ਰਣਜੀ ਖਿਡਾਰੀ ਹਰਮਿੰਦਰ ਸਿੰਘ ਦੀ 21ਵੀਂ ਬਰਸੀ 'ਤੇ ਵਿਸ਼ੇਸ਼

ਜੋ ਵੀ ਇਨਸਾਨ ਇਸ ਦੁਨੀਆਂ 'ਚ ਆਇਆ ਹੈ ਉਸ ਨੇ ਇਕ ਦਿਨ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਜਾਣਾ ਹੁੰਦਾ ਹੈ। ਇਨਸਾਨ ਦੇ ਜਾਣ ਦਾ ਸਮਾਂ ਅਤੇ ਜਗ੍ਹਾ ਕੁਦਰਤ ਕਾਦਰ ਨਿਸ਼ਚਿਤ ਕਰਦੀ ਹੈ। ਕੁਝ ਇਨਸਾਨ ਦੁਨੀਆਂ 'ਤੇ ਥੋੜੇ੍ ਸਮੇਂ 'ਚ ਆਪਣੀ ਅਜਿਹੀ ਛਾਪ ਛੱਡ ਜਾਂਦੇ ਹਨ ਕਿ ਦੁਨੀਆਂ ਲੰਮਾ ਸਮਾਂ ਉਨ੍ਹਾਂ ਦਾ ਵਿਛੋੜਾ ਨਹੀ ਭੁੱਲ ਪਾਂਦੀ। ਐਸੀ ਹੀ ਸ਼ਖ਼ਸੀਅਤ ਦੇ ਮਾਲਕ ਸਨ ਸ.ਹਰਮਿੰਦਰ ਸਿੰਘ ਹੈਰੀ ਜੋ ਛੋਟੀ ਉਮਰ ਵਿਚ ਆਪਣੀ ਅਜਿਹੀ ਛਾਪ ਛੱਡ ਗਏ ਕਿ ਦੁਨੀਆਂ ਅੱਜ ਵੀ ਉਨ੍ਹਾਂ ਨੂੰ ਯਾਦ ਕਰ ਕੇ ਰੋ ਪੈਂਦੀ ਹੈ। ਸ. ਹਰਮਿੰਦਰ ਸਿੰਘ ਹੈਰੀ ਦਾ ਜਨਮ 1945 'ਚ ਪਾਕਿਸਤਾਨ ਵਿਖੇ ਡਾ. ਪ੍ਰੀਤਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਆਗਿਆ ਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਦੇਸ਼ ਕੌਮ ਪ੍ਰਤੀ ਕੁਝ ਕਰਨ ਦਾ ਜਜ਼ਬਾ ਵਿਰਾਸਤ 'ਚ ਮਿਲਿਆ। ਪੜ੍ਹਾਈ ਦੇ ਨਾਲ-ਨਾਲ ਸ. ਹੈਰੀ ਦੀ ਦਿਲਚਸਪੀ ਕਿ੍ਕਟ ਵੱਲ ਬਚਪਨ ਤੋਂ ਹੀ ਲੱਗ ਗਈ। ਮਲਟੀਪਰਪਸ ਸਕੂਲ ਵਿਖੇ ਪੜ੍ਹਦਿਆਂ ਉਹ ਸਕੂਲ ਦੀ ਕਿ੍ਕਟ ਟੀਮ 'ਚ ਖੇਡਣ ਲੱਗ ਗਏ। ਸਕੂਲ ਤੋਂ ਬਾਅਦ ਖ਼ਾਲਸਾ ਕਾਲਜ ਤੇ ਫਿਰ ਮਹਿੰਦਰਾ ਕਾਲਜ ਦੀ ਟੀਮ ਦੀ ਨੁਮਾਇੰਦਗੀ ਕੀਤੀ। ਸ. ਹੈਰੀ ਦੀ ਕਿ੍ਕਟ ਯੋਗਤਾ ਕਾਰਨ ਉਨ੍ਹਾਂ ਦੀ ਹਰਿਆਣਾ ਦੀ ਟੀਮ 'ਚ ਚੋਣ ਹੋ ਗਈ। ਹਰਿਆਣਾ ਵੱਲੋਂ ਉਨ੍ਹਾਂ ਨੇ 25 ਰਣਜੀ ਮੈਚ ਖੇਡੇ। ਕਪਿਲ ਦੇਵ, ਸਰਕਾਰ ਤਲਵਾਰ, ਬਿਸ਼ਨ ਸਿੰਘ ਬੇਦੀ, ਅਮਰਨਾਥ ਵਰਗੇ ਦਿੱਗਜ ਖਿਡਾਰੀਆਂ ਨਾਲ ਸ. ਹੈਰੀ ਖੇਡਦੇ ਰਹੇ। ਸ. ਹੈਰੀ ਦੀ ਆਫ ਸਪਿੰਨ ਗੇਂਦ ਦੇਖ ਕੇ ਵੱਡੇ-ਵੱਡੇ ਖਿਡਾਰੀਆਂ ਨੂੰ ਪਸੀਨੇ ਆ ਜਾਂਦੇ ਸੀ। ਉਨ੍ਹਾਂ ਨੇ ਪੰਜਾਬ ਵੱਲੋਂ ਵੀ ਰਣਜੀ ਦੇ ਛੇ ਮੈਚ ਖੇਡੇ। ਉਨ੍ਹਾਂ ਨੇ ਕਿ੍ਕਟ ਖੇਡਦਿਆਂ ਕਈ ਵਾਰ ਪੰਜਾਬ ਅਤੇ ਹਰਿਆਣੇ ਦਾ ਮਾਣ ਵਧਾਇਆ। ਸਟੇਟ ਬੈਂਕ ਆਫ ਪਟਿਆਲਾ ਨੇ ਉਨ੍ਹਾਂ ਨੂੰ ਘਰ ਜਾ ਕੇ ਨੌਕਰੀ ਦਿਤੀ। ਉਹ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਸਟੇਟ ਬੈਂਕ ਪਟਿਆਲਾ ਦੀ ਟੀਮ 'ਚ 1997 ਤਕ ਖੇਡਦੇ ਰਹੇ ਅਤੇ ਬੈਂਕ ਦਾ ਕਈ ਵਾਰੀ ਨਾਂ ਰੋਸ਼ਨ ਕੀਤਾ। ਉਨ੍ਹਾਂ ਦਾ ਵਿਆਹ ਗਿਆਨੀ ਹਰਨਾਮ ਸਿੰਘ ਦੀ ਬੇਟੀ ਅਤੇ ਸ. ਜਗਜੀਤ ਸਿੰਘ ਦਰਦੀ ਦੀ ਭੈਣ ਸ੍ਰੀਮਤੀ ਇੰਦਰਜੀਤ ਕੌਰ ਨਾਲ ਹੋਇਆ। ਸ. ਹੈਰੀ ਨੇ ਆਪਣੇ ਜੀਵਨ ਕਾਲ ਦੌਰਾਨ ਸਭ ਦਾ ਭਲਾ ਕੀਤਾ। ਉਨ੍ਹਾਂ ਇਕ ਸਫਲ ਖਿਡਾਰੀ ਨਾਲ ਪਿਤਾ ਅਤੇ ਪਤੀ ਦਾ ਰੋਲ ਵੀ ਚੰਗੀ ਤਰ੍ਹਾਂ ਅਦਾ ਕੀਤਾ।23 ਮਈ, 1999 ਦਾ ਉਹ ਕਾਲਾ ਦਿਨ ਜਿਸ ਦਿਨ ਉਹ ਸਾਰਿਆਂ ਨੂੰ ਵਿਛੋੜਾ ਦੇ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਬਿਰਾਜੇ। ਅੱਜ ਉਨ੍ਹਾਂ ਨੂੰ ਸਾਡੇ ਤੋਂ ਵਿਛੜਿਆਂ 21 ਸਾਲ ਦਾ ਸਮਾਂ ਹੋ ਗਿਆ।

-ਡਾ. ਪ੍ਰਭਲੀਨ ਸਿੰਘ

ਮੋ. 9872812345