ਨਵੀਂ ਦਿੱਲੀ (ਜੇਐੱਨਐੱਨ) : ਟੀਮ ਇੰਡੀਆ ਦੇ ਸੀਨੀਅਰ ਸਪਿੰਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਵਿਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਜਿੰਨੇ ਅਹਿਮ ਹਨ, ਸ਼ਿਖਰ ਧਵਨ ਵੀ ਓਨੇ ਹੀ ਮਹੱਤਵਪੂਰਨ ਹਨ। ਭੱਜੀ ਮੁਤਾਬਕ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਸਰਬੋਤਮ ਬੱਲੇਬਾਜ਼ ਹਨ ਤੇ ਦੋਵਾਂ ਦੀ ਜੋੜੀ ਪਿਛਲੇ ਕੁਝ ਸਾਲਾਂ ਵਿਚ ਟੀਮ ਲਈ ਕਾਫੀ ਅਹਿਮ ਸਾਬਤ ਹੋਈ ਹੈ। ਟੀਮ ਵਿਚ ਜਿੰਨਾ ਯੋਗਦਾਨ ਵਿਰਾਟ ਤੇ ਰੋਹਿਤ ਦਾ ਹੈ, ਓਨਾ ਹੀ ਸ਼ਿਖਰ ਧਵਨ ਦਾ ਵੀ ਹੈ। ਭੱਜੀ ਮੁਤਾਬਕ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਚਾਹੇ ਵਨ ਡੇ ਜਾਂ ਫਿਰ ਟੀ-20 ਦੀ ਗੱਲ ਕਰੀਏ ਤਾਂ ਧਵਨ ਹਮੇਸ਼ਾ ਹੀ ਸ਼ਾਨਦਾਰ ਹੁੰਦੇ ਹਨ। ਕ੍ਰਿਕਟ ਦਾ ਕੋਈ ਵੀ ਫਾਰਮੈਟ ਹੋਵੇ ਮੇਰੇ ਮੁਤਾਬਕ ਸ਼ਿਖਰ ਧਵਨ ਤੋਂ ਬਿਹਤਰ ਓਪਨਰ ਸ਼ਾਇਦ ਹੀ ਕੋਈ ਹੈ। ਜੇ ਉਹ ਆਪਣੀ ਫਿਟਨੈੱਸ 'ਤੇ ਧਿਆਨ ਦੇਣ ਤਾਂ ਆਉਣ ਵਾਲੇ ਦੋ ਤਿੰਨ ਸਾਲਾਂ ਵਿਚ ਉਨ੍ਹਾਂ ਨੂੰ ਰੋਕ ਸਕਣਾ ਕਿਸੇ ਲਈ ਵੀ ਨਾਮੁਮਕਿਨ ਹੈ। ਜ਼ਿਕਰਯੋਗ ਹੈ ਕਿ ਸ਼ਿਖਰ ਧਵਨ ਨੇ ਵਿਸ਼ਵ ਕੱਪ 2019 ਵਿਚ ਆਸਟ੍ਰੇਲੀਆ ਖ਼ਿਲਾਫ਼ ਭਾਰਤ ਲਈ ਸ਼ਾਨਦਾਰ ਪਾਰੀ ਖੇਡੀ ਸੀ। ਇਸ ਮੈਚ ਦੌਰਾਨ ਉਹ ਜ਼ਖ਼ਮੀ ਹੋ ਗਏ ਸਨ ਤੇ ਵਿਸ਼ਵ ਕੱਪ 'ਚੋਂ ਬਾਹਰ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਵੈਸਟਇੰਡੀਜ਼ ਦੌਰੇ 'ਤੇ ਹੋਈ ਪਰ ਉਥੇ ਉਹ ਦੌੜਾਂ ਬਣਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਉਥੇ ਿਫ਼ਲਹਾਲ ਉਹ ਸਾਊਥ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਲਈ ਟੀਮ ਦਾ ਹਿੱਸਾ ਹਨ।

ਵੀਵੀਐੱਸ ਲਕਸ਼ਮਣ ਨੇ ਕੀਤੀ ਸੀ ਬਦਲ ਦੀ ਗੱਲ :

ਸ਼ਿਖਰ ਧਵਨ ਨੂੰ ਲੈ ਕੇ ਪਿਛਲੇ ਦਿਨੀਂ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਵੀਵੀਐੱਸ ਲਕਸ਼ਮਣ ਨੇ ਕਿਹਾ ਸੀ ਕਿ ਅਗਲੇ ਟੀ-20 ਵਿਸ਼ਵ ਕੱਪ ਵਿਚ ਧਵਨ ਰੋਹਿਤ ਦੇ ਨਾਲ ਓਪਨਿੰਗ ਕਰਨਗੇ ਜਾਂ ਨਹੀਂ ਇਸ ਬਾਰੇ ਫ਼ੈਸਲਾ ਚੋਣਕਾਰਾਂ ਨੇ ਕਰਨਾ ਹੈ। ਵਿਸ਼ਵ ਕੱਪ ਵਿਚ ਅਜੇ ਇਕ ਸਾਲ ਦਾ ਸਮਾਂ ਹੈ। ਉਥੇ ਲਕਸ਼ਮਣ ਨੇ ਇਹ ਵੀ ਕਿਹਾ ਸੀ ਕਿ ਕਈ ਅਜਿਹੇ ਖਿਡਾਰੀ ਹਨ ਜੋ ਰੋਹਿਤ ਨਾਲ ਜ਼ਿਆਦਾ ਹਮਲਾਵਰ ਬੱਲੇਬਾਜ਼ੀ ਕਰਨ ਲਈ ਤਿਆਰ ਹਨ। ਇਸ ਤੋਂ ਇਲਾਵਾ ਕਈ ਬੱਲੇਬਾਜ਼ ਹਨ ਜੋ ਰੋਹਿਤ ਨਾਲ ਜ਼ਿਆਦਾ ਸਮਝਦਾਰੀ ਨਾਲ ਦੌੜਾਂ ਬਣਾ ਸਕਦੇ ਹਨ ਤੇ ਉਨ੍ਹਾਂ ਦਾ ਸਟ੍ਰਾਈਕ ਰੇਟ ਵੀ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਹੁਣ ਟੀਮ ਮੈਨੇਜਮੈਂਟ ਸ਼ਿਖਰ ਧਵਨ ਨੂੰ ਕਦ ਤਕ ਟੀਮ ਵਿਚ ਸਲਾਮੀ ਬੱਲੇਬਾਜ਼ ਵਜੋਂ ਦੇਖਣਾ ਚਾਹੁੰਦੀ ਹੈ ਇਹ ਕਾਫੀ ਦਿਲਚਸਪ ਹੋਣ ਵਾਲਾ ਹੈ।