ਨਵੀਂ ਦਿੱਲੀ (ਜੇਐੱਨਐੱਨ) : ਨਿਊਜ਼ੀਲੈਂਡ ਦੇ ਛੇ ਹਫ਼ਤੇ ਦੇ ਅਗਲੇ ਦੌਰੇ ਲਈ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਵਿਚ ਹਰਫਨਮੌਲਾ ਹਾਰਦਿਕ ਪਾਂਡਿਆ ਦੇ ਸ਼ਾਮਲ ਹੋਣ ਦੀ ਉਮੀਦ ਸੀ ਪਰ ਉਹ ਨਿਊਜ਼ੀਲੈਂਡ ਦੌਰੇ ਲਈ ਜਾਣ ਵਾਲੀ ਭਾਰਤੀ-ਏ ਟੀਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਫਿਟਨੈੱਸ ਟੈਸਟ 'ਚ ਫੇਲ੍ਹ ਹੋ ਗਏ। ਇਸ ਨਾਲ ਉਨ੍ਹਾਂ ਦੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਵਿਚ ਸ਼ਾਮਲ ਹੋਣ 'ਤੇ ਸ਼ੱਕ ਪੈਦਾ ਹੋ ਗਿਆ ਹੈ ਕਿਉਂਕਿ ਉਸ ਦੀ ਚੋਣ ਐਤਵਾਰ ਨੂੰ ਹੀ ਮੁੰਬਈ ਵਿਚ ਹੋਣੀ ਹੈ। ਫਿਲਹਾਲ ਪਾਂਡਿਆ ਨੂੰ ਭਾਰਤੀ-ਏ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਪਾਂਡਿਆ ਦੀ ਥਾਂ ਹੁਣ ਵਿਜੇ ਸ਼ੰਕਰ ਭਾਰਤ-ਏ ਟੀਮ ਨਾਲ ਨਿਊਜ਼ੀਲੈਂਡ ਲਈ ਰਵਾਨਾ ਹੋ ਚੁੱਕੇ ਹਨ।

ਇਹ ਵੀ ਦੇਖਣਾ ਪਵੇਗਾ ਕਿ ਏ ਟੀਮ 'ਚੋਂ ਬਾਹਰ ਹੋਏ ਪਾਂਡਿਆ ਨੂੰ ਸੀਨੀਅਰ ਟੀਮ ਵਿਚ ਮੌਕਾ ਮਿਲੇਗਾ ਕਿ ਨਹੀਂ ਕਿਉਂਕਿ ਉਹ ਏ ਟੀਮ ਲਈ ਕਰਵਾਏ ਗਏ ਦੋਵਾਂ ਫਿਟਨੈੱਸ ਟੈਸਟਾਂ 'ਚੋਂ ਫੇਲ੍ਹ ਹੋ ਗਏ ਹਨ। ਇਸ ਤੋਂ ਸਾਫ਼ ਹੁੰਦਾ ਹੈ ਕਿ ਉਹ ਅਜੇ ਅੰਤਰਰਾਸ਼ਟਰੀ ਕ੍ਰਿਕਟ ਲਈ ਫਿੱਟ ਨਹੀਂ ਹਨ।