਿਡਾਰੀ ਟੀਮ ਇੰਡੀਆ ਲਈ ਉਪਲੱਬਧ ਹੋ ਸਕਣ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ 14 ਦਿਨ ਦੇ ਕੁਆਰੰਟਾਈਨ ਹੋਣ ਦਾ ਨਿਯਮ ਹੈ ਪਰ ਜੇ ਕ੍ਰਿਕਟ ਆਸਟ੍ਰੇਲੀਆ ਬੀਸੀਸੀਆਈ ਦੀ ਮੰਗ ਮੰਨ ਲੈਂਦਾ ਹੈ ਤਾਂ ਰੋਹਿਤ ਸ਼ਰਮਾ ਤੇ ਇਸ਼ਾਂਤ ਸ਼ਰਮਾ ਦੇ ਆਖ਼ਰੀ ਦੋ ਟੈਸਟ ਮੈਚਾਂ ਵਿਚ ਖੇਡਣ ਦੇ ਆਸਾਰ ਬਣ ਸਕਦੇ ਹਨ।