ਦੁਬਈ (ਪੀਟੀਆਈ) : ਮੈਚ ਫਿਕਸਿੰਗ ਦੇ ਦੋਸ਼ਾਂ ਵਿਚ ਪਹਿਲਾਂ ਹੀ ਮੁਅੱਤਲੀ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੇ ਸਾਬਕਾ ਕ੍ਰਿਕਟਰ ਤੇ ਗੇਂਦਬਾਜ਼ੀ ਕੋਚ ਨੁਵਾਨ ਜੋਇਸਾ ਨੂੰ ਸੁਤੰਤਰ ਟਿ੍ਬਿਊਨਲ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਭਿ੍ਸ਼ਟਾਚਾਰ ਰੋਕੂ ਜ਼ਾਬਤੇ ਦੇ ਤਹਿਤ ਤਿੰਨ ਅਪਰਾਧਾਂ ਦਾ ਦੋਸ਼ੀ ਪਾਇਆ ਹੈ। ਕ੍ਰਿਕਟ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਆਈਸੀਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੋਇਸਾ 'ਤੇ ਨਵੰਬਰ 2018 ਵਿਚ ਆਈਸੀਸੀ ਭਿ੍ਸ਼ਟਾਚਾਰ ਰੋਕੂ ਜ਼ਾਬਤੇ ਦੇ ਤਹਿਤ ਦੋਸ਼ ਤੈਅ ਕੀਤੇ ਗਏ ਸਨ ਤੇ ਉਨ੍ਹਾਂ ਨੂੰ ਸਾਰਿਆਂ ਲਈ ਦੋਸ਼ੀ ਪਾਇਆ ਗਿਆ ਹੈ। ਜੋਇਸਾ ਨੇ ਸੁਤੰਤਰ ਭਿ੍ਸ਼ਟਾਚਾਰ ਰੋਕੂ ਟਿ੍ਬਿਊਨਲ ਦੇ ਸਾਹਮਣੇ ਸੁਣਵਾਈ ਦੇ ਆਪਣੇ ਹੱਕ ਦਾ ਇਸਤੇਮਾਲ ਕੀਤਾ ਸੀ। ਆਈਸੀਸੀ ਨੇ ਕਿਹਾ ਕਿ ਇਹ ਸ੍ਰੀਲੰਕਾਈ ਮੁਅੱਤਲ ਰਹੇਗਾ ਤੇ ਉਨ੍ਹਾਂ ਦੀ ਸਜ਼ਾ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਜੋਇਸਾ ਨੂੰ ਯੂਏਈ ਵਿਚ ਇਕ ਟੀ-20 ਲੀਗ ਦੌਰਾਨ ਭਿ੍ਸ਼ਟਾਚਾਰ ਵਿਚ ਸ਼ਾਮਲ ਹੋਣ ਕਾਰਨ ਮਈ 2019 ਵਿਚ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਗਿਆ ਸੀ। ਸ੍ਰੀਲੰਕਾ ਵੱਲੋਂ 30 ਟੈਸਟ ਤੇ 95 ਵਨ ਡੇ ਮੈਚ ਖੇਡਣ ਵਾਲੇ ਜੋਇਸਾ ਨੂੰ ਸਤੰਬਰ 2015 ਵਿਚ ਸ੍ਰੀਲੰਕਾ ਦਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਸੀ। ਉਹ ਸ੍ਰੀਲੰਕਾ ਕ੍ਰਿਕਟ ਦੇ ਹਾਈ ਪਰਫਾਰਮੈਂਸ ਕੇਂਦਰ ਵਿਚ ਕੰਮ ਕਰਦੇ ਸਨ ਜਿਸ ਨਾਲ ਉਨ੍ਹਾਂ ਨੂੰ ਮੌਜੂਦਾ ਅੰਤਰਰਾਸ਼ਟਰੀ ਖਿਡਾਰੀਆਂ ਦੇ ਸੰਪਰਕ ਵਿਚ ਆਉਣ ਦਾ ਮੌਕਾ ਮਿਲਿਆ।