ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਹਾਲ ਹੀ 'ਚ ਪਿਤਾ ਬਣੇ ਹਨ। ਉਨ੍ਹਾਂ ਦੀ ਮੰਗੇਤਰ ਨਤਾਸ਼ਾ ਸਟੇਨਕੋਵਿਕ ਨੇ ਵੀਰਵਾਰ ਨੂੰ ਹੀ ਇਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਹੈ। ਪਿਤਾ ਬਣਨ ਦੀ ਖ਼ੁਸ਼ੀ ਭਾਰਤੀ ਸਟਾਰ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਹੁਣ ਉਨ੍ਹਾਂ ਆਪਣੇ ਬੱਚੇ ਨੂੰ ਪਹਿਲੀ ਵਾਰ ਗੋਦੀ ਚੁੱਕਿਆ ਤੇ ਇਸ ਸੁਖਦ ਅਹਿਸਾਸ ਨੂੰ ਵੀ ਉਨ੍ਹਾਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ।

ਹਾਰਦਿਕ ਪਾਂਡਿਆ ਤੇ ਉਨ੍ਹਾਂ ਦੀ ਮੰਗੇਤਰ ਨਤਾਸ਼ਾ ਸਟੇਨਕੋਵਿਕ ਵੀਰਵਾਰ ਨੂੰ ਹੀ ਇਕ ਬੱਚੇ ਦੇ ਮਾਤਾ-ਪਿਤਾ ਬਣੇ ਹਨ। ਇਸੇ ਸਾਲ ਜਨਵਰੀ 'ਚ ਪੂਰੇ ਬਾਲੀਵੁੱਡ ਸਟਾਈਲ 'ਚ ਹਾਰਦਿਕ ਨੇ ਨਤਾਸ਼ਾ ਨੂੰ ਵਿਚਕਾਰ ਸਮੁੰਦਰ ਦੋਸਤਾਂ ਵਿਚਕਾਰ ਮੰਗਣੀ ਲਈ ਪ੍ਰਪੋਜ਼ ਕੀਤਾ ਸੀ। ਨਤਾਸ਼ਾ ਨੇ ਵੀ ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਕੇ ਉਨ੍ਹਾਂ ਨਾਲ ਜ਼ਿੰਦਗੀ ਗੁਜ਼ਾਰਨ ਦਾ ਫ਼ੈਸਲਾ ਲਿਆ।

ਸਾਲ ਦੇ ਪਹਿਲੇ ਦਿਨ ਆਪਣੇ ਫੈਨਜ਼ ਨੂੰ ਹਾਰਦਿਕ ਨੇ ਮੰਗਣੀ ਦੀ ਖ਼ਬਰ ਦੇ ਕੇ ਹੈਰਾਨ ਕੀਤਾ ਸੀ। ਮੰਗਣੀ ਦੀ ਜਾਣਕਾਰੀ ਸਿਰਫ਼ ਉਨ੍ਹਾਂ ਦੇ ਵੱਡੇ ਭਰਾ ਨੂੰ ਸੀ, ਇੱਥੋਂ ਤਕ ਕਿ ਪਿਤਾ ਵੀ ਨਹੀਂ ਜਾਣਦੇ ਸਨ ਹਾਰਦਿਕ ਮੰਗਣੀ ਕਰਨ ਜਾ ਰਹੇ ਹਨ।

ਸ਼ਨਿਚਰਵਾਰ ਨੂੰ ਹਾਰਦਿਕ ਨੇ ਆਪਣੇ ਬੱਚੇ ਦੀ ਪਹਿਲੀ ਤਸਵੀਰ ਫੈਨਜ਼ ਨਾਲ ਸਾਂਝੀ ਕੀਤੀ। ਟਵਿੱਟਰ 'ਤੇ ਉਨ੍ਹਾਂ ਆਪਣੇ ਪੁੱਤਰ ਨੂੰ ਗੋਦ 'ਚ ਲਈ ਇਕ ਤਸਵੀਰ ਪੋਸਟ ਕੀਤੀ। ਇਹ ਤਸਵੀਰ ਹਸਪਤਾਲ ਦੇ ਅੰਦਰ ਕੀਤੀ ਹੈ ਤੇ ਹਾਰਦਿਕ ਨੇ ਸਿਰ ਨੂੰ ਢਕ ਰੱਖਿਆ ਹੈ। ਉਹ ਹਸਪਤਾਲ ਦੇ ਨੀਲੇ ਕੱਪੜੇ 'ਚ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਕੋਲ ਨਰਸ ਖੜ੍ਹੀ ਦਿਸ ਰਹੀ ਹੈ।

ਉਨ੍ਹਾਂ ਤਸਵੀਰ ਨੂੰ ਪੋਸਟ ਕਰਦਿਆਂ ਲਿਖਿਆ, ਇਹ ਈਸ਼ਵਰ ਦਾ ਆਸ਼ੀਰਵਾਦ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਆਪਣੇ ਬੱਚੇ ਦੇ ਹੱਥ ਨੂੰ ਆਪਣੇ ਹੱਥਾਂ 'ਚ ਲੈ ਕੇ ਤਸਵੀਰ ਸ਼ੇਅਰ ਕੀਤੀ ਸੀ ਜਿਸ ਨਾਲ ਲਿਖਿਆ ਸੀ। ਸਾਨੂੰ ਈਸ਼ਵਰ ਨੇ ਪਿਆਰੇ ਜਿਹੇ ਬੱਚੇ ਦਾ ਆਸ਼ੀਰਵਾਦ ਦਿੱਤਾ ਹੈ।

Posted By: Seema Anand