ਮੁੰਬਈ (ਪੀਟੀਆਈ) : ਪਿੱਠ ਦੀ ਸਰਜਰੀ ਤੋਂ ਬਾਅਦ ਵਾਪਸੀ ਲਈ ਤਿਆਰ ਹਰਫ਼ਨਮੌਲਾ ਹਰਾਦਿਕ ਪਾਂਡਿਆ ਨੇ ਸੋਮਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿਚ ਭਾਰਤੀ ਟੀਮ ਨਾਲ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਪਾਂਡਿਆ ਨੂੰ ਆਖ਼ਰੀ ਸਮੇਂ ਵਿਚ ਨਿਊਜ਼ੀਲੈਂਡ ਦੌਰੇ 'ਤੇ ਜਾਣ ਵਾਲੀ ਭਾਰਤ-ਏ ਟੀਮ 'ਚੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਉਹ ਫਿਟਨੈੱਸ ਟੈਸਟ ਵਿਚ ਨਾਕਾਮ ਹੋ ਗਏ ਸਨ। ਹਾਰਦਿਕ ਨੂੰ ਸਭ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ੀ ਹਮਲੇ ਦੇ ਆਗੂ ਜਸਪ੍ਰੀਤ ਬੁਮਰਾਹ ਨਾਲ ਸਟੰਪ ਨੂੰ ਹਿੱਟ ਕਰਨ ਦਾ ਅਭਿਆਸ ਕਰਦੇ ਹੋਏ ਦੇਖਿਆ ਗਿਆ। ਪਾਂਡਿਆ ਨੇ ਬਾਅਦ ਵਿਚ ਗੇਂਦਬਾਜ਼ੀ ਕੋਚ ਭਰਤ ਅਰੁਣ ਦੇ ਮਾਰਗਦਰਸ਼ਨ ਵਿਚ ਨੈੱਟ 'ਤੇ ਗੇਂਦਬਾਜ਼ੀ ਕੀਤੀ। ਹਾਰਦਿਕ ਦਾ ਲੰਡਨ ਵਿਚ ਆਪਰੇਸ਼ਨ ਹੋਇਆ ਸੀ ਤੇ ਤਦ ਤੋਂ ਉਹ ਮੁੰਬਈ ਵਿਚ ਆਪਣੇ ਟ੍ਰੇਨਰ ਰਜਨੀਕਾਂਤ ਦੀ ਦੇਖਰੇਖ ਵਿਚ ਰਿਹੈਬਿਲੀਟੇਸ਼ਨ ਪ੍ਰਕਿਰਿਆ 'ਚੋਂ ਗੁਜ਼ਰ ਰਹੇ ਹਨ। ਇਸ ਵਿਚਾਲੇ ਬਦਲਵੇਂ ਅਭਿਆਸ ਸੈਸ਼ਨ ਦੇ ਬਾਵਜੂਦ ਭਾਰਤੀ ਟੀਮ ਦੇ ਲਗਭਗ ਸਾਰੇ ਮੈਂਬਰਾਂ ਨੂੰ ਅਭਿਆਸ ਸੈਸ਼ਨ ਵਿਚ ਹਿੱਸਾ ਲੈਂਦੇ ਦੇਖਿਆ ਗਿਆ। ਲੋਕੇਸ਼ ਰਾਹੁਲ ਤੇ ਸ਼ਿਖਰ ਧਵਨ ਨੇ ਵੀ ਨੈੱਟਸ 'ਤੇ ਬੱਲੇਬਾਜ਼ੀ ਕੀਤੀ।