ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ ਨੇ ਹਾਰਦਿਕ ਪਾਂਡਿਆ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਭਵਿੱਖ ਵਿਚ ਕਪਤਾਨ ਬਣਨ ਦਾ ਬਦਲ ਬਣ ਸਕਦੇ ਹਨ। ਕੈਫ ਨੇ ਨਾਲ ਹੀ ਦਿਨੇਸ਼ ਕਾਰਤਿਕ ਦੀ ਵੀ ਪ੍ਰਸੰਸਾ ਕੀਤੀ ਤੇ ਉਨ੍ਹਾਂ ਨੂੰ ਇਕ ਚੰਗਾ ਫਿਨਿਸ਼ਰ ਦੱਸਿਆ। ਭਾਰਤੀ ਟੀਮ ਨੇ ਹਾਰਦਿਕ ਦੀ ਅਗਵਾਈ 'ਚ 26 ਜੂਨ ਤੋਂ ਆਇਰਲੈਂਡ ਖ਼ਿਲਾਫ਼ ਦੋ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਦਾ ਪ੍ਰਸਾਰਣ ਸੋਨੀ ਨੈੱਟਵਰਕ 'ਤੇ ਹੋਵੇਗਾ। ਇਸ ਸੀਰੀਜ਼ ਤੇ ਇਸ ਸਾਲ ਦੇ ਅੰਤ ਵਿਚ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਸ਼ੋਭਿਤ ਚਤੁਰਵੇਦੀ ਨੇ ਮੁਹੰਮਦ ਕੈਫ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

-ਭਾਰਤੀ ਟੀਮ ਹਾਰਦਿਕ ਪਾਂਡਿਆ ਦੀ ਅਗਵਾਈ 'ਚ ਆਇਰਲੈਂਡ ਦੌਰੇ 'ਤੇ ਜਾਵੇਗੀ। ਹਾਰਦਿਕ ਨੇ ਆਈਪੀਐੱਲ 'ਚ ਜਿਸ ਤਰ੍ਹਾਂ ਦੀ ਕਪਤਾਨੀ ਕੀਤੀ ਉਸ ਨੂੰ ਦੇਖਦੇ ਹੋਏ ਤੁਹਾਨੂੰ ਕੀ ਲਗਦਾ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਕਿੰਨੇ ਕਾਮਯਾਬ ਕਪਤਾਨ ਸਾਬਤ ਹੋਣਗੇ।

-ਹਾਂ, ਬਿਲਕੁਲ ਹਾਰਦਿਕ ਇਕ ਕਾਮਯਾਬ ਕਪਤਾਨ ਸਾਬਤ ਹੋਣਗੇ। ਹਾਰਦਿਕ ਦੀ ਲੈਅ, ਕਪਤਾਨੀ ਤੇ ਉਨ੍ਹਾਂ ਨੇ ਆਪਣੇ ਖਿਡਾਰੀਆਂ ਨੂੰ ਜਿਸ ਤਰ੍ਹਾਂ ਮੈਨੇਜ ਕੀਤਾ ਉਸ ਨਾਲ ਮੈਂ ਬਹੁਤ ਪ੍ਰਭਾਵਿਤ ਸੀ। ਹਾਰਦਿਕ ਨੇ ਖਿਡਾਰੀਆਂ ਨੂੰ ਜੋ ਭੂਮਿਕਾ ਦਿੱਤੀ ਉਸ ਨੂੰ ਦੇਖਣਾ ਬਹੁਤ ਸ਼ਾਨਦਾਰ ਸੀ। ਗੁਜਰਾਤ ਟਾਈਟਨਜ਼ ਪਹਿਲੀ ਵਾਰ ਆਈਪੀਐੱਲ ਵਿਚ ਖੇਡੀ ਤੇ ਜਿੱਤੀ, ਜੋ ਵੱਡੀ ਗੱਲ ਸੀ। ਟੀਮ ਦੀ ਜਿੱਤ ਵਿਚ ਹਾਰਦਿਕ ਦੀ ਅਹਿਮ ਭੂਮਿਕਾ ਸੀ ਤੇ ਇਸ ਲਈ ਮੈਂ ਉਨ੍ਹਾਂ ਨੂੰ ਇਕ ਬਿਹਤਰ ਕਪਤਾਨ ਮੰਨਦਾ ਹਾਂ। ਇਕ ਕਪਤਾਨ ਵਿਚ ਤੁਸੀਂ ਕੀ ਦੇਖਦੇ ਹੋ, ਕੀ ਕਪਤਾਨ ਘੱਟੋ ਘੱਟ ਸਕੋਰ ਦੀ ਰੱਖਿਆ ਕਰ ਸਕਦਾ ਹੈ? ਕੀ ਉਹ ਆਖ਼ਰੀ ਇਲੈਵਨ ਦੇ ਖਿਡਾਰੀਆਂ ਨੂੰ ਸਹੀ ਭੂਮਿਕਾ ਦੇ ਪਾ ਰਿਹਾ ਹੈ ਤੇ ਖਿਡਾਰੀ ਉਸ ਨੂੰ ਨਿਭਾਅ ਪਾ ਰਹੇ ਹਨ। ਹਾਰਦਿਕ ਨੇ ਇਹ ਸਭ ਕਰ ਕੇ ਦਿਖਾਇਆ ਹੈ। ਟਾਸ ਜਿੱਤ ਕੇ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਕਰਨੀ ਹੈ, ਇਹ ਸਾਰੇ ਫ਼ੈਸਲੇ ਉਨ੍ਹਾਂ ਨੇ ਚੰਗੀ ਤਰ੍ਹਾਂ ਲਏ, ਇਸ ਲਈ ਮੈਨੂੰ ਲਗਦਾ ਹੈ ਕਿ ਹਾਰਦਿਕ ਭਵਿੱਖ ਵਿਚ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਬਦਲ ਬਣ ਸਕਦੇ ਹਨ ਤੇ ਬਿਹਤਰ ਕਪਤਾਨ ਸਾਬਤ ਹੋਣਗੇ।

-ਭਾਰਤ ਦੀਆਂ ਦੋ ਟੀਮਾਂ ਦੋ ਵੱਖ ਦੇਸ਼ਾਂ ਦੇ ਦੌਰੇ 'ਤੇ ਜਾ ਰਹੀਆਂ ਹਨ। ਦੋ ਟੀਮਾਂ ਦੋ ਵੱਖ-ਵੱਖ ਦੌਰਿਆਂ 'ਤੇ ਭੇਜਣ ਪਿੱਛੇ ਬੀਸੀਸੀਆਈ ਦੀ ਕੀ ਰਣਨੀਤੀ ਹੋ ਸਕਦੀ ਹੈ?

-ਇਸ ਨਾਲ ਕਈ ਖਿਡਾਰੀਆਂ ਨੂੰ ਮੌਕਾ ਮਿਲਦਾ ਹੈ ਤੇ ਸਾਰਿਆਂ ਨੂੰ ਮੌਕਾ ਮਿਲਣਾ ਵੀ ਚਾਹੀਦਾ ਹੈ। ਇਸ ਕਾਰਨ ਸਾਰੇ ਚਾਹੁੰਦੇ ਹਨ ਕਿ ਟੂਰਨਾਮੈਂਟ ਦੀ ਗੁਣਵੱਤਾ ਡਿੱਗੇ ਨਾ ਤੇ ਅਜਿਹਾ ਹੋਵੇਗਾ ਵੀ ਨਹੀਂ ਕਿਉਂਕਿ ਭਾਰਤ ਕੋਲ ਅਜਿਹੇ ਖਿਡਾਰੀ ਹਨ ਕਿ ਦੋ ਟੀਮਾਂ ਬਣ ਸਕਦੀਆਂ ਹਨ ਤੇ ਦੋਵਾਂ ਟੀਮਾਂ 'ਚ ਸਮਰੱਥਾ ਹੈ ਕਿ ਉਹ ਜਿੱਤ ਹਾਸਲ ਕਰ ਸਕਦੀਆਂ ਹਨ। ਇੰਨੇ ਖਿਡਾਰੀ ਜੋ ਆਈਪੀਐੱਲ ਵਿਚ ਖੇਡਦੇ ਹਨ ਤੇ ਜੋ ਘਰੇਲੂ ਕ੍ਰਿਕਟ ਖੇਡਦੇ ਹਨ ਉਨ੍ਹਾਂ ਨੂੰ ਮੌਕਾ ਮਿਲੇਗਾ ਖੇਡਣ ਦਾ। ਦੋਵਾਂ ਦੌਰਿਆਂ 'ਤੇ ਚੰਗੇ ਮੈਚ ਦੇਖਣ ਨੂੰ ਮਿਲਣਗੇ ਤੇ ਭਾਰਤ ਉਥੇ ਵੀ ਜਿੱਤੇਗਾ।

-ਦਿਨੇਸ਼ ਕਾਰਤਿਕ ਨੂੰ ਆਈਪੀਐੱਲ 2022 ਦੇ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਟੀਮ ਵਿਚ ਲਿਆ ਗਿਆ ਸੀ ਤੇ ਉਨ੍ਹਾਂ ਨੇ ਸੀਰੀਜ਼ ਵਿਚ ਬਿਹਤਰ ਪ੍ਰਦਰਸ਼ਨ ਕੀਤਾ। ਕੀ ਤੁਸੀਂ ਕਾਰਤਿਕ ਨੂੰ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਟੀਮ ਵਿਚ ਦੇਖਦੇ ਹੋ?

-ਹਾਂ, ਬਿਲਕੁਲ ਕਾਰਤਿਕ ਨੂੰ ਟੀ-20 ਟੀਮ ਵਿਚ ਦੇਖਦਾ ਹਾਂ, ਕਿਉਂਕਿ ਪਿਛਲੇ ਦਿਨੀਂ ਉਨ੍ਹਾਂ ਨੇ ਆਈਪੀਐੱਲ ਵਿਚ ਆਪਣੀ ਲੈਅ ਦਿਖਾਈ ਤੇ ਜਿਸ ਨੰਬਰ ਪੰਜ ਜਾਂ ਛੇ 'ਤੇ ਉਹ ਖੇਡਦੇ ਹਨ, ਇਹ ਅਜਿਹਾ ਸਥਾਨ ਹੈ ਜਿੱਥੇ ਭਾਰਤ ਇਕ ਬਿਹਤਰ ਖਿਡਾਰੀ ਦੀ ਭਾਲ ਕਰ ਰਿਹਾ ਹੈ। ਪਹਿਲਾਂ ਮਹਿੰਦਰ ਸਿੰਘ ਧੋਨੀ ਸਨ ਜੋ ਮੈਚ ਨੂੰ ਫਿਨਿਸ਼ ਕਰਦੇ ਸਨ। ਉਨ੍ਹਾਂ ਤੋਂ ਬਾਅਦ ਅਜਿਹਾ ਕੋਈ ਖਿਡਾਰੀ ਨਹੀਂ ਆਇਆ। ਕਾਰਤਿਕ ਜਿਸ ਤਰ੍ਹਾਂ ਮੈਚ ਫਿਨਿਸ਼ ਕਰ ਰਹੇ ਹਨ, ਅਜਿਹੇ ਖਿਡਾਰੀ ਦੀ ਲੋੜ ਟੀਮ ਨੂੰ ਸੀ, ਜੋ ਕਾਰਤਿਕ ਦੇ ਰੂਪ ਵਿਚ ਮਿਲਿਆ ਹੈ। ਉਨ੍ਹਾਂ ਦੀ ਲੈਅ ਬਹੁਤ ਸ਼ਾਨਦਾਰ ਚੱਲ ਰਹੀ ਹੈ ਤੇ ਉਹ ਹਰ ਖੇਤਰ ਵਿਚ ਸ਼ਾਟ ਮਾਰ ਸਕਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਉਨ੍ਹਾਂ ਵਿਚ ਨਿਰੰਤਰਤਾ ਹੈ। ਉਹ ਜਿਸ ਨੰਬਰ 'ਤੇ ਖੇਡਦੇ ਹਨ, ਉਥੇ ਖੇਡਣਾ ਸੌਖਾ ਨਹੀਂ ਹੁੰਦਾ ਪਰ ਕਾਰਤਿਕ ਹਰ ਮੈਚ ਵਿਚ ਜੋ ਕਰ ਰਹੇ ਹਨ ਤੇ ਮੈਚ ਨੂੰ ਫਿਨਿਸ਼ ਕਰ ਰਹੇ ਹਨ ਉਹ ਭਾਰਤੀ ਟੀਮ ਲਈ ਚੰਗਾ ਸੰਕੇਤ ਹੈ। ਜਦ ਕੇਐੱਲ ਰਾਹੁਲ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਟੀਮ ਵਿਚ ਵਾਪਸ ਆਉਣਗੇ ਉਸ ਤੋਂ ਬਾਅਦ ਤੁਹਾਨੂੰ ਹਾਰਦਿਕ ਪਾਂਡਿਆ ਤੇ ਕਾਰਤਿਕ ਵਰਗੇ ਖਿਡਾਰੀ ਮਿਲਣਗੇ ਜੋ ਟੀਮ ਨੂੰ ਬਹਬੁਤ ਜ਼ਿਆਦਾ ਮਜ਼ਬੂਤੀ ਦੇਣਗੇ।

-ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਆਇਰਲੈਂਡ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਨੂੰ ਤੁਸੀਂ ਕਿੰਨਾ ਮਹੱਤਵਪੂਰਨ ਮੰਨਦੇ ਹੋ? ਖ਼ਾਸ ਕਰ ਕੇ ਨੌਜਵਾਨਾਂ ਲਈ ਜਿਨ੍ਹਾਂ ਨੇ ਪਿਛਲੇ ਦਿਨੀਂ ਟੀਮ ਵਿਚ ਥਾਂ ਬਣਾਈ ਹੈ?

-ਨੌਜਵਾਨ ਖਿਡਾਰੀਆਂ ਲਈ ਵੀ ਟੀ-20 ਵਿਸ਼ਵ ਕੱਪ ਵਿਚ ਥਾਂ ਬਣਾਉਣ ਦਾ ਮੌਕਾ ਹੈ। ਬਹੁਤ ਮੁਸ਼ਕਲ ਨਾਲ ਕਿਸੇ ਨੂੰ ਭਾਰਤੀ ਟੀਮ ਵਿਚ ਥਾਂ ਬਣਾਉਣ ਦਾ ਮੌਕਾ ਮਿਲਦਾ ਹੈ। ਅਰਸ਼ਦੀਪ ਸਿੰਘ ਨੂੰ ਬਹੁਤ ਸਮੇਂ ਬਾਅਦ ਟੀਮ ਲਈ ਖੇਡਣ ਦਾ ਮੌਕਾ ਮਿਲਿਆ ਤੇ ਉਹ ਚਾਹੁਣਗੇ ਕਿ ਮੌਕੇ ਦਾ ਫ਼ਾਇਦਾ ਉਠਾਉਣ। ਭਾਰਤ ਲਈ ਖੇਡਣਾ ਸਾਰਿਆਂ ਦਾ ਇਕ ਸੁਪਨਾ ਹੁੰਦਾ ਹੈ। ਤੁਸੀਂ ਚਾਹੇ ਹੀ ਘਰੇਲੂ ਕ੍ਰਿਕਟ ਜਾਂ ਆਈਪੀਐੱਲ ਖੇਡੋ, ਪਰ ਜਦ ਭਾਰਤੀ ਜਰਸੀ ਪਹਿਨਣ ਦਾ ਮੌਕਾ ਮਿਲਦਾ ਹੈ ਤਾਂ ਉਸ ਦਾ ਅਹਿਸਾਸ ਹੀ ਵੱਖ ਹੁੰਦਾ ਹੈ। ਜਦ ਖਿਡਾਰੀ ਨੂੰ ਇਹ ਮੌਕਾ ਮਿਲਦਾ ਹੈ ਤਾਂ ਉਹ ਚਾਹੁੰਦੇ ਹਨ ਕਿ ਮੈਂ ਬਿਹਤਰ ਕਰਾਂ। ਮੇਰੇ ਖਿਆਲ ਨਾਲ ਆਇਰਲੈਂਡ ਦੇ ਦੌਰੇ 'ਤੇ ਜਿਸ ਨੂੰ ਵੀ ਮੌਕਾ ਮਿਲੇਗਾ ਉਹ ਇਹੀ ਚਾਹੇਗਾ ਕਿ ਉਸ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਬਿਹਤਰ ਪ੍ਰਦਰਸ਼ਨ ਕਰੇ ਤੇ ਚੋਣਕਾਰਾਂ ਦੇ ਸਾਹਮਣੇ ਆਪਣੀ ਦਾਅਵੇਦਾਰੀ ਪੇਸ਼ ਕਰੇ। ਹਾਲਾਂਕਿ ਇਸ ਦੌਰੇ 'ਤੇ ਜ਼ਿਆਦਾ ਮੈਚ ਨਹੀਂ ਹਨ।

-ਭਾਰਤੀ ਟੀਮ ਦਾ ਮੱਧਕ੍ਰਮ ਕਈ ਵਾਰ ਲੜਖੜਾ ਜਾਂਦਾ ਹੈ ਜਿਸ ਨਾਲ ਸਕੋਰ ਬੋਰਡ 'ਤੇ ਜ਼ਿਆਦਾ ਦੌੜਾਂ ਨਹੀਂ ਬਣਦੀਆਂ। ਤੁਹਾਡੇ ਮੁਤਾਬਕ ਇਸ ਮੁਸ਼ਕਲ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?

-ਕਿਸੇ ਵੀ ਟੀਮ ਦਾ ਮੱਧਕ੍ਰਮ ਅਚਾਨਕ ਲੜਖੜਾ ਸਕਦਾ ਹੈ ਤੇ ਉਹ ਆਮ ਗੱਲ ਹੈ ਪਰ ਜੇ ਹੇਠਲੇ ਨੰਬਰ ਦੇ ਬੱਲੇਬਾਜ਼ਾਂ ਵਿਚ ਬਿਹਤਰ ਖੇਡਣ ਦੀ ਸਮਰੱਥਾ ਹੈ ਤਾਂ ਉਹ ਇਸ ਦੀ ਭਰਪਾਈ ਕਰ ਸਕਦੇ ਹਨ। ਇਹ ਭਰਪਾਈ ਕਰਨ ਲਈ ਹੁਣ ਭਾਰਤ ਕੋਲ ਹਾਰਦਿਕ ਕੇ ਕਾਰਤਿਕ ਵਰਗੇ ਬੱਲੇਬਾਜ਼ ਹਨ ਜਿਨ੍ਹਾਂ ਕੋਲ ਤਜਰਬਾ ਹੈ ਤੇ ਬੱਲੇਬਾਜ਼ੀ ਦੀਕਲਾ ਹੈ। ਇਹ ਦੋਵੇਂ ਕਈ ਤਰ੍ਹਾਂ ਦੇ ਸ਼ਾਟ ਖੇਡ ਸਕਦੇ ਹਨ ਤੇ ਤੇਜ਼ ਵੀ ਖੇਡਦੇ ਹਨ। ਇਹ ਅਜਹੀਆਂ ਚੀਜ਼ਾਂ ਹਨ ਜੋ ਇਕ ਬੱਲੇਬਾਜ਼ ਨੂੰ ਚਾਹੀਦੀਆਂ ਹੁੰਦੀਆਂ ਹਨ। ਹਾਲਾਤ ਨੂੰ ਪਰਖਣਾ ਮਹੱਤਵਪੂਰਨ ਹੈ। ਅਜੇ ਅਸੀਂ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਦੌਰਾਨ ਦੇਖਿਆ ਕਿ ਹਾਰਦਿਕ ਤੇ ਕਾਰਤਿਕ ਨੇ ਪਹਿਲਾਂ ਕੁਝ ਸਮਾਂ ਲਿਆ ਤੇ ਫਿਰ ਆਪਣੇ ਸ਼ਾਟ ਖੇਡੇ। ਇਕ ਬਿਹਤਰ ਫਿਨਿਸ਼ਰ ਜੋ ਹੁੰਦਾ ਹੈ, ਉਹ ਇਹ ਕੰਮ ਕਰਨਾ ਜਾਣਦਾ ਹੈ ਕਿ ਮੁਸ਼ਕਲ ਹਾਲਾਤ ਵਿਚ ਥੋੜ੍ਹਾ ਸਮਾਂ ਲੈ ਕੇ ਭਾਈਵਾਲੀ ਬਣਾਓ ਤੇ ਬਾਅਦ ਵਿਚ ਸ਼ਾਟ ਲਾਓ। ਇਹ ਕੰਮ ਕਾਰਤਿਕ ਤੇ ਹਾਰਦਿਕ ਬਿਹਤਰ ਤਰੀਕੇ ਨਾਲ ਕਰ ਰਹੇ ਹਨ। ਇਹ ਦੋਵੇਂ ਆਉਣ ਵਾਲੇ ਸਮੇਂ ਵਿਚ ਭਾਰਤ ਨੂੰ ਬਹੁਤ ਸਾਰੇ ਮੈਚ ਜਿਤਾਉਣਗੇ।

Posted By: Gurinder Singh