ਪੁਨਹਾਨਾ (ਜੇਐੱਨਐੱਨ) : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੋਂ ਬਾਅਦ ਇਕ ਹੋਰ ਭਾਰਤੀ ਕੁੜੀ ਨੇ ਪਾਕਿਸਤਾਨੀ ਕ੍ਰਿਕਟਰ ਨਾਲ ਵਿਆਹ ਕਰਵਾ ਲਿਆ ਹੈ। ਨੂੰਹ ਜ਼ਿਲੇ ਦੀ ਕੁੜੀ ਸ਼ਾਮੀਆ ਆਰਜ਼ੂ ਦਾ ਨਿਕਾਹ ਮੰਗਲਵਾਰ ਨੂੰ ਦੁਬਈ ਵਿਚ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਨਾਲ ਹੋ ਗਿਆ ਹੈ। ਨਿਕਾਹ ਨੂੰ ਲੈ ਕੇ ਦੋਵਾਂ ਪਾਸੇ ਖ਼ੁਸ਼ੀ ਦਾ ਮਾਹੌਲ ਹੈ। ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਬਣਿਆ ਇਹ ਸਬੰਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ਾਮੀਆ ਹਰਿਆਣਾ ਸੂਬੇ ਦੇ ਨੂੰਹ ਜ਼ਿਲ੍ਹੇ ਦੇ ਪਿੰਡ ਚੰਦੇਨੀ ਦੀ ਰਹਿਣ ਵਾਲੀ ਹੈ। ਸ਼ਾਮੀਆ ਆਰਜ਼ੂ ਸਾਬਕਾ ਪੰਚਾਇਤ ਅਧਿਕਾਰੀ ਲਿਆਕਤ ਅਲੀ ਦੀ ਧੀ ਹੈ। ਜੋ ਏਅਰ ਅਮੀਰਾਤ ਵਿਚ ਫਲਾਇਟ ਇੰਜੀਨੀਅਰ ਹਨ। ਸ਼ਾਮੀਆ ਦਾ ਨਿਕਾਹ ਦੁਬਈ ਦੇ ਅਟਲਾਂਟਿਸ ਪਾਮ ਜੁਮੇਰਾ ਪਾਰਕ ਹੋਟਲ ਵਿਚ ਹੋਇਆ ਹੈ। ਸ਼ਾਮੀਆ ਦੇ ਕੁਝ ਰਿਸ਼ਤੇਦਾਰ ਪਾਕਿਸਤਾਨ ਵਿਚ ਰਹਿੰਦੇ ਹਨ। ਉਂਝ ਤਾਂ ਨੂੰਹ ਖੇਤਰ ਦੀਆਂ ਕਈ ਕੁੜੀਆਂ ਦਾ ਵਿਆਹ ਪਾਕਿਸਤਾਨ ਵਿਚ ਹੋ ਚੁੱਕਾ ਹੈ ਪਰ ਇਹ ਨਿਕਾਹ ਦੋ ਦੇਸ਼ਾਂ ਦੇ ਹਾਈਪ੍ਰਰੋਫਾਈਲ ਪਰਿਵਾਰਾਂ ਵਿਚਾਲੇ ਹੋਣ ਕਾਰਨ ਚਰਚਾ ਦਾ ਵਿਸ਼ਾ ਰਿਹਾ ਹੈ। ਸ਼ਾਮੀਆ ਆਰਜ਼ੂ ਨੇ ਫਰੀਦਾਬਾਦ ਦੀ ਮਾਨਵ ਰਚਨਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਐੱਮ ਆਰਯੂ ਤੋਂ ਬੀਟੈੱਕ (ਏਅਰੋਨਾਟਿਕਲ) ਦੀ ਡਿਗਰੀ ਲੈਣ ਤੋਂ ਬਾਅਦ ਉਨ੍ਹਾਂ ਨੇ ਜੈੱਟ ਏਅਰਵੇਜ਼ ਵਿਚ ਨੌਕਰੀ ਕੀਤੀ ਸੀ। ਬਾਅਦ ਵਿਚ ਤਜਰਬੇ ਦੇ ਆਧਾਰ 'ਤੇ ਸ਼ਾਮੀਆ ਦੀ ਚੋਣ ਏਅਰ ਅਮੀਰਾਤ ਵਿਚ ਹੋ ਗਈ।

ਪੜਦਾਦਾ ਦੇ ਪਰਿਵਾਰ ਰਾਹੀਂ ਹੋਇਆ ਰਿਸ਼ਤਾ

ਸ਼ਾਮੀਆ ਤੇ ਕ੍ਰਿਕਟਰ ਹਸਨ ਅਲੀ ਦਾ ਰਿਸ਼ਤਾ ਸ਼ਾਮੀਆ ਦੇ ਪੜਦਾਦਾ ਦੇ ਪਰਿਵਾਰ ਰਾਹੀਂ ਹੋਇਆ। ਸ਼ਾਮੀਆ ਦੇ ਪਿਤਾ ਲਿਆਕਤ ਅਲੀ ਨੇ ਦੱਸਿਆ ਕਿ ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਤੇ ਪਾਕਿਸਤਾਨ ਰੇਲਵੇ ਬੋਰਡ ਦੇ ਚੇਅਰਮੈਨ ਰਹੇ ਸਰਦਾਰ ਤੁਫੈਲ ਤੇ ਉਨ੍ਹਾਂ ਦੇ ਦਾਦਾ ਸਗੇ ਭਰਾ ਸਨ।