ਅਭਿਸ਼ੇਕ ਤਿ੍ਪਾਠੀ, ਅਹਿਮਦਾਬਾਦ : 25 ਮਈ 2007 ਨੂੰ ਢਾਕਾ 'ਚ ਬੰਗਲਾਦੇਸ਼ ਖ਼ਿਲਾਫ਼ ਪਹਿਲਾ ਟੈਸਟ ਖੇਡਣ ਵਾਲੇ ਇਸ਼ਾਂਤ ਸ਼ਰਮਾ 13 ਸਾਲ ਲੰਬੇ ਕਰੀਅਰ ਤੋਂ ਬਾਅਦ 100ਵਾਂ ਟੈਸਟ ਖੇਡਣ ਜਾ ਰਹੇ ਹਨ। ਦਿੱਲੀ ਦੇ ਰਹਿਣ ਵਾਲੇ ਇਸ਼ਾਂਤ ਨੇ ਨੌਂ ਦਸੰਬਰ 2016 ਨੂੰ ਵਾਰਾਣਸੀ 'ਚ ਜਨਮੀ ਬਾਸਕਿਟਬਾਲ ਖਿਡਾਰੀ ਪ੍ਰਤਿਮਾ ਸਿੰਘ ਨਾਲ ਵਿਆਹ ਕਰਵਾਇਆ। ਇਸ ਨੂੰ ਸੰਯੋਗ ਹੀ ਕਹਾਂਗੇ ਕਿ ਪਿਛਲੇ ਤਿੰਨ-ਚਾਰ ਸਾਲ 'ਚ ਇਸ਼ਾਂਤ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ਹੈ ਤੇ ਦਿੱਗਜ਼ ਕਹਿੰਦੇ ਹਨ ਕਿ ਇਹ ਇਕ ਗੇਂਦਬਾਜ਼ ਦੇ ਤੌਰ 'ਤੇ ਉਨ੍ਹਾਂ ਦਾ ਸਰਬੋਤਮ ਸਮਾਂ ਹੈ। ਪਤੀ ਦਾ 100ਵਾਂ ਟੈਸਟ ਦੇਖਣ ਇੱਥੇ ਪੁੱਜੀ ਪ੍ਰਤਿਮਾ ਤੋਂ ਜਦੋਂ ਪੁੱਛਿਆ ਗਿਆ ਕਿ ਤੁਹਾਡੇ ਕਾਰਨ ਅਜਿਹਾ ਹੋਇਆ ਹੈ ਤਾਂ ਉਨ੍ਹਾਂ ਹੱਸਦੇ ਹੋਏ ਕਿਹਾ ਕਿ ਲੇਡੀ ਲੱਕ ਨਹੀਂ, ਹਾਰਡ ਵਰਕ (ਸਖ਼ਤ ਮਿਹਨਤ) ਕਾਰਨ ਉਹ ਇੱਥੋਂ ਤਕ ਪਹੁੰਚੇ ਹਨ। ਹਰ ਚੀਜ਼ ਦਾ ਕ੍ਰੈਡਿਟ ਲੜਕੀਆਂ ਨੂੰ ਨਹੀਂ ਮਿਲਣਾ ਚਾਹੀਦਾ।

ਟ੍ਰੇਨਿੰਗ ਨਹੀਂ ਛੱਡੀ : ਭਾਰਤੀ ਬਾਸਕਿਟਬਾਲ ਦੀ ਸਾਬਕਾ ਮੈਂਬਰ ਪ੍ਰਤਿਮਾ ਨੇ ਕਿਹਾ ਕਿ ਇਸ਼ਾਂਤ ਦੀ ਜ਼ਿੰਦਗੀ 'ਚ ਜੋ ਸਖ਼ਤ ਮਿਹਨਤ, ਨਿਰੰਤਰਤਾ ਤੇ ਅਨੁਸ਼ਾਸਨ ਹੈ, ਉਸੇ ਕਾਰਨ ਉਹ ਇੱਥੋਂ ਤਕ ਪਹੁੰਚੇ ਹਨ। ਮੈਨੂੰ ਕ੍ਰਿਕਟ ਬਾਰੇ ਏਨਾ ਜ਼ਿਆਦਾ ਪਤਾ ਨਹੀਂ ਪਰ ਸਾਰੇ ਕਹਿੰਦੇ ਹਨ ਕਿ ਇਕ ਤੇਜ਼ ਗੇਂਦਬਾਜ਼ ਦੇ ਤੌਰ 'ਤੇ 100 ਟੈਸਟ ਖੇਡਣਾ ਬਹੁਤ ਔਖਾ ਕੰਮ ਹੈ। ਜੇ ਤੁਸੀਂ ਅਨੁਸ਼ਾਸਨ 'ਚ ਨਹੀਂ ਰਹੋਗੇ ਤਾਂ ਸਰੀਰ ਜਵਾਬ ਦੇ ਜਾਵੇਗਾ। ਮੈਂ ਉਨ੍ਹਾਂ ਨੂੰ 2011 ਤੋਂ ਜਾਣਦੀ ਹਾਂ। ਮੈਂ 10 ਸਾਲਾਂ 'ਚ ਕਦੇ ਵੀ ਨਹੀਂ ਦੇਖਿਆ ਕਿ ਉਨ੍ਹਾਂ ਥਕਾਵਟ, ਸਫਰ, ਨਿੱਜੀ ਕਾਰਨ ਜਾਂ ਪ੍ਰਰੋਫੈਸ਼ਨਲ ਕਾਰਨ ਜਾਂ ਕਿਸੇ ਹੋਰ ਵਜ੍ਹਾ ਨਾਲ ਟ੍ਰੇਨਿੰਗ ਛੱਡੀ ਹੋਵੇ।

ਇਕ ਖਿਡਾਰੀ ਦੇ ਤੌਰ 'ਤੇ ਮੈਨੂੰ ਪਤਾ ਹੈ ਕਿ ਟ੍ਰੇਨਿੰਗ ਕਿੰਨੀ ਅਹਿਮ ਹੈ। ਮੈਂ ਵੀ ਇਸ ਤਰ੍ਹਾਂ ਦੀ ਖਿਡਾਰੀ ਸੀ ਪਰ 10 ਸਾਲ ਕ੍ਰਿਕਟ ਖੇਡਦੇ ਰਹਿਣਾ ਤੇ ਕਦੇ ਟ੍ਰੇਨਿੰਗ ਮਿਸ ਨਾ ਕਰਨਾ ਇਕ ਰਿਕਾਰਡ ਹੈ। ਇਸ ਦੌਰਾਨ ਜ਼ਿੰਦਗੀ 'ਚ ਬਹੁਤ ਉਤਰਾਅ-ਚੜਾਅ ਆਏ। ਕਦੇ ਤੁਸੀਂ ਜੋ ਸੋਚਦੇ ਹੋਏ ਉਹ ਨਹੀਂ ਹੁੰਦਾ, ਉਹ ਕਿੰਨਾ ਵੀ ਨਿਰਾਸ਼ ਹੋਣ ਜਾਂ ਨਾਰਾਜ਼ ਹੋਣ ਪਰ ਟ੍ਰੇਨਿੰਗ ਨਹੀਂ ਛੱਡਦੇ।

ਪੂਰੀ ਤਿਆਰੀ ਹੈ : ਪ੍ਰਤਿਮਾ ਨੇ ਦੱਸਿਆ ਕਿ ਇਸ਼ਾਂਤ ਦੀ ਖ਼ੁਸ਼ੀ 'ਚ ਸ਼ਾਮਲ ਹੋਣ ਲਈ 16-16 ਲੋਕ ਇੱਥੇ ਆ ਰਹੇ ਹਨ। ਇਸ਼ਾਂਤ ਦੇ ਮੰਮੀ-ਪਾਪਾ ਤੋਂ ਇਲਾਵਾ ਪ੍ਰਤਿਮਾ ਦੀ ਭੈਣ ਆਕਾਂਸ਼ਾ ਤੇ ਬਹੁਤ ਸਾਰੇ ਦੋਸਤ ਅਹਿਮਦਾਬਾਦ 'ਚ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਡੇ-ਨਾਈਟ ਟੈਸਟ 'ਚ ਹੌਂਸਲਾ ਅਫਜਾਈ ਕਰਨ ਲਈ ਮੌਜੂਦ ਰਹਿਣਗੇ।

ਨਿੱਜੀ ਰਿਕਾਰਡ ਅਹਿਮ ਨਹੀਂ : ਪ੍ਰਤਿਮਾ ਨੇ ਕਿਹਾ ਕਿ ਜਿੱਥੋਂ ਤਕ 100 ਟੈਸਟ ਮੈਚਾਂ ਦੀ ਗੱਲ ਹੈ ਤਾਂ ਇਸ਼ਾਂਤ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ। ਉਹ ਕਹਿੰਦੇ ਹਨ ਕਿ 100 ਟੈਸਟ ਹੋਣ ਜਾਂ 300 ਵਿਕਟਾਂ, ਫਰਕ ਨਹੀਂ ਪੈਂਦਾ, ਬਸ ਟੀਮ ਜਿੱਤਣੀ ਚਾਹੀਦੀ ਹੈ ਪਰ ਇਕ ਦੋਸਤ ਤੇ ਪਤਨੀ ਦੇ ਨਾਤੇ ਮੈਂ ਕਹਾਂਗੀ ਕਿ ਇਹ ਬਹੁਤ ਵੱਡੀ ਪ੍ਰਰਾਪਤੀ ਹੈ। ਟੀਮ ਡਿਨਰ ਦੌਰਾਨ ਸਾਰੇ ਕੋਚ ਆਪਸ 'ਚ ਗੱਲ ਕਰ ਰਹੇ ਸਨ, ਇਸ ਤੋਂ ਬਾਅਦ ਪਤਾ ਨਹੀਂ ਕਿਹੜਾ ਭਾਰਤੀ ਤੇਜ਼ ਗੇਂਦਬਾਜ਼ 100 ਟੈਸਟ ਖੇਡੇ। ਸਾਡੇ ਦੋਵਾਂ 'ਚ ਸਮਾਨਤਾ ਹੈ ਕਿ ਅਸੀਂ ਦੋਵੇਂ ਖਿਡਾਰੀ ਹਾਂ। ਇਸ ਲਈ ਫਿੱਟਨੈੱਸ ਤੋਂ ਲੈ ਕੇ ਡਾਈਟ ਤਕ ਗੱਲ ਹੁੰਦੀ ਹੈ। ਸਾਨੂੰ ਦੋਵਾਂ ਨੂੰ ਇਸ ਬਾਰੇ ਜਾਣਕਾਰੀ ਹੈ। ਸਾਡੇ ਇੱਥੇ ਅਜਿਹਾ ਨਹੀਂ ਹੈ ਕਿ ਮੈਂ ਪਤਨੀ ਹਾਂ ਤਾਂ ਘਰ ਦਾ ਕੰਮ ਕਰਾਂਗੀ ਤੇ ਉਹ ਪਤੀ ਹਨ ਤਾਂ ਬਾਹਰ ਦਾ ਕੰਮ ਕਰਨਗੇ। ਅਸੀਂ ਦੋਵੇਂ ਖਿਡਾਰੀ ਹਾਂ ਤਾਂ ਬਰਾਬਰੀ ਦਾ ਮਾਹੌਲ ਹੈ। ਬਿਨਾਂ ਕਹੇ ਵੀ ਇਕ-ਦੂਜੇ ਦੀ ਗੱਲ ਨੂੰ ਸਮਝ ਲੈਂਦੇ ਹਾਂ।

ਟੀਮ ਬਾਰੇ ਭਾਵੁਕ ਹਨ : ਪ੍ਰਤਿਮਾ ਨੇ ਕਿਹਾ ਕਿ ਹਾਲ ਹੀ 'ਚ ਇਸ਼ਾਂਤ ਨੇ ਕਿਹਾ ਸੀ ਕਿ ਜਦੋਂ ਮੈਂ ਕ੍ਰਿਕਟ ਛੱਡਾਂਗਾ ਤਾਂ ਸਭ ਤੋਂ ਜ਼ਿਆਦਾ ਟੀਮ ਤੇ ਸਾਥੀਆਂ ਨੂੰ ਮਿਸ ਕਰਾਂਗਾ। ਟੀਮ ਨਾਲ ਰਹਿਣਾ, ਗੱਲਾਂ ਕਰਨਾ, ਸਾਥੀਆਂ ਨਾਲ ਮਜ਼ਾਕ ਕਰਨਾ ਯਾਦ ਆਵੇਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਤਕ ਖੇਡ ਸਕਦੇ ਹੋ ਖੇਡੋ, ਭਾਵੇਂ ਉਹ ਟੀਮ ਇੰਡੀਆ ਹੋਵੇ ਜਾਂ ਘਰੇਲੂ ਟੀਮ। ਖਿਡਾਰੀ ਦਾ ਜੀਵਨ ਬਹੁਤ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਬਹੁਤ ਲੰਬਾ ਕਰੀਅਰ ਨਹੀਂ ਹੁੰਦਾ।

ਪਹਿਲੀ ਵਾਰ ਜਦੋਂ ਫੋਨ 'ਤੇ ਖੂਬ ਰੋਏ ਇਸ਼ਾਂਤ : ਕ੍ਰਿਕਟਰ ਪਤੀ ਨੂੰ ਸੰਭਾਲਣ ਦੇ ਸਵਾਲ 'ਤੇ ਪ੍ਰਤਿਮਾ ਨੇ ਕਿਹਾ ਕਿ ਇਸ਼ਾਂਤ ਵੈਸੇ ਤਾਂ ਚੁੱਪ-ਚਾਪ ਰਹਿੰਦੇ ਹਨ ਤੇ ਆਪਣੀਆਂ ਗੱਲਾਂ ਜ਼ਿਆਦਾਤਰ ਕਿਸੇ ਨੂੰ ਦੱਸਦੇ ਨਹੀਂ ਪਰ 2013 'ਚ ਉਹ ਮੈਨੂੰ ਫੋਨ ਕਰ ਕੇ ਬਹੁਤ ਰੋਏ ਸਨ। ਅਸੀਂ ਉਸ ਸਮੇਂ ਡੇਟ ਕਰ ਰਹੇ ਸੀ। ਮੋਹਾਲੀ 'ਚ ਬਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਏ ਮੈਚ 'ਚ ਜੇਮਸ ਫਾਕਨਰ ਨੇ ਉਨ੍ਹਾਂ ਦੇ ਇਕ ਓਵਰ 'ਚ 30 ਦੌੜਾਂ ਬਣਾਈਆਂ। ਉਸ ਤੋਂ ਬਾਅਦ ਉਹ ਪਹਿਲੀ ਵਾਰ ਫੋਨ 'ਤੇ ਬਹੁਤ ਰੋਏ। ਮੈਂ ਉਨ੍ਹਾਂ ਨੂੰ ਇਹੀ ਕਿਹਾ ਕਿ ਕ੍ਰਿਕਟ ਨੂੰ ਏਨਾ ਸਿਰ 'ਤੇ ਨਾ ਚੜ੍ਹਾਓ। ਇਹ ਬਹੁਤ ਵੱਡੀ ਚੀਜ਼ ਹੈ, ਪਰ ਸਿਰਫ ਖੇਡ ਹੈ।

ਬਨਾਰਸੀ ਹੋ ਗਏ ਹਨ ਸ਼ਰਮਾ ਜੀ : ਵਿਆਹ ਤੋਂ ਬਾਅਦ ਇਸ਼ਾਂਤ ਨੂੰ ਬਨਾਰਸ ਖ਼ੂਬ ਪਸੰਦ ਆਉਣ ਲੱਗਾ ਹੈ। ਪ੍ਰਤਿਮਾ ਨੇ ਕਿਹਾ ਕਿ ਬਿਲਕੁੱਲ ਉਹ ਬਨਾਰਸੀ ਹੋ ਗਏ ਹਨ। ਉਹ ਕਹਿੰਦੇ ਹਨ ਕਿ ਦੁਨੀਆ 'ਚ ਮੈਨੂੰ ਬਨਾਰਸ ਸਭ ਤੋਂ ਵੱਧ ਪਸੰਦ ਹੈ।

Posted By: Susheel Khanna