ਨਵੀਂ ਦਿੱਲੀ : ਸਿਡਨੀ ਵਿਖੇ ਖੇਡੇ ਜਾਣ ਵਾਲੇ ਪਹਿਲੇ ਵਨ-ਡੇ ਮੈਚ ਵਿਚ ਹਾਰਦਿਕ ਪਾਂਡਿਆਂ ਅਤੇ ਲੋਕੇਸ਼ ਰਾਹੁਲ ਨਹੀਂ ਖੇਡਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਇਸ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਕ ਟੀਵੀ ਸ਼ੋਅ Koffee with Karan ਦੌਰਾਨ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਬੀਸੀਸੀਆਈ ਨੇ ਇਨ੍ਹਾਂ ਦੋਵਾਂ ਖਿਡਾਰੀਆਂ 'ਤੇ ਸਖ਼ਤ ਇਤਰਾਜ਼ ਜ਼ਾਹਰ ਕਰਦੇ ਹੋਏ ਪਹਿਲਾਂ ਇਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਸੀੇਏਓ ਚੀਫ ਵਿਨੋਦ ਰਾਇ ਨੇ ਕਿਹਾ ਸੀ ਕਿ ਇਨ੍ਹਾਂ ਦੋਵਾਂ ਖਿਡਾਰੀਆਂ 'ਤੇ ਦੋ ਮੈਚਾਂ ਦਾ ਬੈਨ ਲਗਾਇਆ ਜਾਣਾ ਚਾਹੀਦਾ ਹੈ ਪਰ ਉਦੋਂ ਡਾਇਨਾ ਇਡੁਲਜੀ ਨੇ ਕਿਹਾ ਸੀ ਕਿ ਕਾਨੂੰਨੀ ਸਲਾਹ-ਮਸ਼ਵਰੇ ਤੋਂ ਬਾਅਦ ਹੀ ਇਸ ਸੰਬਧੀ ਕੋਈ ਫ਼ੈਸਲਾ ਕੀਤਾ ਜਾਵੇਗਾ।


ਇਸ ਤੋਂ ਬਾਅਦ ਇਸ ਮਾਮਲੇ 'ਚ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਇਡੁਲਜੀ ਨੇ ਅਗਲੀ ਕਾਰਵਾਈ ਤਕ ਦੋਵਾਂ ਖਿਡਾਰੀਆਂ ਨੂੰ ਸਸਪੈਂਡ (Suspend) ਕਰ ਦੀ ਸਿਫ਼ਾਰਸ਼ ਕੀਤੀ ਸੀ। ਡਾਇਨਾ ਇਡੁਲਜੀ ਨੇ ਕਿਹਾ ਸੀ ਫਿਲਹਾਲ ਅਗਲੀ ਕਾਰਵਾਈ ਤਕ ਦੋਵਾਂ ਖਿਡਾਰੀਆਂ ਨੂੰ ਸਸਪੈਂਡ ਰੱਖਿਆ ਜਾਵੇ ਜਿਵੇਂ ਕਿ ਰਾਹੁਲ ਜੌਹਰੀ ਮਾਮਲੇ 'ਚ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਰਾਹੁਲ ਜੌਹਰੀ 'ਤੇ ਮੀ-ਟੂ ਮੁਹਿੰਮ ਤਹਿਤ ਇਕ ਔਰਤ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਤੇ ਜਾਂਚ ਪੂਰੀ ਹੋਣ ਤਕ ਉਨ੍ਹਾਂ ਨੂੰ ਮੁਅੱਤਲ ਰੱਖਿਆ ਗਿਆ ਸੀ।

Posted By: Seema Anand