ਅਭਿਸ਼ੇਕ ਤ੍ਰਿਪਾਠੀ, ਨਵੀਂ ਦਿੱਲੀ : ਜੇਕਰ ਮੈਨੂੰ ਕਿਹਾ ਜਾਵੇ ਕਿ ਕਿਸੇ ਅਜਿਹੇ ਕ੍ਰਿਕਟਰ ਦਾ ਨਾਂ ਦੱਸੋ ਜਿਸ ਦੀ ਬੱਲੇਬਾਜ਼ੀ ਤਕਨੀਕ ਸਰਬੋਤਮ ਸੀ, ਜੋ ਸ਼ੁਰੂਆਤੀ ਓਵਰਾਂ 'ਚ ਵੈਸਟਇੰਡੀਜ਼ ਦੇ 6-7 ਫੁੱਟ ਲੰਬੇ ਖੂੰਖਾਰ ਤੇਜ਼ ਗੇਂਦਾਬਾਜ਼ਾਂ ਨੂੰ ਬੜੀ ਇਕਾਗਰਤਾ ਤੇ ਹੌਸਲੇ ਨਾਲ ਖੇਡਦਾ ਸੀ, ਜੋ ਬੱਲੇਬਾਜ਼ੀ ਦੌਰਾਨ ਪਿੱਚ 'ਤੇ ਆਪਣੀ ਪਾਰੀ ਨੂੰ ਜਿਸ ਢੰਗ ਨਾਲ ਲਿਖਦਾ ਸੀ, ਉਸੇ ਤਰ੍ਹਾਂ ਹੀ ਸੰਨਿਆਸ ਤੋਂ ਬਾਅਦ ਕ੍ਰਿਕਟ ਦੀਆਂ ਗੱਲਾਂ ਨੂੰ ਅਖਬਾਰ ਦੇ ਪੰਨਿਆਂ 'ਤੇ ਉਤਾਰਨ ਲੱਗਾ ਤਾਂ ਇੱਕੋ ਹੀ ਨਾਂ ਜ਼ਿਹਨ 'ਚ ਆਵੇਗਾ ਤੇ ਉਹ ਹੈ 'ਦਿ ਗ੍ਰੇਟ ਸੁਨੀਲ ਗਾਵਸਕਰ'।

ਅੱਜ 71 ਸਾਲ ਦੇ ਹੋ ਗਏ 5 ਫੁੱਟ 5 ਇੰਚ ਲੰਬੇ ਸੁਨੀਲ ਜਦੋਂ ਬਿਨਾਂ ਹੈਲਮਟ ਪਹਿਨੇ ਦੁਨੀਆ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਬੇਧੜਕ ਖੜ੍ਹੇ ਹੁੰਦੇ ਸਨ ਤਾਂ ਹਰੇਕ ਭਾਰਤੀ ਦਾ ਸਿਰ ਵੀ ਉੱਚਾ ਹੁੰਦਾ ਸੀ। ਉਨ੍ਹਾਂ ਨੂੰ ਲਗਦਾ ਸੀ ਕਿ ਕ੍ਰਿਕੇਟ ਦੀ ਦੁਨੀਆ 'ਚ ਹੀ ਸਹੀ ਕੋਈ ਕੋਈ ਅਜਿਹਾ ਭਾਰਤੀ ਤਾਂ ਹੈ ਜਿਹੜੇ ਉਨ੍ਹਾਂ ਦਾ ਸਨਮਾਨ ਵਧਾ ਰਿਹਾ ਹੈ। ਇਕਾਗਰਤਾ ਸੁਨੀਲ ਗਾਵਸਕਰ 'ਚ ਪਰਮਾਤਮਾ ਵੱਲੋਂ ਬਖ਼ਸ਼ਿਆ ਗੁਣ ਸੀ। ਉਨ੍ਹਾਂ ਦੀ ਇਕਾਗਰਤਾ ਦਾ ਪੱਧਰ ਸੋਚ ਤੋਂ ਪਰ੍ਹੇ ਸੀ। ਇਕ ਵਾਰ ਜਦੋਂ ਉਹ ਆਪਣੀ ਜ਼ੋਨ 'ਚ ਆਉਂਦੇ ਸਨ ਤਾਂ ਉਨ੍ਹਾਂ ਦੇ ਨੇੜੇ ਕੋਈ ਨਹੀਂ ਟਿਕਦਾ ਸੀ ਤੇ ਉਹ ਕਿਸੇ ਦੀ ਨਹੀਂ ਸੁਣਦੇ ਸਨ। ਜੇਕਰ ਤੁਸੀਂ ਉਨ੍ਹਾਂ ਦੇ ਸਾਹਮਣੇ ਗੱਲ ਕਰ ਰਹੇ ਹੋ ਜਾਂ ਨੱਚ ਰਹੇ ਹੋ, ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਤੇ ਉਨ੍ਹਾਂ ਦਾ ਧਿਆਨ ਸਿਰਫ਼ ਕ੍ਰਿਕਟ 'ਤੇ ਹੀ ਰਹਿੰਦਾ ਸੀ।

10 ਸਾਲ ਬਾਅਦ ਮੁੰਬਈ 'ਚ ਜਨਮਦਿਨ ਮਨਾਉਣਗੇ : ਸੁਨੀਲ ਗਾਵਸਕਰ ਕ੍ਰਿਕਟ, ਖਾਸਤੌਰ 'ਤੇ ਭਾਰਤੀ ਕ੍ਰਿਕਟ ਦਾ ਅਜਿਹਾ ਨਾਂ ਹੈ ਜਿਹੜਾ ਜੇਕਰ ਇਸ ਖੇਡ ਨਾਲ ਸਬੰਧਤ ਕੋਈ ਗੱਲ ਕਰਦਾ ਹੈ ਤਾਂ ਉਸ ਨੂੰ ਦੁਨੀਆ ਸੁਣਦੀ ਹੈ। ਉਹ ਜਿਸ ਪ੍ਰਤਿਭਾ ਦੀ ਤਾਰੀਫ ਕਰਦੇ ਹਨ ਉਹ ਕੌਮਾਂਤਰੀ ਜਗਤ 'ਚ ਨਾਂ ਕਮਾਉਂਦੀ ਹੈ, ਉਹ ਚਾਹੇ ਸਚਿਨ ਤੇਂਦੁਲਕਰ ਹੋਵੇ ਜਾਂ ਰਿਸ਼ਭ ਪੰਤ। ਉਨ੍ਹਾਂ ਦੀ ਪਾਰਖੀ ਨਜ਼ਰ ਕਮਾਲ ਦੀ ਹੈ। 6 ਮਾਰਚ 1971 ਨੂੰ ਪੋਰਟ ਆਫ ਸਪੇਨ 'ਚ ਵੈਸਟਇੰਡੀਜ਼ ਖ਼ਿਲਾਫ਼ ਪਹਿਲਾ ਟੈਸਟ ਮੈਚ ਖੇਡਣ ਵਾਲੇ ਗਾਵਸਕਰ ਨੇ 5 ਨਵੰਬਰ 1987 ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਇੰਗਲੈਂਡ ਖ਼ਿਲਾਫ਼ ਆਖ਼ਿਰੀ ਵਨਡੇ ਖੇਡਿਆ।

ਉਨ੍ਹਾਂ ਕ੍ਰਿਕਟਰ ਦੇ ਤੌਰ 'ਤੇ ਇਸ ਖੇਡ ਤੋਂ ਜ਼ਰੂਰ ਸੰਨਿਆਸ ਲਿਆ ਪਰ ਉਸ ਤੋਂ ਬਾਅਦ ਕਮੈਂਟੇਟਰ ਤੇ ਲੇਖ ਦੇ ਤੌਰ 'ਤੇ ਕ੍ਰਿਕਟ ਨਾਲ ਹੋਰ ਜ਼ਿਆਦਾ ਜੁੜ ਗਏ। ਇਹੀ ਕਾਰਨ ਸੀ ਕਿ ਉਨ੍ਹਾਂ ਪਿਛਲੇ 10 ਸਾਲ ਤੋਂ ਆਪਣਾ ਜਨਮਦਿਨ ਮੁੰਬਈ 'ਚ ਨਹੀਂ ਮਨਾਇਆ। ਉਹ ਇਸ ਦੌਰਾਨ ਕਿਸੇ ਨਾ ਕਿਸੇ ਦੌਰੇ 'ਤੇ ਕਮੈਂਟਰੀ ਕਰ ਰਹੇ ਸਨ। ਉਨ੍ਹਾਂ ਦੈਨਿਕ ਜਾਗਰਣ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਕ੍ਰਿਕਟ ਸਬੰਧੀ ਗਤੀਵਿਧੀਆਂ ਬੰਦ ਹੋਣ ਕਾਰਨ ਉਨ੍ਹਾਂ ਨੂੰ 10 ਸਾਲ ਬਾਅਦ ਮੁੰਬਈ 'ਚ ਪਰਿਵਾਰ ਨਾਲ ਜਨਮਦਿਨ ਮਨਾਉਣ ਦਾ ਮੌਕਾ ਮਿਲਿਆ ਹੈ।

ਇਕ ਨਹੀਂ, ਦੋ ਫੋਟੋ ਖਿੱਚੋ : ਭਾਰਤ ਦੇ ਮੌਜੂਦਾ ਨੌਜਵਾਨਾਂ 'ਚ ਜ਼ਿਆਦਾਤਰ ਉਹ ਲੋਕ ਹਨ ਜਿਨ੍ਹਾਂ ਨੇ ਗਾਵਸਕਰ ਨੂੰ ਲਾਈਵ ਬੱਲੇਬਾਜ਼ੀ ਕਰਦਿਆਂ ਨਹੀਂ ਦੇਖਇਆ, ਪਰ ਸ਼ਾਇਦ ਹੀ ਅਜਿਹਾ ਕੋਈ ਹੋਵੇ ਜਿਹੜਾ ਉਨ੍ਹਾਂ ਨੂੰ ਨਾ ਜਾਣਦਾ ਹੋਵੇ। ਇਹੀ ਕਾਰਨ ਹੈ ਕਿ ਜਦੋਂ ਵੀ ਦੇਸ਼-ਵਿਦੇਸ਼ 'ਚ ਕਮੈਂਟਰੀ ਕਰਨ ਜਾਂਦੇ ਹਨ ਤਾਂ ਅੱਜਕਲ੍ਹ ਦੇ ਕ੍ਰਿਕਟਰਾਂ ਨਾਲੋਂ ਜ਼ਿਆਦਾ ਭਿੜ ਉਨ੍ਹਾਂ ਨਾਲ ਸੈਲਫੀ ਖਿਚਵਾਉਣ ਲਈ ਦੌੜਦੀ ਹੈ।

Posted By: Seema Anand