ਨਵੀਂ ਦਿੱਲੀ, ਆਨਲਾਈਨ ਡੈਸਕ: ਭਾਰਤੀ ਕ੍ਰਿਕਟ 'ਚ ਟਰਬਨੇਟਰ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। 3 ਜੁਲਾਈ 1980 ਨੂੰ ਜਲੰਧਰ, ਪੰਜਾਬ ਵਿੱਚ ਜਨਮੇ ਹਰਭਜਨ ਪਹਿਲੇ ਭਾਰਤੀ ਗੇਂਦਬਾਜ਼ ਹਨ ਜਿਨ੍ਹਾਂ ਨੇ ਪਹਿਲੀ ਵਾਰ ਟੈਸਟ ਕ੍ਰਿਕਟ ਵਿੱਚ ਹੈਟ੍ਰਿਕ ਲਈ। ਇਸ ਤੋਂ ਇਲਾਵਾ ਹਰਭਜਨ ਨੇ ਕਈ ਮੌਕਿਆਂ 'ਤੇ ਅਜਿਹਾ ਪ੍ਰਦਰਸ਼ਨ ਕੀਤਾ ਹੈ ਜਿਸ ਨੂੰ ਭਾਰਤੀ ਕ੍ਰਿਕਟ ਪ੍ਰਸ਼ੰਸਕ ਵਜੋਂ ਭੁੱਲਣਾ ਆਸਾਨ ਨਹੀਂ ਹੈ।

ਹਰਭਜਨ ਨੇ ਬੇਸ਼ੱਕ ਆਪਣੇ 23 ਸਾਲ ਦੇ ਕ੍ਰਿਕਟ ਕਰੀਅਰ ਨੂੰ ਪਿਛਲੇ ਸਾਲ ਦਸੰਬਰ 'ਚ ਅਲਵਿਦਾ ਕਹਿ ਦਿੱਤਾ ਹੋਵੇ ਪਰ ਕ੍ਰਿਕਟ ਨਾਲ ਉਨ੍ਹਾਂ ਦਾ ਪਿਆਰ ਹੀ ਹੈ ਕਿ ਉਹ ਅਜੇ ਵੀ ਕੁਮੈਂਟੇਟਰ ਵਜੋਂ ਕ੍ਰਿਕਟ ਨਾਲ ਜੁੜੇ ਹੋਏ ਹਨ। ਹਰਭਜਨ ਨੇ 711 ਵਿਕਟਾਂ ਤੋਂ ਇਲਾਵਾ 367 ਅੰਤਰਰਾਸ਼ਟਰੀ ਮੈਚਾਂ ਵਿੱਚ 3,569 ਦੌੜਾਂ ਬਣਾਈਆਂ ਹਨ। ਉਹ ਪਹਿਲੇ ਟੀ-20 ਵਿਸ਼ਵ ਕੱਪ ਅਤੇ 2011 ਵਿਸ਼ਵ ਕੱਪ ਟੀਮ ਦਾ ਵੀ ਹਿੱਸਾ ਸੀ।

ਉਨ੍ਹਾਂ ਦੇ ਸਾਥੀ ਅਤੇ ਮੈਦਾਨ ਤੋਂ ਬਾਹਰ ਦੇ ਸਭ ਤੋਂ ਚੰਗੇ ਦੋਸਤ ਯੁਵਰਾਜ ਸਿੰਘ ਨੇ ਉਨ੍ਹਾਂ ਦੇ 42ਵੇਂ ਜਨਮਦਿਨ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਹਾਲਾਂਕਿ ਹਰਭਜ ਨੇ ਕ੍ਰਿਕਟ 'ਚ ਭਾਰਤੀ ਪ੍ਰਸ਼ੰਸਕਾਂ ਨੂੰ ਅਜਿਹੇ ਕਈ ਯਾਦਗਾਰ ਪਲ ਦਿੱਤੇ ਹਨ ਪਰ ਜੇਕਰ ਕੁਝ ਖਾਸ ਉਪਲੱਬਧੀਆਂ 'ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ ਖਿਲਾਫ ਉਸ ਦੀ ਗੇਂਦਬਾਜ਼ੀ ਤੋਂ ਇਲਾਵਾ ਟੈਸਟ 'ਚ ਹੈਟ੍ਰਿਕ ਅਤੇ ਅਜਿਹੇ ਕਈ ਰਿਕਾਰਡ ਹਨ।

ਆਸਟ੍ਰੇਲੀਆ ਖਿਲਾਫ ਸੀਰੀਜ਼

2001 'ਚ ਆਸਟ੍ਰੇਲੀਆ ਖਿਲਾਫ ਘਰੇਲੂ ਸੀਰੀਜ਼ 'ਚ ਆਸਟ੍ਰੇਲੀਆਈ ਬੱਲੇਬਾਜ਼ ਹਰਭਜਨ ਦੇ ਨਾਂ 'ਤੇ ਡਰਦੇ ਸਨ। ਉਸ ਨੇ ਆਸਟ੍ਰੇਲੀਆ ਖਿਲਾਫ 3 ਮੈਚਾਂ ਦੀ ਸੀਰੀਜ਼ 'ਚ 32 ਵਿਕਟਾਂ ਲਈਆਂ ਅਤੇ ਭਾਰਤ ਨੂੰ ਸੀਰੀਜ਼ 2-1 ਨਾਲ ਜਿੱਤਣ 'ਚ ਮਦਦ ਕੀਤੀ। ਉਸ ਨੇ ਇਸ ਸੀਰੀਜ਼ 'ਚ 4 ਵਾਰ 5 ਵਿਕਟਾਂ ਲਈਆਂ।

ਟੈਸਟ ਵਿੱਚ ਹੈਟ੍ਰਿਕ ਲੈਣ ਵਾਲਾ ਪਹਿਲਾ ਭਾਰਤੀ

ਉਸ ਲਈ ਆਸਟ੍ਰੇਲੀਆ ਖਿਲਾਫ ਘਰੇਲੂ ਸੀਰੀਜ਼ ਇਸ ਲਈ ਵੀ ਯਾਦਗਾਰ ਹੈ ਕਿਉਂਕਿ ਇਸ ਸੀਰੀਜ਼ 'ਚ 32 ਵਿਕਟਾਂ ਲੈ ਕੇ ਨਾ ਸਿਰਫ ਉਸ ਨੂੰ 'ਮੈਨ ਆਫ ਦਾ ਸੀਰੀਜ਼' ਚੁਣਿਆ ਗਿਆ, ਸਗੋਂ ਉਸ ਨੇ ਇਤਿਹਾਸਕ ਈਡਨ 'ਤੇ ਹੈਟ੍ਰਿਕ ਲੈਣ ਵਾਲੇ ਪਹਿਲੇ ਭਾਰਤੀ ਹੋਣ ਦਾ ਮਾਣ ਵੀ ਹਾਸਲ ਕੀਤਾ।

Posted By: Sandip Kaur