ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਫੈਸਲਾਕੁਨ ਮੈਚ 1 ਫਰਵਰੀ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਫਿਲਹਾਲ ਸੀਰੀਜ਼ 1-1 ਨਾਲ ਬਰਾਬਰ ਹੈ, ਅਜਿਹੇ ’ਚ ਇਹ ਮੈਚ ਦੋਵਾਂ ਟੀਮਾਂ ਲਈ ‘ਕਰੋ ਜਾਂ ਮਰੋ’ ਵਾਲਾ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਸੀਰੀਜ਼ ਦਾ ਪਹਿਲਾ ਮੈਚ ਹਾਰਨ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਦੂਜਾ ਮੈਚ ਛੇ ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਨੂੰ ਬਰਾਬਰ ਕਰ ਲਿਆ। ਹਾਲਾਂਕਿ ਇਸ ਮੈਚ ’ਚ ਮੁਸ਼ਕਿਲ ਪਿੱਚ ’ਤੇ ਬੱਲੇਬਾਜ਼ੀ ਕਰਦਿਆਂ ਜ਼ਿਆਦਾਤਰ ਭਾਰਤੀ ਬੱਲੇਬਾਜ਼ ਫਲਾਪ ਸਾਬਿਤ ਹੋਏ ਅਤੇ ਭਾਰਤ ਨੂੰ ਛੋਟੇ ਟੀਚੇ ਦਾ ਪਿੱਛਾ ਕਰਨ ’ਚ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਜਿਹੇ ’ਚ ਕਪਤਾਨ ਹਾਰਦਿਕ ‘ਕਰੋ ਜਾਂ ਮਰੋ’ ਦੇ ਮੈਚ ਵਿਚ ਕੁਝ ਵੱਡੇ ਬਦਲਾਅ ਕਰਦੇ ਨਜ਼ਰ ਆ ਸਕਦੇ ਹਨ।

ਇਹ ਸਲਾਮੀ ਜੋੜੀ ਕਰ ਸਕਦੀ ਹੈ ਪਾਰੀ ਦਾ ਆਗ਼ਾਜ਼

ਹੁਣ ਤਕ ਖੇਡੇ ਗਏ ਦੋਵਾਂ ਮੈਚਾਂ ਵਿਚ ਈਸ਼ਾਨ ਕਿਸ਼ਨ ਅਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਭਾਰਤ ਨੂੰ ਧਮਾਕੇਦਾਰ ਸ਼ੁਰੂਆਤ ਦੇਣ ਵਿਚ ਨਾਕਾਮ ਰਹੀ ਹੈ। ਅਜਿਹੇ ’ਚ ਕਪਤਾਨ ਹਾਰਦਿਕ ਪਿ੍ਰਥਵੀ ਸ਼ਾਅ ਨੂੰ ਫੈਸਲਾਕੁਨ ਮੈਚ ਖੇਡਣ ਦਾ ਮੌਕਾ ਦੇ ਸਕਦੇ ਹਨ। ਸ਼ਾਅ ਨੇ 18 ਮਹੀਨਿਆਂ ਬਾਅਦ ਭਾਰਤੀ ਟੀਮ ’ਚ ਜਗ੍ਹਾ ਬਣਾਈ ਹੈ, ਇਸ ਲਈ ਜੇ ਉਸ ਨੂੰ ਇਸ ਮੈਚ ’ਚ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਉਹ ਕਪਤਾਨ ਨੂੰ ਨਿਰਾਸ਼ ਨਹੀਂ ਕਰਨਾ ਚਾਹੇਗਾ।

ਅਜਿਹਾ ਹੋ ਸਕਦਾ ਹੈ ਟੀਮ ਦਾ ਮਿਡਲ ਆਰਡਰ

ਇਸ ਤੋਂ ਬਾਅਦ ਰਾਹੁਲ ਤਿ੍ਰਪਾਠੀ ਤੀਜੇ ਨੰਬਰ ’ਤੇ, ਸੂਰਿਆਕੁਮਾਰ ਯਾਦਵ ਨੂੰ ਚੌਥੇ ਨੰਬਰ ’ਤੇ ਅਤੇ ਕਪਤਾਨ ਹਾਰਦਿਕ ਪਾਂਡਿਆ ਨੂੰ ਪੰਜਵੇਂ ਨੰਬਰ ’ਤੇ ਖੇਡਦੇ ਦੇਖਿਆ ਜਾ ਸਕਦਾ ਹੈ। ਦੱਸ ਦਈਏ ਕਿ ਲਖਨਊ ’ਚ ਖੇਡੇ ਗਏ ਸੀਰੀਜ਼ ਦੇ ਦੂਜੇ ਮੈਚ ’ਚ ਪਿੱਚ ਬੱਲੇਬਾਜ਼ੀ ਲਈ ਕਾਫੀ ਮੁਸ਼ਕਲ ਸੀ, ਅਜਿਹੇ ’ਚ ਸੂਰਿਆਕੁਮਾਰ ਯਾਦਵ (26) ਅਤੇ ਹਾਰਦਿਕ ਪਾਂਡਿਆ (15) ਦੀ ਜੋੜੀ ਨੇ ਸਮਝਦਾਰੀ ਨਾਲ ਬੱਲੇਬਾਜ਼ੀ ਕੀਤੀ ਅਤੇ ਮੈਚ ਨੂੰ ਜਿੱਤ ਤਕ ਪਹੁੰਚਾਇਆ।

ਅਜਿਹਾ ਰਹੇਗਾ ਗੇਂਦਬਾਜ਼ੀ ਸੈਕਸ਼ਨ

ਸੀਰੀਜ਼ ਦੇ ਦੂਜੇ ਮੈਚ ’ਚ ਕਪਤਾਨ ਹਾਰਦਿਕ ਨੇ ਯੁਜਵੇਂਦਰ ਚਾਹਲ ਨੂੰ ਟੀਮ ਵਿਚ ਖੇਡਣ ਦਾ ਮੌਕਾ ਦਿੱਤਾ ਅਤੇ ਉਸ ਨੇ 2 ਓਵਰਾਂ ’ਚ ਇਕ ਵਿਕਟ ਲੈ ਕੇ ਆਪਣੇ ਕਪਤਾਨ ਦੇ ਫੈਸਲੇ ਨੂੰ ਸਹੀ ਸਾਬਿਤ ਕੀਤਾ। ਇਸ ਤੋਂ ਇਲਾਵਾ ਪਹਿਲੇ ਮੈਚ ਵਿਚ ਮਹਿੰਗਾ ਸਾਬਿਤ ਹੋਣ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਵੀ ਸ਼ਾਨਦਾਰ ਵਾਪਸੀ ਕੀਤੀ ਅਤੇ ਦੋ ਵਿਕਟਾਂ ਲਈਆਂ। ਉੱਥੇ ਹੀ ਪਿਛਲੇ ਮੈਚ ’ਚ ਭਾਰਤੀ ਟੀਮ ਦੇ ਨੌਜਵਾਨ ਤੇਜ਼ ਗੇਂਦਬਾਜ਼ ਸ਼ਿਵਮ ਮਾਵੀ ਨੂੰ ਸਿਰਫ ਇਕ ਓਵਰ ਸੁੱਟਣ ਦਾ ਮੌਕਾ ਮਿਲਿਆ, ਅਜਿਹੇ ’ਚ ਉਸ ਦੀ ਜਗ੍ਹਾ ਮੁਕੇਸ਼ ਕੁਮਾਰ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ।

ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ

ਈਸ਼ਾਨ ਕਿਸ਼ਨ (ਵਿਕਟਕੀਪਰ), ਪਿ੍ਰਥਵੀ ਸ਼ਾਅ, ਰਾਹੁਲ ਤਿ੍ਰਪਾਠੀ, ਸੂਰਿਆਕੁਮਾਰ ਯਾਦਵ (ਉਪ-ਕਪਤਾਨ), ਦੀਪਕ ਹੁੱਡਾ, ਹਾਰਦਿਕ ਪਾਂਡਿਆ (ਕਪਤਾਨ), ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਮੁਕੇਸ ਕੁਮਾਰ, ਉਮਰਾਨ ਮਲਿਕ।

Posted By: Harjinder Sodhi