ਜੇਐੱਨਐੱਨ, ਨਵੀਂ ਦਿੱਲੀ - ਭਾਰਤੀ ਟੀਮ ਨੇ ਆਸਟ੍ਰੇਲੀਆ 'ਚ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੀ 4 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ ਪਰ ਇਸ ਸੀਰੀਜ਼ ਦੇ ਪਹਿਲੇ ਮੈਚ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇਸ਼ ਵਾਪਸ ਆ ਜਾਣਗੇ। ਅਜਿਹੇ 'ਚ ਭਾਰਤੀ ਟੀਮ ਚਿੰਤਤ ਹੈ ਪਰ ਭਾਰਤੀ ਦਿੱਗਜ਼ ਗੇਂਦਬਾਜ਼ ਹਰਭਜਨ ਸਿੰਘ ਨੇ ਦੱਸ ਦਿੱਤਾ ਹੈ ਕਿ ਵਿਰਾਟ ਕੋਹਲੀ ਦੀ ਗ਼ੈਰ-ਹਾਜ਼ਰੀ 'ਚ ਕਿਹੜੇ ਖਿਡਾਰੀ ਖੇਡ ਸਕਦੇ ਹਨ।

ਵਿਰਾਟ ਕੋਹਲੀ ਨਾਲ ਖ਼ਾਸ ਗੱਲ ਇਹ ਹੈ ਕਿ ਉਹ ਮੈਦਾਨ 'ਤੇ ਜੋ ਉੂਰਜਾ ਲਿਆਉਂਦੇ ਹਨ, ਉਹ ਬੇਜੋੜ ਹੈ ਤੇ ਵਿਕਟ ਡਿਗਣ ਤੋਂ ਬਾਅਦ ਉਨ੍ਹਾਂ ਦਾ ਜਸ਼ਨ ਮਨਾਉਣਾ ਇਸ ਦਾ ਇਕ ਛੋਟਾ ਜਿਹਾ ਸਬੂਤ ਹੈ। ਅਜਿਹੇ 'ਚ ਜਦੋਂ ਬਾਕੀ ਬਚੇ ਤਿੰਨ ਮੈਚਾਂ 'ਚ ਵਿਰਾਟ ਕੋਹਲੀ ਨਹੀਂ ਖੇਡਣਗੇ ਤਾਂ ਫਿਰ ਭਾਰਤੀ ਟੀਮ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਕੇਐੱਲ ਰਾਹੁਲ, ਤੇ ਪੁਜਾਰਾ 'ਤੇ ਹੋਵੇਗੀ। ਇਹ ਗੱਲ ਹਰਭਜਨ ਸਿੰਘ ਨੇ ਕਹੀ ਹੈ। 32 ਸਾਲਾ ਵਿਰਾਟ ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਦੌਰਾਨ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਰਹਿਣਾ ਚਾਹੁੰਦੇ ਹਨ।

ਭਾਰਤ ਦੇ ਆਫ ਸਪਿੱਨਰ ਭਜੀ ਚਾਹੁੰਦੇ ਹਨ ਕਿ ਟੀਮ ਵਿਰਾਟ ਕੋਹਲੀ ਦੀ ਗ਼ੈਰ-ਹਾਜ਼ਰੀ ਨੂੰ ਭਾਰਤੀ ਖਿਡਾਰੀ ਇਕ ਮੌਕੇ ਵਾਂਗ ਦੇਖਣ। ਹਰਭਜਨ ਸਿੰਘ ਨੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਕੇਐੱਲ ਰਾਹੁਲ ਜਿਹਾ ਬੱਲੇਬਾਜ਼, ਜੋ ਭਾਰਤੀ ਟੈਸਟ ਟੀਮ 'ਚ ਵਾਪਸੀ ਕਰ ਰਿਹਾ ਹੈ, ਨੂੰ ਆਪਣੇ ਕਪਤਾਨ ਦੀ ਗ਼ੈਰ-ਹਾਜ਼ਰੀ ਨੂੰ ਇਕ ਮੌਕੇ ਵਾਂਗ ਦੇਖਣਾ ਚਾਹੀਦਾ ਹੈ। ਹਰਭਜਨ ਸਿੰਘ ਨੇ ਕਿਹਾ ਕਿ ਕੇਐੱਲ ਰਾਹੁਲ, ਪੁਜਾਰਾ ਤੇ ਰੋਹਿਤ ਸ਼ਰਮਾ ਜਿਹੇ ਖਿਡਾਰੀਆਂ ਕੋਲ ਆਪਣਾ ਦਮ ਦਿਖਾਉਣ ਤੇ ਆਪਣੀ ਜਗ੍ਹਾ 'ਤੇ ਮੋਹਰ ਲਾਉਣ ਦਾ ਸੁਨਹਿਰੀ ਮੌਕਾ ਹੈ।

Posted By: Harjinder Sodhi