ਨਵੀਂ ਦਿੱਲੀ, ਜੇਐੱਨਐੱਨ। Happy Birthday Virender Sehwag: ਭਾਰਤ ਦਾ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਅੱਜ (20 ਅਕਤੂਬਰ 2019) ਨੂੰ 41 ਸਾਲ ਦੇ ਹੋ ਗਏ ਹਨ। ਸਹਿਵਾਗ ਨੂੰ ਕੌਮਾਂਤਰੀ ਕ੍ਰਿਕਟ ਤੋਂ ਰਿਟਾਇਰ ਹੋਇਆ 6 ਸਾਲ ਹੋ ਗਏ ਹਨ ਪਰ ਉਨ੍ਹਾਂ ਦੀ ਬੇਖੌਫ਼ ਬੱਲੇਬਾਜ਼ੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਇਸ ਧਮਾਕੇਦਾਰ ਸਲਾਮੀ ਬੱਲੇਬਾਜ਼ ਨੇ ਸੀਮਤ ਓਵਰਾਂ 'ਚ ਹੀ ਇਹ ਕਮਾਲ ਕੀਤਾ, ਟੈਸਟ ਵੰਨਗੀ 'ਚ ਵੀ ਉਨ੍ਹਾਂ ਦੇ ਬਣਾਏ ਰਿਕਾਰਡ ਅੱਜ ਵੀ ਕਾਇਮ ਹਨ। ਉਨ੍ਹਾਂ ਦੀ ਖ਼ਾਸੀਅਤ ਇਹ ਸੀ ਕਿ ਉਹ ਟੈਸਟ ਮੈਚਾਂ 'ਚ ਵੀ ਵਨਡੇਅ ਸ਼ੈਲੀ 'ਚ ਬੱਲੇਬਾਜ਼ੀ ਕਰਦੇ ਸਨ ਤੇ ਉਨ੍ਹਾਂ ਵੱਲੋਂ ਟੈਸਟ ਕ੍ਰਿਕਟ 'ਚ ਬਣਾਇਆ ਗਿਆ ਸਭ ਤੋਂ ਤੇਜ਼ ਤੀਹਰੇ ਸੈਂਕੜੇ ਦਾ ਵਿਸ਼ਵ ਰਿਕਾਰਡ ਹਾਲੇ ਵੀ ਕਾਇਮ ਹੈ।

ਸਹਿਵਾਗ ਦੁਨੀਆ ਦੇ ਉਨ੍ਹਾਂ ਚਾਰ ਬੱਲੇਬਾਜ਼ਾਂ ਦੇ ਵਿਸ਼ੇਸ਼ ਸਮੂਹ 'ਚ ਸ਼ਾਮਲ ਹਨ ਜਿਨ੍ਹਾਂ ਟੈਸਟ ਕ੍ਰਿਕਟ 'ਚ ਦੋ ਜਾਂ ਦੋ ਤੋਂ ਜ਼ਿਆਦਾ ਤੀਹਰੇ ਸੈਂਕੜੇ ਲਗਾਏ ਹਨ। ਇਸ ਸਮੂਹ 'ਚ ਸਰ ਡਾਨ ਬ੍ਰੈਡਮੈਨ, ਬ੍ਰਾਇਨ ਲਾਰਾ, ਕ੍ਰਿਸ ਗੇਲ ਤੇ ਸਹਿਵਾਗ ਸ਼ਾਮਲ ਹਨ। ਸਹਿਵਾਗ ਦੀ ਉਪਬਲਧੀ ਦਾ ਟੀਮ ਇੰਡੀਆ ਨੂੰ ਇਹ ਫਾਇਦਾ ਹੁੰਦਾ ਸੀ ਕਿ ਉਹ ਵੱਡੇ ਤੋਂ ਵੱਡੇ ਟੀਚੇ ਨੂੰ ਵੀ ਘੱਟ ਸਮੇਂ 'ਚ ਹਾਸਲ ਕਰ ਸਕਦੀ ਸੀ। ਵੀਰੂ ਨੇ ਮਾਰਚ 2008 'ਚ ਚੇਨਈ 'ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਸਿਰਫ਼ 287 ਗੇਂਦਾਂ 'ਚ ਤੀਹਰਾ ਸੈਂਕੜਾ ਲਗਾ ਕੇ ਮੈਥਿਊ ਹੇਡਨ ਦਾ ਸਭ ਤੋਂ ਤੇਜ਼ ਤੀਹਰੇ ਸੈਂਕੜੇ ਦਾ ਰਿਕਾਰਡ ਤੋੜ ਦਿੱਤਾ ਸੀ। ਹੇਡਨ ਨੇ 2003-04 'ਚ ਜ਼ਿੰਬਾਬਵੇ ਖ਼ਿਲਾਫ਼ ਪਰਥ 'ਚ 362 ਗੇਂਦਾਂ 'ਚ ਤੀਹਰਾ ਸੈਂਕੜਾ ਲਗਾਇਆ ਸੀ। ਸਹਿਵਾਗ ਭਾਰਤ ਵੱਲੋਂ ਤੀਹਰਾ ਸੈਂਕੜਾ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ।

ਸਹਿਵਾਗ ਮਾਰਚ 2004 'ਚ 'ਮੁਲਤਾਨ ਦੇ ਸੁਲਤਾਨ' ਬਣੇ ਸਨ ਜਦੋਂ ਉਨ੍ਹਾਂ ਪਾਕਿਸਤਾਨ ਖ਼ਿਲਾਫ਼ 29 ਮਾਰਚ ਨੂੰ ਤੀਹਰਾ ਸੈਂਕੜਾ ਲਗਾਇਆ ਸੀ, ਇਹ ਟੈਸਟ ਕ੍ਰਿਕਟ 'ਚ ਭਾਰਤ ਵੱਲੋਂ ਪਹਿਲਾਂ ਤੀਹਰਾ ਸੈਂਕੜਾ ਸੀ। ਨਜ਼ਫਗੜ੍ਹ ਦੇ 'ਸੁਲਤਾਨ' ਵੀਰੂ ਨੂੰ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ 'ਚ ਧਮਾਕੇਦਾਰ ਪ੍ਰਦਰਸ਼ਨ ਦੇ ਬਾਵਜੂਦ ਉਹੋ ਜਿਹਾ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ। ਅਜਿਹਾ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਆਪਣਾ ਕ੍ਰਿਕਟ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ ਤੇ ਵੀਵੀਐੱਸ ਲਕਸ਼ਮਣ ਵਰਗੇ ਮਹਾਨ ਕ੍ਰਿਕਟਰਾਂ ਦੇ ਸਮੇਂ ਖੇਡਿਆ। ਸਹਿਵਾਗ ਨੇ 8 ਦਸੰਬਰ 2011 ਨੂੰ ਇੰਦੌਰ 'ਚ ਉਸ ਸਮੇਂ ਇਤਿਹਾਸ ਰਚਿਆ ਸੀ ਜਦੋਂ ਉਹ ਕੌਮਾਂਤਰੀ ਵਨਡੇਅ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣੇ ਸਨ। ਉਨ੍ਹਾਂ ਵੈਸਟਇੰਡੀਜ਼ ਖ਼ਿਲਾਫ਼ 2019 ਦੌੜਾਂ ਦੀ ਵਿਸਫੋਟਕ ਪਾਰੀ ਖੇਡਦੇ ਹੋਏ ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਤੋੜ ਦਿੱਤਾ ਸੀ।

ਸਹਿਵਾਗ ਨੇ 104 ਟੈਸਟ ਮੈਚਾਂ 'ਚ 49.34 ਦੀ ਔਸਤ ਨਾਲ 8586 ਦੌੜਾਂ ਬਣਾਈਆਂ। ਉਨ੍ਹਾਂ ਇਸ ਦੌਰਾਨ 23 ਸੈਂਕੜੇ ਤੇ 32 ਅਰਧ ਸੈਂਕੜੇ ਲਗਾਏ। 251 ਕੌਮਾਂਤਰੀ ਵਨਡੇਅ 'ਚ 35.05 ਦੀ ਔਸਤ ਨਾਲ 8273 ਦੌੜਾਂ ਬਣਾਈਆਂ। ਉਨ੍ਹਾਂ ਦਾ ਸਰਬਉੱਚ ਸਕੋਰ 319 ਰਿਹਾ। ਉਨ੍ਹਾਂ ਇਸ ਦੌਰਾਨ 15 ਸੈਂਕੜੇ ਤੇ 38 ਅਰਧ ਸੈਂਕੜੇ ਲਗਾਏ ਸਨ। ਉਨ੍ਹਾਂ ਦਾ ਸਰਬਉੱਚ ਸਕੋਰ 219 (ਵਨਡੇਅ) ਰਿਹਾ। ਉਨ੍ਹਾਂ 19 ਕੌਮਾਂਤਰੀ ਟੀ20 ਮੈਚਾਂ 'ਚ ਭਾਰਤ ਦੀ ਅਗਵਾਈ ਕੀਤੀ।

Posted By: Akash Deep